ਜੇਕਰ ਉਹ ਸਾਡੇ ਕੋਲੋਂ ਉਸ ਹਵਾ ਦੀ ਵੀ ਕੀਮਤ ਵਸੂਲ ਸਕਦੇ ਜਿਸ ‘ਚ ਅਸੀਂ ਸਾਹ ਲੈਂਦੇ ਹਾਂ ਤਾਂ ਉਹ ਅਜਿਹਾ ਜ਼ਰੂਰ ਕਰਦੇ। ਸੱਚੀ, ਇਹ ਦੇਖਦਿਆਂ ਕਿ ਅਸੀਂ ਸਾਰੇ ਇੱਕ ਪੂੰਜੀਵਾਦੀ ਆਦਰਸ਼ਲੋਕ ‘ਚ ਵਿਚਰਦੇ ਹਾਂ ਅਤੇ ਆਰਥਿਕ ਮੰਦੀ ਦੀ ਬੇਕਿਰਕ ਮਾਰ ਸਹਿੰਦੇ ਰਹੇ ਅਤੇ ਹੁਣ ਵੀ ਝੱਲ ਰਹੇ ਹਾਂ, ਕੁਦਰਤ ਤੋਂ ਸਭ ਕੁਝ ਲਗਾਤਾਰ ਮੁਫ਼ਤ ‘ਚ ਭਾਲਦੇ ਰਹਿਣਾ ਸ਼ਾਇਦ ਬਹੁਤ ਗ਼ੈਰਵਾਜਿਬ ਹੋਵੇਗਾ। ਇਹ ਪਾਣੀ, ਸੂਰਜ ਦੀ ਰੌਸ਼ਨੀ, ਦਰਖ਼ਤਾਂ, ਪੰਛੀਆਂ, ਆਦਿ ਨਾਲ ਆਖ਼ਿਰ ਕੀ ਹੋ ਰਿਹੈ? ਇਨ੍ਹਾਂ ਸਭ ਚੀਜ਼ਾਂ ਦੀ ਸਪਲਾਈ ਵੀ ਸੀਮਿਤ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਮੰਡੀਆਂ ਨੂੰ ਬਿਹਤਰ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ! ਪਰ ਜੇ ਬਹੁਤ ਜ਼ਿਆਦਾ ਹਵਾ ਕਾਰਨ ਮਹਿੰਗਾਈ ਵਧਦੀ ਵੀ ਹੈ, ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਬਹੁਤ ਜ਼ਿਆਦਾ ਆਨੰਦ ਛੇਤੀ ਹੀ ਤੁਹਾਡੇ ਲਈ ਸਭ ਕੁਝ ਕੇਵਲ ਚੰਗਾ ਹੀ ਕਰੇਗਾ।
ਆਪਣੇ ਭਾਵਨਾਤਮਕ ਜੀਵਨ ‘ਚ ਐਕਸਰਸਾਈਜ਼ ਸਾਈਕਲ ਵਾਲੇ ਹਾਲਾਤ ਜਾਂ ਲੱਛਣ ਪੈਦਾ ਕਰਨ ਤੋਂ ਸਾਵਧਾਨ ਰਹਿਓ! ਕਿਹੜੇ ਲੱਛਣ? ਪੈਡਲ ਮਾਰ-ਮਾਰ ਕੇ ਕੈਲੋਰੀਜ਼ ਘਟਾਉਣ ਅਤੇ ਸ਼ਰੀਰਕ ਤਾਕਤ ‘ਚ ਵਾਧਾ ਕਰਨ ਦੀ ਕੋਸ਼ਿਸ਼। ਕਲਪਨਾ ਕਰੋ ਤੁਸੀਂ ਕਿੰਨੇ ਨਿਰਾਸ਼ ਮਹਿਸੂਸ ਕਰਦੇ ਜੇਕਰ ਤੁਹਾਨੂੰ ਆਪਣੇ ਪੈਰ ਇੰਝ ਹੀ ਮਾਰ ਕੇ ਇਹ ਉਮੀਦ ਕਰਨੀ ਪੈਂਦੀ ਕਿ ਤੁਸੀਂ ਸੱਚਮੁੱਚ ਕਿਸੇ ਸਥਾਨ ਦੀ ਯਾਤਰਾ ‘ਤੇ ਪਹੁੰਚਣ ਵਾਲੇ ਹੋ। ਤੁਸੀਂ ਹੇਠਾਂ ਉਤਰਦੇ ਹੋ, ਥੱਕਾਵਟ ਨਾਲ ਚੂਰ, ਸਿਰਫ਼ ਇਸ ਹਕੀਕਤ ਦਾ ਅਹਿਸਾਸ ਕਰਨ ਲਈ ਕਿ ਤੁਸੀਂ ਤਾਂ ਇੱਕ ਇੰਚ ਵੀ ਅੱਗੇ ਨਹੀਂ ਵਧੇ। ਇਸ ਵਕਤ ਇਸ ਗੱਲ ਦਾ ਅਸਲੀ ਖ਼ਤਰਾ ਹੈ ਕਿ ਤੁਸੀਂ ਕਿਸੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ‘ਚ ਆਪਣਾ ਸਮਾਂ ਜ਼ਾਇਆ ਕਰੋਗੇ। ਪਰ ਜਦੋਂ ਤੁਸੀਂ ਉਹ ਸਭ ਕਰ ਲਿਆ ਜੋ ਤੁਸੀਂ ਕਰ ਸਕਦੇ ਹੋ ਤਾਂ ਤੁਹਾਡੀ ਉਪਲਬਧੀ ਆਖ਼ਿਰ ਕੀ ਹੋਵੇਗੀ? ਫ਼ਾਲਤੂ ਦੇ ਕਾਰਜਾਂ ਤੋਂ ਬਚੋ।
ਤੁਹਾਨੂੰ ਕਿਸੇ ਭਾਵਨਾਤਮਕ ਮਾਮਲੇ ‘ਚ ਨਵੀਂ ਜਾਣਕਾਰੀ ਕਿਉਂ ਚਾਹੀਦੀ ਹੈ? ਤਾਂ ਕਿ ਤੁਸੀਂ ਇਹ ਫ਼ੈਸਲਾ ਕਰ ਸਕੋ ਕਿ ਉਨ੍ਹਾਂ ਸੈਂਕੜੇ ਉਪਲਬਧ ਪੁਰਾਣੇ ਹੱਲਾਂ ‘ਚੋਂ ਕਿਹੜੇ ਨੂੰ ਤੁਸੀਂ ਆਪਣੀ ਚਲੰਤ ਮੁਸ਼ਕਿਲ ਲਈ ਵਰਤਣੈ? ਵੈਸੇ ਤੁਹਾਨੂੰ ਇਹ ਸਰਾਸਰ ਪਤੈ ਕਿ ਕੀ ਕਰਨਾ ਚਾਹੀਦਾ ਹੈ। ਅਸੀਂ ਇੱਕ ਅਜਿਹੀ ਸਥਿਤੀ ਨਾਲ ਨਜਿੱਠ ਰਹੇ ਹਾਂ ਜਿਸ ਲਈ ਤਜਰਬਿਆਂ ਦਾ ਤੁਹਾਡਾ ਮੌਜੂਦਾ ਭੰਡਾਰ ਹੀ ਕਾਫ਼ੀ ਹੈ। ਸਿਰਫ਼ ਇੱਕ ਗੱਲ ਹੈ, ਹੋ ਸਕਦੈ ਤੁਸੀਂ ਗ਼ਲਤੀ ਨਾਲ ਉਸ ਨੂੰ ਮਸਲਾ ‘ੳ’ ਸਮਝਦੇ ਹੋਵੋ ਜਿਸ ਲਈ ਰਣਨੀਤੀ ‘ਵ’ ਵਰਤਣ ਦੀ ਲੋੜ ਹੈ ਜਦੋਂ ਕਿ ਉਹ, ਦਰਅਸਲ, ਮਸਲਾ ‘ਅ’ ਹੈ ਜਿਸ ਲਈ ਨੀਤੀ ‘ੜ’ ਇਸਤੇਮਾਲ ਕਰਨੀ ਪਵੇਗੀ। ਥੋੜ੍ਹੇ ਜਿਹੇ ਹੋਰ ਸਵਾਲ ਪੁੱਛੋ, ਅਤੇ ਤੁਹਾਨੂੰ ਸਪੱਸ਼ਟ ਨਤੀਜਾ ਮਿਲ ਜਾਵੇਗਾ, ਜਿਸ ਤੋਂ ਬਾਅਦ ਸਭ ਕੁਝ ਸੌਖਾ ਹੋ ਜਾਵੇਗਾ।
ਬਹੁਤ ਸਾਲ ਪਹਿਲਾਂ, ਕੁਝ ਘਰਾਂ, ਬਾਰਾਂ-ਰੈਸਟੋਰੈਂਟਾਂ, ਦਫ਼ਤਰਾਂ, ਆਦਿ ‘ਚ ਲੋਕ ਆਮ ਤੌਰ ‘ਤੇ ਇੱਕ ਸਵੀਅਰ ਬੌਕਸ (Swear Box) ਭਾਵ ਗਾਲ੍ਹਾਂ ਵਾਲਾ ਡੱਬਾ ਰੱਖਦੇ ਸਨ। ਹਰ ਵਾਰ ਜਦੋਂ ਵੀ ਕਿਸੇ ਨੇ ਕੋਈ ਅਪ੍ਰਵਾਨਿਤ ਸ਼ਬਦ ਵਰਤਣਾ ਤਾਂ ਜੁਰਮਾਨੇ ਦੇ ਤੌਰ ‘ਤੇ ਉਸ ਨੂੰ ਇੱਕ ਨਿਰਧਾਰਿਤ ਰਾਸ਼ੀ ਉੱਥੇ ਪਏ ਹੋਏ ਇੱਕ ਟਿਨ ਦੇ ਡੱਬੇ ‘ਚ ਪਾਉਣੀ ਪੈਂਦੀ ਸੀ। ਤੁਸੀਂ ਵੀ ਇਸ ਵਕਤ ਅਜਿਹਾ ਕੋਈ ਵਰਜਕ ਵਰਤ ਸਕਦੇ ਹੋ ਜਿਸ ਨਾਲ ਤੁਸੀਂ ਅਜਿਹੀਆਂ ਟਿੱਪਣੀਆਂ ਨਾ ਕਰੋ ਜਿਹੜੀਆਂ ਕੰਨਾਂ ਨੂੰ ਸੁਣਨ ‘ਚ ਤਾਂ ਬੇਸ਼ੱਕ ਬਹੁਤੀਆਂ ਅਪਮਾਨਜਨਕ ਨਾ ਲੱਗਦੀਆਂ ਹੋਣ, ਪਰ ਉਹ ਤੁਹਾਡੀ ਖ਼ੁਦ ਦੀ ਸਲਾਮਤੀ ਲਈ ਨੁਕਸਾਨਦੇਹ ਹਨ। ਕਿਰਪਾ ਕਰ ਕੇ, ਅਜਿਹੇ ਸ਼ਬਦ ਜਾਂ ਸਤਰਾਂ ਤੋਂ ਪਰਹੇਜ਼ ਕਰੋ ਜਿਵੇਂ ‘ਇੱਕ ਦਿਨ’, ਅਤੇ ‘ਕੇਵਲ ਜੇ’। ਆਪਣੀ ਸ਼ਬਦਾਵਲੀ ‘ਚੋਂ ‘ਨਾਮੁਮਕਿਨ’ ਵਰਗੇ ਅਸ਼ਲੀਲ ਲਫ਼ਜ਼ਾਂ ਨੂੰ ਵੀ ਕੱਢ ਬਾਹਰ ਮਾਰੋ।
ਕਲਪਨਾ ਕਰੋ ਸਾਡੀਆਂ ਜ਼ਿੰਦਗੀਆਂ ਦਾ ਹਸ਼ਰ ਕੀ ਹੁੰਦਾ ਜੇ ਸਾਨੂੰ ਲੋਕਾਂ ਦੀ ਕਹੀ ਹਰ ਗੱਲ ਨੂੰ ਉਸ ਦੇ ਸ਼ਾਬਦਿਕ ਅਰਥ ਅਨੁਸਾਰ ਹੀ ਸਮਝਣਾ ਅਤੇ ਲਾਗੂ ਕਰਨਾ ਪੈਂਦਾ, ਭਾਵ ਉਸ ਨੂੰ ਉਸ ਦੀ ਫ਼ੇਸ ਵੈਲਿਊ ‘ਤੇ ਲੈਣਾ ਪੈਂਦਾ। ਜਦੋਂ ਕਿਸੇ ਦੁਕਾਨ ਦਾ ਕੋਈ ਸਹਾਇਕ ਕਰਮਚਾਰੀ ਸਾਨੂੰ ਕਹੇ, ”ਤੁਹਾਡਾ ਦਿਨ ਵਧੀਆ ਗੁਜ਼ਰੇ,” ਅਸੀਂ ਉਸ ਨੂੰ ਇੱਕ ਨਿਰਦੇਸ਼ ਸਮਝ ਕੇ ਇਹ ਤਹੱਈਆ ਕਰ ਲਈਏ ਕਿ ਰਾਤ ਮੁੱਕਣ ਤਕ ਅਸੀਂ ਆਨੰਦ ਹੀ ਆਨੰਦ ਮਾਣਨੈ। ਕੋਈ ਦੋਸਤ ਆਪਣੀ ਫ਼ੋਨ ਕਾਲ ਖ਼ਤਮ ਕਰਦਾ ਹੋਇਆ ਕਹਿੰਦੈ, ”ਆਪਣਾ ਖ਼ਿਆਲ ਰੱਖਿਓ।” ਅਤੇ ਬੱਸ ਫ਼ਿਰ ਕੀ! ਹੁਣ ਅਸੀਂ ਘੰਟਿਆਂ ਬੱਧੀ ਪੂਰੀ ਤਰ੍ਹਾਂ ਨਾਲ ਚੌਕਸ ਹਾਂ … ਸੰਭਾਵਿਤ ਦੁਰਘਟਨਾਵਾਂ, ਤਬਾਹੀਆਂ, ਇੱਥੋਂ ਤਕ ਕਿ ਹਮਲਾਵਰਾਂ ਦੀ ਟੋਹ ਲੈਂਦੇ ਹੋਏ! ਜੇਕਰ ਕੋਈ ਸ਼ੈਅ ਤੁਹਾਨੂੰ ਤੰਗ ਕਰ ਰਹੀ ਹੈ ਤਾਂ ਅਹਿਮ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹੜੀ ਚੀਜ਼ (ਜਾਂ ਕਿਸ) ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈ ਰਹੇ ਹੋ?