ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 857

ajit_weeklyਮਨੁੱਖਾਂ ਅਤੇ ਇਸ ਧਰਤੀ ‘ਤੇ ਵਸਦੇ ਦੂਸਰੇ ਜਾਨਵਰਾਂ ਦਰਮਿਆਨ ਖ਼ਾਸ ਫ਼ਰਕ ਕੀ ਹਨ? ਜਦੋਂ ਕਿ ਇਹ ਵਿਸ਼ਾ ਆਸਾਨੀ ਨਾਲ ਤਿੰਨ ਚਾਰ ਘੰਟਿਆਂ ਤੋਂ ਵੀ ਲੰਬੀ ਬਹਿਸ ਦੀ ਮੰਗ ਕਰਦਾ ਹੈ, ਇੱਕ ਸੰਭਾਵੀ ਜਵਾਬ ਐਸਾ ਹੈ ਜਿਹੜਾ ਸਾਰੇ ਮਨੁੱਖਾਂ ਉੱਪਰ ਢੁੱਕਵਾਂ ਸਾਬਿਤ ਹੋ ਸਕਦੈ। ਇਸ ਧਰਤੀ ‘ਤੇ ਵਸਦਾ ਕੋਈ ਵੀ ਹੋਰ ਜਾਨਵਰ ਆਪਣੇ ਅੰਦਰ ਦੀ ਜਾਨਵਰ ਬਿਰਤੀ ਤੋਂ ਮਾੜਾ ਜਿੰਨਾ ਵੀ ਸ਼ਰਮਿੰਦਾ ਜਾਂ ਘਬਰਾਇਆ ਹੋਇਆ ਨਹੀਂ ਦਿਸਦਾ! ਦੂਸਰੇ ਪ੍ਰਾਣੀਆਂ ਦੇ ਵੀ ਪਿਆਰ ਕਰਨ ਦੇ ਆਪੋ ਆਪਣੇ ਢੰਗ ਤਰੀਕੇ ਤੇ ਸਲੀਕੇ ਹੋਣਗੇ, ਪਰ ਇਹ ਕੇਵਲ ਅਸੀਂ ਮਨੁੱਖ ਹੀ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਚੀਜ਼ਾਂ ਟੈਬੂ ਬਣਾਈਆਂ (ਜਾਂ ਵਰਜਿਤ ਕੀਤੀਆਂ) ਹੋਈਆਂ ਨੇ। ਇੱਕ ਸਿਹਤਮੰਦ ਭਵਿੱਖ ਲਈ, ਇਹ ਵੇਲਾ ਹੈ ਆਪਣੀ ਉਸ ਇੱਛਾ ਨੂੰ ਜ਼ਾਹਿਰ ਕਰਨ ਦਾ ਜਿਸ ਨੂੰ ਤੁਸੀਂ ਇੱਕ ਲੰਬੇ ਅਰਸੇ ਤੋਂ ਦਬਾਈ ਬੈਠੇ ਹੋ।
ਅਸੀਂ ਸਾਰੇ ਹੀ ਆਲੌਕਿਕ ਪ੍ਰਾਣੀ ਹਾਂ, ਤੁਸੀਂ ਵੀ ਤੇ ਮੈਂ ਵੀ। ਸਦੀਵੀ ਰੂਹਾਂ, ਜਿਨ੍ਹਾਂ ਨੇ ਆਰਜ਼ੀ ਤੌਰ ‘ਤੇ ਮਨੁੱਖੀ ਜਿਸਮਾਂ ਨੂੰ ਆਪਣਾ ਘਰ ਬਣਾ ਕੇ ਰੱਖਿਆ ਹੋਇਐ। ਜਾਂ, ਘੱਟੋ ਘੱਟ, ਜੇ ਅਸੀਂ ਇਸ ਵਿਸ਼ਵਾਸ ਦੇ ਧਾਰਣੀ ਹੋਈਏ ਕਿ ਇਨਸਾਨੀ ਜਿਸਮ ਨਾਸ਼ਵਾਨ ਹੈ, ਪਰ ਰੂਹਾਂ ਕਦੇ ਨਹੀਂ ਮਰਦੀਆਂ ਤਾਂ ਫ਼ਿਰ ਅਸੀਂ ਆਲੌਕਿਕ ਹੀ ਹਾਂ। ਵੈਸੇ ਸਾਡਾ ਵਿਸ਼ਵਾਸ ਚਾਹੇ ਜਿਸ ਮਰਜ਼ੀ ਧਰਮ ਵਿੱਚ ਹੋਵੇ, ਸਾਨੂੰ ਪਦਾਰਥਵਾਦੀ ਸੰਸਾਰ ਦੀ ਮਾਇਆ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਸੁਰੱਖਿਆ ਅਤੇ ਸਥਿਰਤਾ ਦੀ ਬਹੁਤ ਜ਼ਿਆਦਾ ਚਿੰਤਾ ਕਰਦੇ ਹਾਂ। ਇਹੀ ਉਹ ਚੀਜ਼ ਹੈ ਜਿਹੜੀ ਸਾਨੂੰ ਜੀਵਨ ਵਿੱਚ ਨਿਘਾਰ ਵੱਲ ਲੈ ਕੇ ਜਾਂਦੀ ਹੈ ਅਤੇ, ਮਜ਼ੇ ਦੀ ਗੱਲ ਇਹ ਵੀ ਹੈ ਕਿ, ਸਾਨੂੰ ਉਹੀ ਸਫ਼ਲਤਾ ਹਾਸਿਲ ਕਰਨ ਤੋਂ ਇਹ ਰੋਕਦੀ ਹੈ ਜਿਸ ਨੂੰ ਹਾਸਿਲ ਕਰਨ ਦੇ ਸੁਪਨੇ ਅਸੀਂ ਸਾਰੀ ਉਮਰ ਦੇਖਦੇ ਹਾਂ। ਬ੍ਰਹਿਮੰਡ ਤੁਹਾਨੂੰ ਸ਼ਾਂਤ ਰਹਿਣ ਲਈ ਪਰੇਰ ਰਿਹੈ ਤਾਂ ਕਿ ਤੁਸੀਂ ਜੀਵਨ ਵਿੱਚ ਉੱਚੇ ਪੱਧਰ ਦਾ ਰਹਿਣ ਸਹਿਣ ਪ੍ਰਾਪਤ ਕਰ ਸਕੋ।
ਦੋਸਤੀ ਅਤੇ ਰਿਸ਼ਤੇਦਾਰੀ ਵਿੱਚ ਕੀ ਫ਼ਰਕ ਹੁੰਦੈ? ਚਿੰਤਾ ਨਾ ਕਰੋ, ਇਹ ਕੋਈ ਇਮਤਿਹਾਨ ਵਿੱਚ ਪੁਛਿਆ ਜਾਣ ਵਾਲਾ ਸਵਾਲ ਨਹੀਂ। ਮੈਂ ਇਸ ਸਵਾਲ ਦੇ ਜਵਾਬ ਵਿੱਚ ਤੁਹਾਡਾ ਕੋਈ ਪਰਚਾ ਮਾਰਕ ਨਹੀਂ ਕਰਨ ਲੱਗਾ ਜਾਂ ਜੱਜਮੈਂਟ ਦੇ ਕੇ ਕੋਈ ਰਿਜ਼ਲਟ ਨਹੀਂ ਕੱਢਣ ਵਾਲਾ। ਪਰ ਇਹ ਇੱਕ ਅਜਿਹਾ ਨੁਕਤਾ ਹੈ ਜਿਸ ਨੂੰ ਉਸ ਵਕਤ ਥੋੜ੍ਹਾ ਵਿਚਾਰ ਲੈਣਾ ਚਾਹੀਦੈ ਜਦੋਂ ਅਸੀਂ ਦੂਸਰਿਆਂ ਨਾਲ ਸਮਾਜਕ ਲੈਣ ਦੇਣ ਸ਼ੁਰੂ ਕਰਦੇ ਹਾਂ। ਫ਼ੇਸਬੁੱਕ ਦੇ ਸਾਰੇ ਦੋਸਤ ਸਾਡੇ ਸੱਚਮੁੱਚ ਦੇ ਦੋਸਤ ਨਹੀਂ ਹੁੰਦੇ, ਅਸੀਂ ਆਪਣੇ ਸਾਰੇ ਸਮਾਜਕ ਜਾਣਕਾਰਾਂ (ਸੋਸ਼ਲ ਮੀਡੀਆ ਸਮੇਤ) ਨੂੰ ਬਰਾਬਰ ਦੀ ਭਾਵਨਾਤਮਕ ਵਚਨਬੱਧਤਾ ਨਹੀਂ ਦੇ ਸਕਦੇ। ਨਾ ਹੀ ਅਸੀਂ ਉਨ੍ਹਾਂ ਸਾਰਿਆਂ ਲਈ ਬਰਾਬਰ ਦੀਆਂ ਕੁਰਬਾਨੀਆਂ ਹੀ ਕਰ ਸਕਦੇ ਹਾਂ। ਸ਼ਾਇਦ ਹੁਣ ਤੁਹਾਡੇ ਲਈ ਆਪਣੇ ਜੀਵਨ ਵਿੱਚ ਇਹ ਫ਼ਰਕ ਕਰਨ ਦਾ ਵਕਤ ਆ ਚੁੱਕੈ। ਚੇਤੇ ਰੱਖਿਓ ਕਿ ਰਿਸ਼ਤੇ ਤੁਹਾਡੇ ‘ਤੇ ਥੋਪੇ ਜਾਂਦੇ ਹਨ ਅਤੇ ਦੋਸਤ ਤੁਸੀਂ ਖ਼ੁਦ ਚੁਣਦੇ ਹੋ। ਜੇ ਤੁਸੀਂ ਸਿਆਣੀ ਚੋਣ ਕਰ ਲਓਗੇ ਤਾਂ ਇਸ ਵਿੱਚ ਨੁਕਸਾਨ ਕਿਸੇ ਦਾ ਵੀ ਨਹੀਂ ਹੋਣ ਵਾਲਾ!
ਅਸੀਂ ਇੱਕ ਦੂਸਰੇ ਤੋਂ ਬਹੁਤ ਸਾਰੀਆਂ ਆਸਾਂ ਲਗਾ ਬੈਠਦੇ ਹਾਂ ਜਦੋਂ ਕਿ ਤਜਰਬਾ ਸਾਨੂੰ ਬਹੁਤ ਛੇਤੀ ਹੀ ਇਹ ਸਿਖਾ ਦਿੰਦੈ ਕਿ ਸਾਨੂੰ ਦੂਸਰਿਆਂ ਤੋਂ ਬਹੁਤੀ ਤਵੱਕੋ ਨਹੀਂ ਰਖਣੀ ਚਾਹੀਦੀ। ਪਰ ਉਮੀਦ, ਕਹਿੰਦੇ ਨੇ, ਸਦਾ ਕਾਇਮ ਰਹਿੰਦੀ ਹੈ ਕਿਉਂਕਿ ਇਸੇ ‘ਤੇ ਤਾਂ ਸਾਡਾ ਜਹਾਨ ਕਾਇਮ ਹੈ। ਮਨੁੱਖ ਅਸਥਾਈ ਹੈ, ਨਾਸ਼ਵਾਨ ਹੈ। ਇਸੇ ਲਈ ਇਸ ਜਹਾਨ ਵਿੱਚ ਉਮੀਦਾਂ ਇਨਸਾਨਾਂ ਨਾਲੋਂ ਵਧੇਰੇ ਗਿਣਤੀ ਵਿੱਚ ਹਨ। ਕੀ ਇਹ ਕੋਈ ਬਹੁਤ ਬੁਰੀ ਗੱਲ ਹੈ? ਸ਼ਾਇਦ ਤੁਸੀਂ ਇਸ ਵਕਤ ਆਪਣੀ ਕਿਸੇ ਅਤ੍ਰਿਪਤ ਲੋੜ ਬਾਰੇ ਸੁਚੇਤ ਹੋ ਰਹੇ ਹੋ। ਤੁਸੀਂ ਇਸ ਦੀ ਪੂਰਤੀ ਦੀ ਤਵੱਕੋ ਨਹੀਂ ਕਰ ਸਕਦੇ (ਘੱਟੋ ਘੱਟ ਫ਼ੌਰਨ ਤਾਂ ਬਿਲਕੁਲ ਵੀ ਨਹੀਂ), ਪਰ ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਤੁਸੀਂ ਉਮੀਦ ਕਰਨਾ ਹੀ ਬੰਦ ਕਰ ਦਿਓ!
ਸਾਡੀਆਂ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀਆਂ ਕੇਵਲ ਆਪਣੇ ਸਾਥੀ ਇਨਸਾਨਾਂ ਨਾਲ ਸਾਡੇ ਲੈਣ ਦੇਣ ਤਕ ਹੀ ਸੀਮਿਤ ਨਹੀਂ ਹੁੰਦੀਆਂ। ਅਸੀਂ ਆਪਣੇ ਪਾਲਤੂ ਜਾਨਵਰਾਂ ਜਾਂ ਪੇੜ ਪੌਦਿਆਂ ਦੇ ਵੀ ਨਜ਼ਦੀਕ ਮਹਿਸੂਸ ਕਰ ਸਕਦੇ ਹਾਂ। ਕਿਉਂਕਿ ਅਸੀਂ ਉਨ੍ਹਾਂ ਨੂੰ ਪਾਲਿਆ ਹੁੰਦੈ, ਕਿਉਂਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਸੋ ਅਸੀਂ ਉਨ੍ਹਾਂ ਬਾਰੇ ਥੋੜ੍ਹੀ ਚਿੰਤਾ ਕੀਤੇ ਬਿਨਾ ਵੀ ਨਹੀਂ ਰਹਿ ਸਕਦੇ। ਕੀ ਇਹ ਵਿਅਰਥ ਦੀ ਚਿੰਤਾ ਹੈ? ਸ਼ਾਇਦ ਨਹੀਂ, ਜੇਕਰ ਇਹ ਕਿਸੇ ਅਜਿਹੀ ਸਥਿਤੀ ਵਿੱਚ ਉਸਾਰੂ ਦਖ਼ਲ ਦਿੰਦੀ ਹੈ ਜਿਹੜੀ ਉਂਝ ਅਣਗੌਲੀ ਹੀ ਰਹਿ ਜਾਣੀ ਸੀ ਤਾਂ ਬਿਲਕੁਲ ਨਹੀਂ। ਤੁਸੀਂ, ਕਿਸੇ ਬੰਦੇ ਜਾਂ ਕਿਸੇ ਸਥਿਤੀ ਵਿੱਚ, ਸਹੀ ਵਕਤ ‘ਤੇ ਸਹੀ ਸ਼ੈਅ ਕਰਨ ਜਾ ਰਹੇ ਹੋ। ਬਸ, ਆਪਣੀ ਕਾਬਲੀਅਤ ਵਿੱਚ ਵਿਸ਼ਵਾਸ ਰੱਖਿਓ!
ਹਰ ਰਿਸ਼ਤੇ ਵਿੱਚ ਇੱਕ ਬੱਚਾ ਹੁੰਦੈ, ਉਨ੍ਹਾਂ ਰਿਸ਼ਤਿਆਂ ਵਿੱਚ ਵੀ ਜਿਨ੍ਹਾਂ ਵਿੱਚ ਕੋਈ ਵੀ ਬੱਚਾ ਨਹੀਂ ਹੁੰਦਾ! ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਨਾਲ ਭਾਵਨਾਤਮਕ ਪੱਧਰ ‘ਤੇ ਸਬੰਧ ਬਣਾਉਂਦੇ ਹਾਂ ਤਾਂ ਅਸੀਂ ਉਨ੍ਹਾਂ ਦੀਆਂ ਦਿਲਚਸਪੀਆਂ, ਯੋਜਨਾਵਾਂ ਜਾਂ ਉਨ੍ਹਾਂ ਦੇ ਮਨਪਸੰਦ ਵਿਅਕਤੀਆਂ ਲਈ ਸਾਂਝੇ ਤੌਰ ‘ਤੇ ਜ਼ਿੰਮੇਵਾਰ ਬਣ ਜਾਂਦੇ ਹਾਂ। ਫ਼ਿਰ ਅਚਾਨਕ ਅਵੇਸਲੇਪਨ ਵਿੱਚ ਸਾਡੇ ਵਤੀਰਿਆਂ ਵਿੱਚ ਇੱਕ ਅਜਿਹੀ ਤਬਦੀਲੀ ਆਉਂਦੀ ਹੈ ਜਿਹੜੀ ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸਾਡਾ ਬਹੁਤ ਹੀ ਨੇੜਲਾ ਰਿਸ਼ਤਾ ਬੱਚਿਆਂ ਵਾਂਗ (ਜਾਂ ਬਚਕਾਨਾ) ਵਿਹਾਰ ਕਰਨ ਲੱਗ ਪਵੇ। ਤੁਹਾਡੇ ਸੰਸਾਰ ਵਿੱਚ ਇਸ ਵਕਤ ਕੋਈ, ਕਿਤੇ, ਇੱਕ ਵੱਡੇ ਬੱਚੇ ਵਾਂਗ ਵਿਹਾਰ ਕਰ ਰਿਹੈ। ਉਮੀਦ ਕਰਦੇ ਹਾਂ ਕਿ ਉਹ ਤੁਸੀਂ ਨਹੀਂ!

LEAVE A REPLY