ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 854

ajit_weeklyਇਸ ਸੰਸਾਰ ਵਿੱਚ ਬਹੁਤ ਦੁਰਲਭ ਹਨ ਉਹ ਲੋਕ ਜਿਹੜੇ ਸੱਚਮੁੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਅਰਬਪਤੀਆਂ ਨੂੰ ਵੀ ਪੈਸੇ ਦੀ ਚਿੰਤਾ ਸਤਾਉਂਦੀ ਹੈ। ਪਰ ਜਦੋਂ ਤੁਸੀਂ ਇੱਕ ਪਲ ਲਈ ਵੀ ਇਹ ਸੋਚਣ ਲਈ ਰੁਕਦੇ ਹੋ ਕਿ ਜੀਵਨ ਆਖ਼ਿਰ ਹੈ ਕੀ ਸ਼ੈਅ ਅਤੇ ਇਹ ਕਿਵੇਂ ਚਲਦਾ ਹੈ ਤਾਂ ਇਹ ਕੋਈ ਬਹੁਤੀ ਹੈਰਾਨ ਕਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਕੀ ਅਸੀਂ ਸਾਰੇ ਹੀ ਇਸ ਧਰਤੀ ‘ਤੇ ਚਮਤਕਾਰੀ ਹਾਲਾਤ ਵਿੱਚ ਪ੍ਰਗਟ ਨਹੀਂ ਹੁੰਦੇ? ਕੀ ਇੱਕ ਹੀ ਅਜਿਹੀ ਚੀਜ਼ ਨਹੀਂ ਜਿਸ ਬਾਰੇ ਅਸੀਂ ਸਾਰੇ ਨਿਸ਼ਚਿਤਤਾ ਨਾਲ ਕੁਝ ਕਹਿ ਸਕਦੇ ਹਾਂ ਤੇ ਉਹ ਹੈ ਇਹ ਤੱਥ ਕਿ ਇੱਕ ਦਿਨ ਸਾਡੇ ਵਿੱਚੋਂ ਕਿਸੇ ਨੇ ਵੀ ਇੱਥੇ ਮੌਜੂਦ ਨਹੀਂ ਰਹਿਣਾ, ਪਰ ਸਾਨੂੰ ਇਹ ਕਦੇ ਵੀ ਪਤਾ ਨਹੀਂ ਚੱਲ ਸਕਦਾ ਕਿ ਉਹ ਦਿਨ ਕਦੋਂ ਆਵੇਗਾ? ਇਹ ਗ੍ਰਹਿ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਬਣਾਇਆ ਗਿਆ ਹੈ। ਇਸ ਦੀ ਮੌਜੂਦਗੀ ਸਾਡੇ ਜੀਵਨ ਨੂੰ ਸ਼ਾਨਦਾਰ ਤਜਰਬਿਆਂ ਨਾਲ ਓਤਪ੍ਰੋਤ ਕਰਨ ਲਈ ਹੈ, ਅਤੇ ਅਸੀਂ ਇਸ ਸਭ ਲਈ ਆਪਣੇ ਦਿਲਾਂ ਦੀਆਂ ਗਹਿਰਾਈਆਂ ਤੋਂ ਇਸ ਦੇ ਸ਼ੁਕਰਗ਼ੁਜ਼ਾਰ ਹੋ ਸਕਦੇ ਹਾਂ।
ਹਾਲਾਤ ਹਮੇਸ਼ਾਂ ਸਾਡੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਨਹੀਂ ਢਾਲਦੇ। ਚੀਜ਼ਾਂ ਹਮੇਸ਼ਾ ਖ਼ੁਦ ਹੀ ਆਪਣੀ ਜਗ੍ਹਾ ‘ਤੇ ਸਹੀ ਨਹੀਂ ਬੈਠ ਜਾਂਦੀਆਂ। ਇੰਝ ਲਗਦੈ ਕਿ ਜਦੋਂ ਦੂਸਰੇ ਲੋਕ ਖ਼ੁਸ਼ਕਿਸਮਤੀਆਂ ਦਾ ਆਨੰਦ ਮਾਣ ਰਹੇ ਹੁੰਦੇ ਨੇ ਤਾਂ ਅਸੀਂ ਖਿਝਾਊ ਅਤੇ ਤਕਲੀਫ਼ਦੇਹ ਰੋਕਾਂ ਨਾਲ ਜੂਝ ਰਹੇ ਹੁੰਦੇ ਹਾਂ। ਫ਼ਿਰ ਵੀ, ਗ਼ਾਹੇ ਬਗ਼ਾਹੇ, ਜੀਵਨ ਸਾਨੂੰ ਵੀ ਆਚੰਭਿਤ ਕਰ ਜਾਂਦੈ। ਪ੍ਰਕਿਰਿਆਵਾਂ ਸਾਡੀਆਂ ਉਮੀਦਾਂ ਤੋਂ ਬਿਹਤਰ ਨਤੀਜੇ ਲੈ ਆਉਂਦੀਆਂ ਹਨ। ਜਾਂ ਫ਼ਿਰ, ਅਸੀਂ ਆਪਣੇ ਆਪ ਨੂੰ ਕਿਸੇ ਮਦਦਗ਼ਾਰ ਇਤਫ਼ਾਕ ਜਾਂ ਸਬੱਬ ਦਾ ਵਾਰਸ ਪਾਉਂਦੇ ਹਾਂ। ਇਸ ਸੰਸਾਰ ਬਾਰੇ ਤੁਹਾਨੂੰ ਆਪਣੀ ਰਾਏ ਬਦਲਣ ਲਈ ਮਨਾਉਣ ਲਈ ਬਹੁਤਾ ਜ਼ੋਰ ਨਹੀਂ ਲੱਗਣ ਵਾਲਾ। ਇੱਕ ਛੋਟੀ ਜਿਹੀ ਪਰ ਹੈਰਾਨੀਜਨਕ ਹੱਦ ਤਕ ਮਦਦਗ਼ਾਰ ਪ੍ਰਗਤੀ ਹੀ ਸਾਰਾ ਲੋੜੀਂਦਾ ਫ਼ਰਕ ਪਾ ਸਕਦੀ ਹੈ। ਤੇ ਛੇਤੀ ਹੀ, ਇਹ ਜ਼ਰੂਰ ਪਾਏਗੀ!
ਕੁਝ ਲੋਕ ਗ਼ੁਲਾਮਾਂ ਵਾਂਗ ਜ਼ਿੰਦਗੀ ਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਹੁੰਦੈ ਕਿ ਉਨ੍ਹਾਂ ਤੋਂ ਕੀ ਉਮੀਦ ਰੱਖੀ ਜਾ ਰਹੀ ਹੈ ਅਤੇ ਉਹ ਰਸਮਾਂ ਦੀ ਮਰਿਆਦਾ ਤੋਂ ਬਾਹਰ ਕੁਝ ਵੀ ਕਰਨ ਦੇ ਖ਼ਿਆਲ ਤੋਂ ਹੀ ਕੰਬ ਜਾਂਦੇ ਹਨ। ਦੂਸਰੇ ਲੋਕ ਇਸ ਗੱਲ ਬਾਰੇ ਵਧੇਰੇ ਸੁਚੇਤ ਹੁੰਦੇ ਹਨ ਕਿ ਸਾਂਚਿਆਂ ਵਿੱਚ ਛੇਦ ਹੋ ਸਕਦੇ ਹਨ, ਸਮਾਜਕ ਢਾਂਚਿਆਂ ਵਿੱਚ ਚੋਰ ਮੋਰੀਆਂ ਹੁੰਦੀਆਂ ਹਨ, ਕਾਇਦੇ ਕਾਨੂੰਨਾਂ ਤੋਂ ਛੋਟ ਲੈਣ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ ਅਤੇ ਛੋਟਾਂ ਲੈਣ ਦੇ ਕਾਨੂੰਨੀ ਢੰਗ ਵੀ ਲੱਭੇ ਜਾ ਸਕਦੇ ਹਨ। ਕੀ ਤੁਸੀਂ ਵੀ ਇਸ ਆਖ਼ਰੀ ਵਾਲੀ ਸ਼੍ਰੇਣੀ ਵਿੱਚ ਤਾਂ ਨਹੀਂ ਪੈਂਦੇ, ਘੱਟੋ ਘੱਟ ਕਦੇ ਕਦੇ? ਕੀ ਤੁਸੀਂ ਹੈਰਾਨੀਜਨਕ ਹੱਦ ਤਕ ਚਲਾਕ ਨਹੀਂ? ਕੀ ਤੁਸੀਂ ਕਾਇਦਿਆਂ ਵਾਲੀ ਕਿਤਾਬ ਨੂੰ ਮੁੜ ਲਿਖਣ ਦੀ ਉਮੀਦ ਨਹੀਂ ਰੱਖ ਸਕਦੇ ਅਤੇ ਫ਼ਿਰ ਸਫ਼ਲਤਾ ਨਾਲ ਆਪਣੀ ਉਸ ਨਵੀਂ ਕਾਢ ਨੂੰ ਪ੍ਰਵਾਨਗੀ ਦਿਵਾਉਣ ਦੀ ਵੀ? ਲਓ ਜਨਾਬ, ਲਗਦੈ ਹੁਣ ਤੁਸੀਂ ਇਹ ਕਰ ਸਕਦੇ ਹੋ!
ਕੀ ਸਾਰੇ ਰਿਸ਼ਤੇ ਮੁਸ਼ਕਿਲ ਹੁੰਦੇ ਹਨ? ਇਸ ਦੀ ਬਜਾਏ ਤੁਸੀਂ ਇਹ ਸਵਾਲ ਕਿਉਂ ਨਹੀਂ ਪੁੱਛਦੇ ਕਿ ‘ਕੀ ਸਾਰੇ ਰਿਸ਼ਤੇ ਸੌਖੇ ਹੁੰਦੇ ਹਨ?’ ਰਿਸ਼ਤੇ ਉਹੀ ਹਨ ਜੋ ਉਹ ਹਨ। ਅਸੀਂ ਵੀ ਉਹੀ ਹਾਂ ਜੋ ਅਸੀਂ ਹਾਂ। ਹੁਣ ਰਹੀ ਗੱਲ ਕਿ ਅਸੀਂ ਇੱਕ ਦੂਸਰੇ ਲਈ ਕੀ ਹਾਂ ਤਾਂ ਇਹ ਬਹੁਤਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਸਾਡੇ ਖ਼ੁਦ ਲਈ ਆਪਣੀ ਅਹਿਮੀਅਤ ਕਿੰਨੀ ਕੁ ਹੈ। ਜਦੋਂ ਅਸੀਂ ਆਪਣੀ ਖ਼ੁਦ ਦੀ ਸ਼ਖ਼ਸੀਅਤ ਨਾਲ ਸੰਤੁਸ਼ਟ ਹੁੰਦੇ ਹਾਂ, ਆਪਣੀ ਚਮੜੀ ਵਿੱਚ ਰਹਿ ਕੇ ਖ਼ੁਸ਼, ਆਪਣੇ ਅਤੀਤ ਤੋਂ ਪ੍ਰਭਾਵਿਤ ਅਤੇ ਆਪਣੇ ਭਵਿੱਖ ਪ੍ਰਤੀ ਪ੍ਰੇਰਿਤ ਤਾਂ ਸਾਡੇ ਨਾਲ ਰਹਿਣ ਦੀ ਇੱਛਾ ਰੱਖਣ ਵਾਲਿਆਂ ਲਈ ਵੀ ਕੰਮ ਬਹੁਤ ਸੌਖਾ ਹੋ ਜਾਂਦਾ ਹੈ। ਫ਼ਿਰ ਦੂਸਰੇ ਵੀ ਸਾਨੂੰ ਇੱਜ਼ਤ ਦਿੱਤੇ ਬਗ਼ੈਰ ਨਹੀਂ ਰਹਿ ਸਕਦੇ। ਜੇਕਰ ਇਸ ਵਕਤ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕੁਝ ਬਦਲਣ ਦੀ ਲੋੜ ਹੈ ਤਾਂ ਉਹ ਤੁਹਾਨੂੰ ਸ਼ੁਰੂ ਕਰਨਾ ਪੈਣਾ ਹੈ ਆਪਣੇ ਅੰਦਰ ਕੁਝ ਬਦਲਣ ਨਾਲ।
ਤੁਸੀਂ ਹਰ ਬੰਦੇ ਲਈ ਹਰ ਚੀਜ਼ ਨਹੀਂ ਬਣ ਸਕਦੇ। ਕੀ ਕੋਈ ਇਹ ਸੋਚਦੈ ਕਿ ਤੁਸੀਂ ਨਾਮੁਮਕਿਨ ਨੂੰ ਸਰਅੰਜਾਮ ਦੇ ਸਕਦੇ ਹੋ? ਕੀ ਤੁਹਾਨੂੰ ਵੀ ਇਹ ਕਰ ਕੇ ਦੇਖਣ ਦਾ ਲਾਲਚ ਸਤਾ ਰਿਹੈ, ਅਤੇ ਉਹ ਵੀ ਸਿਰਫ਼ ਇਸ ਲਈ ਕਿਉਂਕਿ ਤੁਸੀਂ ਬਚਪਨ ਤੋਂ ਹੀ ਇਹ ਸੁਣਦੇ ਆਏ ਹੋ ਕਿ ਕਿਸੇ ਦੀ ਇੱਛਾ ਪੂਰੀ ਕਰਨਾ ਇੱਕ ਚੰਗੀ ਗੱਲ ਹੁੰਦੀ ਹੈ? ਕੀ ਇਹ ਉਨ੍ਹਾਂ ਲਈ ਫ਼ਾਇਦੇਮੰਦ ਸਾਬਿਤ ਹੋਵੇਗਾ – ਜਾਂ ਤੁਹਾਡੇ ਲਈ? ਕਈ ਵਾਰ, ਕੁਝ ਲੋਕ ਰਿਸ਼ਤਿਆਂ ਨੂੰ ਕੇਵਲ ਆਪਣੇ ਆਪ ਨਾਲ ਸਬੰਧ ਸਥਾਪਿਤ ਕਰਨ ਲਈ ਹੀ ਵਰਤਦੇ ਹਨ ਨਾ ਕਿ ਦੂਸਰਿਆਂ ਨਾਲ! ਇਸ ਵੇਲੇ, ਮਹੱਤਵਪੂਰਨ ਇਹ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਕੋਈ ਸਥਿਤੀ ਉਹੋ ਜਿਹੀ ਕਿਉਂ ਹੈ ਜਿਹੋ ਜਿਹੀ ਉਹ ਹੈ ਅਤੇ ਕੋਈ ਵਿਅਕਤੀ ਕਿਉਂ ਉਹੋ ਜਿਹਾ ਵਿਹਾਰ ਕਰ ਰਿਹੈ ਜਿਹੋ ਜਿਹਾ ਉਹ ਕਰ ਰਿਹੈ। ਆਪਣੇ ਨਿੱਜੀ ਜੀਵਨ ਬਾਰੇ ਪਨਪਣ ਵਾਲੀ ਇੱਕ ਸਿਆਣੀ ਸਮਝ ਛੇਤੀ ਹੀ ਤੁਹਾਡੀ ਸੋਚ ਵਿੱਚ, ਤੇ ਰਿਸ਼ਤੇ ਵਿੱਚ, ਲੋੜੀਂਦਾ ਫ਼ਰਕ ਲਿਆਵੇਗੀ।
ਬਹੁਤੀ ਕਾਹਲ ਨਾ ਦਿਖਾਓ। ਜੇਕਰ ਦੂਸਰੇ ਲੋਕ ਅਜਿਹਾ ਕਰਨ ਲਈ ਤੁਹਾਡੇ ‘ਤੇ ਦਬਾਅ ਪਾ ਰਹੇ ਹਨ ਤਾਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਕਿਤੇ ਤੁਸੀਂ ਇਸ ਸਭ ਦੀ ਕਲਪਨਾ ਤਾਂ ਨਹੀਂ ਕਰ ਰਹੇ? ਜੇਕਰ ਤੁਸੀਂ ਇਸ ਗੱਲ ਬਾਰੇ ਨਿਸ਼ਚਿਤ ਹੋ ਕਿ ਦਬਾਅ ਵਾਲੀ ਕੋਈ ਗੱਲ ਨਹੀਂ ਤਾਂ ਵੀ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਰ ਉਸ ਉਮੀਦ ‘ਤੇ ਪੂਰਾ ਉਤਰਨ ਲਈ ਪਾਬੰਦ ਹੋ ਜਿਸ ਦੀ ਉਮੀਦ ਤੁਹਾਡੇ ਤੋਂ ਕੀਤੀ ਜਾਵੇ। ਉਹ ਲੋਕ, ਜਿਹੜੇ ਸਿਰਫ਼ ਇੱਕ ਦੂਜੇ ਲਈ ਹੀ ਬਣਾਏ ਗਏ ਹੋਣ, ਵੀ ਇੱਕ ਦੂਸਰੇ ਦੇ ਮਾਲਕ ਨਹੀਂ ਹੁੰਦੇ – ਅਤੇ ਕਈ ਵਾਰ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਕਿੰਨੀ ਤਾਕਤ ਅਤੇ ਆਜ਼ਾਦੀ ਮਹਿਸੂਸ ਕਰਨ ਦੇ ਹੱਕਦਾਰ ਹਾਂ। ਮੇਰਾ ਇਹ ਕਥਨ ਕੇਵਲ ਭਾਵਨਾਤਮਕ ਜਾਂ ਨਿੱਜੀ ਮਾਮਲਿਆਂ ਵਿੱਚ ਹੀ ਲਾਗੂ ਨਹੀਂ ਹੁੰਦਾ। ਜਿੱਥੇ ਵੀ ਜਾਓ ਆਪਣੇ ਆਪ ਵਿੱਚ, ਆਪਣੀ ਇਸ ਹੱਕਦਾਰੀ ਵਿੱਚ ਵਿਸ਼ਵਾਸ ਰੱਖੋ!

LEAVE A REPLY