ਤੁਸੀਂ ਜਿੱਤ ਨਹੀਂ ਸਕਦੇ। ਤੁਸੀਂ ਹਾਰ ਵੀ ਨਹੀਂ ਸਕਦੇ, ਪਰ ਇਸ ਵਕਤ ਮੁੱਦਾ ਇਹ ਨਹੀਂ। ਤੁਸੀਂ ਚਾਹੁੰਦੇ ਹੋ, ਜਾਂ ਤੁਸੀਂ ਸੋਚਦੇ ਹੋ ਤੁਸੀਂ ਚਾਹੁੰਦੇ ਹੋ, ਕਿ ਕਿਸੇ ਖ਼ਾਸ ਪ੍ਰਕਿਰਿਆ ਦਾ ਇੱਕ ਵਿਸ਼ੇਸ਼ ਹੱਲ ਨਿਕਲੇ। ਤੁਸੀਂ ਆਉਣ ਵਾਲਾ ਲੰਬਾ ਸਮਾਂ ਇਸ ਇੰਤਜ਼ਾਰ ‘ਚ ਬੈਠੇ ਰਹਿ ਸਕਦੇ ਹੋ। ਮੈਂ ਇਹ ਨਹੀਂ ਕਹਿ ਰਿਹਾ ਕਿ ਅੰਤ ‘ਚ ਉਹ ਤੁਹਾਨੂੰ ਮਿਲੇਗਾ ਨਹੀਂ, ਪਰ ਕੀ ਤੁਹਾਨੂੰ ਸੱਚਮੁੱਚ ਪਤੈ ਕਿ ਕੀ ਬਿਹਤਰ ਹੈ … ਤੁਹਾਡੇ ਲਈ ਜਾਂ ਸਥਿਤੀ ਲਈ? ਤੁਸੀਂ ਅਜਿਹੀ ਸਥਿਤੀ ‘ਚ ਫ਼ਸੇ ਹੋਏ ਹੋ ਜਿਹੜੀ ਵਧੇਰੇ ਸੰਵੇਦਨਸ਼ੀਲ ਹੈ, ਅਤੇ ਉਹ ਕਿਸੇ ਵੀ ਵੇਲੇ ਕਿਸੇ ਵੀ ਪਾਸੇ ਜਾ ਸਕਦੀ ਹੈ। ਵੱਡੀਆਂ ਚੋਣਾਂ ਕਰਨ ਤੋਂ ਪਹਿਲਾਂ, ਤੁਹਾਡੇ ਲਈ ਬਿਹਤਰ ਹੋਵੇਗਾ ਕਿ ਉਸ ਨੂੰ ਵਿਚਾਰੋ ਜੋ ਕੁਝ ਇਸ ਬ੍ਰਹਿਮੰਡ ਨੇ ਪਹਿਲਾਂ ਹੀ ਤੁਹਾਡੇ ਲਈ ਚੁਣਿਆ ਹੋਇਐ।
ਤੁਹਾਨੂੰ ਉਹ ਸਭ ਕੁਝ ਨਹੀਂ ਪਤਾ ਜੋ ਜਾਣਿਆ ਜਾ ਸਕਦਾ ਹੈ! ਅਤੇ ਇਹ ਇੱਕ ਗੱਲ ਹੈ ਜਿਹੜੀ ਤੁਹਾਨੂੰ ਪੱਕੀ ਤਰ੍ਹਾਂ ਪਤੈ! ਫ਼ਿਰ ਮੈਂ ਤੁਹਾਨੂੰ ਇਹ ਚੇਤੇ ਕਿਉਂ ਕਰਵਾ ਰਿਹਾਂ? ਕਿਉਂਕਿ ਮੈਨੂੰ ਸ਼ੱਕ ਹੈ ਤੁਹਾਨੂੰ ਇਸ ਗੱਲ ਦੀ ਸ਼ੰਕਾ ਹੈ ਕਿ ਜਾਣਕਾਰੀ ਦੀ ਇਹ ਘਾਟ ਕਿਸੇ ਤਰੀਕੇ ਨਾਲ ਤੁਹਾਨੂੰ ਆਪਣਾ ਕੋਈ ਫ਼ਰਜ਼ ਨਿਭਾਉਣ ਦੇ ਨਾਕਾਬਿਲ ਬਣਾਉਂਦੀ ਹੈ। ਪਰ ਅਸਲ ‘ਚ ਇਹ ਤੱਥ ਕਿ ਤੁਸੀਂ ਖ਼ੁਦ ਦੀ ਕਾਬਲੀਅਤ ਬਾਰੇ ਲਗਾਤਾਰ ਸ਼ੰਕੇ ਕਰ ਰਹੇ ਹੋ, ਇਸ ਗੱਲ ਦਾ ਜ਼ਾਮਨ ਹੈ ਕਿ ਤੁਸੀਂ ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਦੋ ਵਾਰ ਸੋਚੋਗੇ। ਕਿਸੇ ਵੀ ਭਾਵਨਾਤਮਕ ਸਥਿਤੀ ਨਾਲ ਨਜਿੱਠਣ ਦਾ ਬਿਹਤਰੀਨ ਢੰਗ ਲੱਭਣ ਵੇਲੇ ਘਮੰਡ ਕਰਨ ਨਾਲੋਂ ਬਿਹਤਰ ਅਨਿਸ਼ਚਿਤ ਹੋਣਾ ਹੁੰਦਾ ਹੈ। ਆਪਣਾ ਦਿਮਾਗ਼ ਖੁੱਲ੍ਹਾ ਰੱਖੋ, ਆਪਣਾ ਮਨ ਖੁੱਲ੍ਹਾ ਰੱਖੋ, ਅਤੇ ਸੰਭਾਵਿਤ ਬਿਹਤਰੀਨ ਭਵਿੱਖ ਲਈ ਆਪਣੀ ਚੋਣ ਵੀ ਖੁੱਲ੍ਹੀ ਰੱਖੋ।
ਕੁਝ ਵਿਗਿਆਨੀ ਕਹਿੰਦੇ ਹਨ ਕਿ ਇਸ ਧਰਤੀ ਉੱਪਰ ਮੌਜੂਦ ਸਾਰੇ ਵੱਖੋ-ਵੱਖਰੇ ਮਹਾਂਦੀਪ ਪਹਿਲਾਂ ਵਿਸ਼ਾਲ ਜ਼ਮੀਨ ਦਾ ਇੱਕ ਵੱਡਾ ਟੁਕੜਾ ਸਨ। ਕਈ ਮਿਲੀਅਨ ਸਾਲ ਪਹਿਲਾਂ ਉਹ ਇੱਕ ਦੂਜੇ ਤੋਂ ਅੱਡ ਹੋ ਗਏ ਅਤੇ ਮਹਾਂਸਾਗਰਾਂ ਉੱਪਰ ਓਦੋਂ ਤਕ ਤਰਦੇ ਰਹੇ ਜਦੋਂ ਤਕ ਉਹ ਆਪੋ-ਆਪਣੇ ਮੌਜੂਦਾ ਸਥਾਨਾਂ ‘ਤੇ ਸਥਾਪਿਤ ਨਹੀਂ ਹੋ ਗਏ। ਕੀ ਤੁਸੀਂ ਕਿਸੇ ਅਜਿਹੇ ਵਿਅਕਤੀ (ਜਾਂ ਚੀਜ਼) ਤੋਂ ਕੋਹਾਂ ਦੂਰ ਮਹਿਸੂਸ ਕਰ ਰਹੇ ਹੋ ਜਿਸ ਨਾਲ ਤੁਸੀਂ ਬੁਨਿਆਦੀ ਤੌਰ ‘ਤੇ ਜੁੜੇ ਹੋਏ ਹੋ? ਜੇ ਅਜਿਹਾ ਹੈ ਤਾਂ ਤੁਹਾਨੂੰ ਕਿਸੇ ਗ਼ਲਤ ਚੀਜ਼ ਨੂੰ ਠੀਕ ਕਰਨ ਲਈ ਕਈ ਹੋਰ ਮਿਲੀਅਨ ਸਾਲ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਣ ਵਾਲੀ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਨਿਵਾਰਣ ਅਤੇ ਉਮੀਦ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ।
ਜੋ ਉੱਪਰ ਜਾਂਦਾ ਹੈ, ਉਸ ਨੂੰ ਹੇਠਾਂ ਆਉਣਾ ਪੈਂਦੈ। ਪਰ ਹੇਠਾਂ ਉਤਰਨ ਦੀਆਂ ਕਈ ਕਿਸਮਾਂ ਅਤੇ ਰਫ਼ਤਾਰਾਂ ਹੋ ਸਕਦੀਆਂ ਹਨ, ਜਿਨ੍ਹਾਂ ‘ਚੋਂ ਕੁਝ ਸਾਨੂੰ ਦੂਸਰੀਆਂ ਨਾਲੋਂ ਬਿਹਤਰ ਲੱਗ ਸਕਦੀਆਂ ਹਨ। ਤੁਹਾਡਾ ਇਹ ਸ਼ੰਕਾ ਜਾਇਜ਼ ਹੈ ਕਿ ਕੋਈ ਵੀ ਚੰਗੀ ਚੀਜ਼ ਸਦਾ ਨਹੀਂ ਰਹਿ ਸਕਦੀ। ਪਰ ਤੁਹਾਡਾ ਇਹ ਸੋਚਣਾ ਬਿਲਕੁਲ ਗ਼ਲਤ ਹੈ ਕਿ ਉਹ ਸ਼ੈਅ ਕਿਸੇ ਵੀ ਵਕਤ ਖ਼ਤਮ ਹੋ ਸਕਦੀ ਹੈ – ਜਾਂ ਇਹ ਕਿ ਜਦੋਂ ਉਹ ਖ਼ਤਮ ਹੋਵੇਗੀ ਤਾਂ ਉਸ ਦਾ ਅੰਤ ਬਹੁਤ ਪੀੜਾਦਾਇਕ ਹੋਵੇਗਾ। ਜਿੰਨਾ ਤੁਸੀਂ ਸੋਚਦੇ ਹੋ, ਆਪਣੀ ਸਥਿਤੀ ‘ਤੇ ਤੁਹਾਡਾ ਕੰਟਰੋਲ ਉਸ ਕਿਤੇ ਵੱਧ ਹੈ। ਆਪਣੇ ਭਾਵਨਾਤਮਕ ਜੀਵਨ ‘ਚ ਤੁਸੀਂ ਹਰ ਚੀਜ਼ ਨੂੰ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦੇ; ਪਰ, ਥੋੜ੍ਹੀ ਜਿਹੀ ਸਿਆਣੀ ਯੋਜਨਾਬੰਦੀ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬੱਚ ਸਕਦੇ ਹੋ।
ਅੰਗ੍ਰੇਜ਼ੀ ਦਾ ਇੱਕ ਮੁਹਾਵਰਾ ਹੈ an elephant in the room, ਭਾਵ ਕੋਈ ਅਜਿਹੀ ਸਮੱਸਿਆ ਜਾਂ ਸਥਿਤੀ ਜਿਸ ਬਾਰੇ ਕੋਈ ਵੀ ਵਿਅਕਤੀ ਗੱਲ ਕਰਨ ਨੂੰ ਤਿਆਰ ਨਾ ਹੋਵੇ? ਕੀ ਤੁਹਾਡੇ ਸੰਸਾਰ ‘ਚ ਵੀ ਕੋਈ ਅਜਿਹਾ ਵਿਸ਼ਾ ਹੈ ਜਿਸ ਬਾਰੇ ਕੋਈ ਵੀ ਬੋਲ ਨਹੀਂ ਰਿਹਾ, ਕੋਈ ਅਜਿਹੀ ਸੱਚਾਈ ਜਿਸ ਨੂੰ ਹਰ ਕੋਈ ਅਣਗੌਲਿਆਂ ਕਰਨਾ ਚਾਹੁੰਦੈ? ਕੀ ਧਿਆਨ ਵੰਡਾਏ ਜਾਣ ਦੀ ਕੋਸ਼ਿਸ਼ ਹੋ ਰਹੀ ਹੈ? ਕੀ ਕਿਸੇ ਪ੍ਰਕਿਰਿਆ ‘ਚ ਢਿੱਲਮੱਠ ਦਿਖਾਈ ਜਾ ਰਹੀ ਹੈ ਅਤੇ ਖ਼ਲਲ ਪਾਇਆ ਜਾ ਰਿਹਾ ਹੈ? ਕੀ ਕੁਝ ਲੋਕ ਉਸ ਇੱਕ ਚੀਜ਼ ਵੱਲ ਹੀ ਆਪਣਾ ਧਿਆਨ ਕੇਂਦ੍ਰਿਤ ਕਰਨ ਤੋਂ ਕਤਰਾ ਰਹੇ ਹਨ ਜਿਸ ਨੂੰ ਵਿਚਾਰਨ ਅਤੇ ਜਿਸ ਨਾਲ ਨਜਿੱਠਣ ਦੀ ਲੋੜ ਹੈ? ਅਤੇ ਕੀ ਉਸ ਅਟਪਟੀ ਸਥਿਤੀ ‘ਚ ਕਿਸੇ ਨਾ ਕਿਸੇ ਤਰ੍ਹਾਂ ਤੁਹਾਡਾ ਕੋਈ ਫ਼ਾਇਦਾ ਹੋ ਸਕਦੈ? ਬੇਸ਼ੱਕ ਤੁਸੀਂ ਦੂਸਰਿਆਂ ਨੂੰ ਕਮਰੇ ਵਿਚਲੇ ਹਾਥੀ ਦੀ ਹੋਂਦ ਮੰਨਣ ‘ਤੇ ਮਜਬੂਰ ਤਾਂ ਨਹੀਂ ਕਰ ਸਕਦੇ … ਪਰ ਤੁਸੀਂ ਇੱਕ ਮਹਾਵਤ ਬਣਨਾ ਜ਼ਰੂਰ ਸਿੱਖ ਰਹੇ ਹੋ।