ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਸੋਸ਼ਲ ਸਰਕਲ ਜਾਂ ਸਮਾਜਕ ਦਾਇਰੇ ‘ਚ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੈ ਤਾਂ ਤੁਸੀਂ ਕੀ ਕਰੋਗੇ? ਕੁਦਰਤਨ ਤੁਹਾਡੀ ਪ੍ਰਤੀਕਿਰਿਆ ਹੋਵੇਗੀ ਆਪਣੇ ਸਾਰੇ ਪਸੰਦੀਦਾ ਰਿਸ਼ਤਿਆਂ ਬਾਰੇ ਸੋਚਣਾ ਸ਼ੁਰੂ ਕਰ ਦੇਣ ਦੀ। ਉਨ੍ਹਾਂ ਬਾਰੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਾਂ ਫ਼ਿਰ ਉਨ੍ਹਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਬਹੁਤੀ ਚੰਗੀ ਤਰ੍ਹਾਂ ਜਾਣਦੇ ਤਾਂ ਨਹੀਂ, ਪਰ ਉਨ੍ਹਾਂ ਦੀ ਸੂਰਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ। ਤੁਹਾਡਾ ਸੋਸ਼ਲ ਸਰਕਲ, ਦਰਅਸਲ, ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਕਿਤੇ ਵੱਡਾ ਹੈ, ਅਤੇ ਉਸ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਲਈ ਤੁਹਾਡੇ ਮਨ ‘ਚ ਮਾੜਾ-ਮੋਟਾ ਜਾਂ ਬਿਲਕੁਲ ਵੀ ਕੋਈ ਆਪਣਾਪਨ ਨਹੀਂ। ਪਰ ਹੋ ਸਕਦੈ ਉਨ੍ਹਾਂ ‘ਚੋਂ ਹੀ ਕਿਸੇ ਕੋਲ ਤੁਹਾਡੇ ਉਸ ਅਗਲੇ ਵੱਡੇ ਕਦਮ ਦੀ ਚਾਬੀ ਹੋਵੇ ਜਿਹੜਾ ਚੁੱਕਣ ਦੀ ਇਸ ਵਕਤ ਤੁਹਾਨੂੰ ਸਖ਼ਤ ਲੋੜ ਹੈ।
ਕੀ ਦੂਸਰੇ ਲੋਕ ਉਸ ਤੋਂ ਵੱਧ ਦੇ ਹੱਕਦਾਰ ਹਨ, ਜਿੰਨੇ ਦੇ ਤੁਸੀਂ ਹੋ? ਕੀ ਤੁਸੀਂ ਇਸ ਸੰਸਾਰ ‘ਚ ਆਪਣੇ ਮੋਢੇ ‘ਤੇ ਇੱਕ ਖ਼ਾਸ ਨਿਸ਼ਾਨ ਲੈ ਕੇ ਪੈਦਾ ਹੋਏ ਸੀ ਜਿਹੜਾ ਤੁਹਾਡੀ ਪਛਾਣ ਇੱਕ ਅਜਿਹੇ ਵਿਅਕਤੀ ਵਜੋਂ ਕਰਦਾ ਹੈ ਜਿਸ ਦੀ ਕਿਸਮਤ ‘ਚ ਦੂਜੇ ਦਰਜੇ ਦੀਆਂ ਚੀਜ਼ਾਂ ਹੀ ਲਿਖੀਆਂ ਹਨ? ਕਈ ਵਾਰ, ਆਪਣੇ ਉਦਾਸ ਖ਼ਿਆਲਾਂ ‘ਚ, ਤੁਸੀਂ ਸਵਾਲ ਕਰਦੇ ਹੋ ਕਿ ਇਹ ਸੰਸਾਰ ਤੁਹਾਨੂੰ ਸੱਚਮੁੱਚ ਕਿੰਨਾ ਕੁ ਪਿਆਰ ਕਰਦੈ ਜਾਂ ਤੁਹਾਡੀ ਭਲਾਈ ਨੂੰ ਲੈ ਕੇ ਕਿੰਨਾ ਚਿੰਤਤ ਹੈ। ਇਹ ਬ੍ਰਹਿਮੰਡ, ਪਰ, ਅਣਥੱਕ ਅਤੇ ਸਪੱਸ਼ਟ ਰੂਪ ‘ਚ ਤੁਹਾਡੀ ਹਮਾਇਤ ‘ਚ ਖੜ੍ਹੈ। ਇਸ ਸੱਚਾਈ ਨੂੰ ਸਿਆਣੋ ਅਤੇ ਸ਼ੁਕਰਗ਼ੁਜ਼ਾਰ ਹੋਵੋ। ਵਿਸ਼ਵਾਸ ਅਤੇ ਜੋਸ਼ ਨੂੰ ਆਪਣੇ ਦਿਲ ‘ਚ ਵਸਾਉਣ ਦੀ ਕੋਸ਼ਿਸ਼ ਮਾਤਰ ਹੀ ਤੁਹਾਡੇ ਜੀਵਨ ਵਿੱਚ ਸਭ ਤੋਂ ਆਨੰਦਮਈ ਤਬਦੀਲੀ ਲਿਆਉਣ ਲਈ ਬਥੇਰੀ ਹੋਵੇਗੀ।
ਜੇਕਰ ਤੁਸੀਂ ਮੁੜ-ਮੁੜ ਉਹੀ ਚੀਜ਼ਾਂ ਕਰੀ ਜਾਓਗੇ, ਤੁਹਾਨੂੰ ਨਤੀਜੇ ਵੀ ਉਹੀ ਪੁਰਾਣੇ ਮਿਲਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਚੀਜ਼ਾਂ ਪਹਿਲਾਂ ਤੋਂ ਵੱਖਰੀਆਂ ਹੋਣ, ਤੁਹਾਨੂੰ ਕੁੱਝ ਵੱਖਰਾ ਕਰ ਕੇ ਦਿਖਾਉਣਾ ਪੈਣਾ ਹੈ। ਉਨ੍ਹਾਂ ਤਬਦੀਲੀਆਂ ਨੂੰ ਕਿੰਨਾ ਕੁ ਨਾਟਕੀ ਹੋਣ ਦੀ ਲੋੜ ਹੈ? ਆਪਣੇ ਸਕੂਲ ਦੀ ਜਿਓਮੈਟਰੀ ਕਲਾਸ ਬਾਰੇ ਇੱਕ ਮਿੰਟ ਲਈ ਸੋਚੋ। ਜਦੋਂ ਦੋ ਸਿੱਧੀਆਂ ਲਕੀਰਾਂ ਇੱਕ ਦੂਸਰੇ ਛੂੰਹਦੀਆਂ ਤਾਂ ਹੋਣ ਪਰ ਕੱਟਦੀਆਂ ਨਾ ਤਾਂ ਉਹ ਪ੍ਰਤੱਖ ਤੌਰ ‘ਤੇ ਇੱਕੋ ਜਿੱਕੀਆਂ ਹੀ ਲੱਗਦੀਆਂ ਨੇ। ਇਹ ਤਾਂ ਜਦੋਂ ਤੁਸੀਂ ਉਨ੍ਹਾਂ ਦੀ ਪ੍ਰਗਤੀ ਨੂੰ ਥੋੜ੍ਹੀ ਦੇਰ ਧਿਆਨ ਨਾਲ ਵਾਚਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦੈ ਕਿ ਉਹ ਇੱਕ-ਦੂਜੇ ਤੋਂ ਕਿੰਨੀਆਂ ਭਿੰਨ ਦਿਸ਼ਾਵਾਂ ‘ਚ ਚਲਦੀਆਂ ਹਨ। ਇਸ ਗੱਲ ਨੂੰ ਆਪਣੇ ਦਿਮਾਗ਼ ‘ਚ ਰੱਖਣਾ ਜਦੋਂ ਤੁਸੀਂ ਆਪਣੇ ਕਿਸੇ ਰਿਸ਼ਤੇ ਦੇ ਭਵਿੱਖ ਬਾਰੇ ਸੋਚ ਰਹੇ ਹੋਵੋ। ਇਨਕਲਾਬ ਬੇਸ਼ੱਕ ਕਦੇ ਵੀ ਨਾ ਆਵੇ, ਪਰ ਇਸ ਵਕਤ ਬਦਲਾਅ ਜ਼ਰੂਰ ਸੰਭਵ ਹੈ।
ਅਤੀਤ ਨੇ ਤੁਹਾਡੇ ‘ਤੇ ਜੋ ਸਿਤਮ ਢਾਏ ਨੇ, ਸ਼ਾਇਦ ਤੁਸੀਂ ਉਨ੍ਹਾਂ ਨੂੰ ਲੈ ਕੇ ਲੋੜੋਂ ਵੱਧ ਸਾਵਧਾਨ ਹੋ। ਤੁਸੀਂ ਉਸ ਸਥਿਤੀ ਦਾ ਸਖ਼ਤ ਵਿਰੋਧ ਕਰ ਰਹੇ ਹੋ ਜਿਹੜੀ ਤੁਹਾਨੂੰ ਹਾਸੋਹੀਣੀ ਲੱਗ ਰਹੀ ਹੈ। ਤੁਹਾਨੂੰ ਡਰ ਹੈ ਕਿ ਕਿਸੇ ਭਿਆਨਕ ਨਾਟਕ ਜਾਂ ਨਿਰਾਸ਼ਾਜਨਕ ਗਾਥਾ ਨੂੰ ਮੁੜ ਦੋਹਰਾਇਆ ਜਾਵੇਗਾ। ਧਿਆਨ ਰੱਖਿਓ, ਕਿਤੇ ਤੁਸੀਂ ਪਸ਼ਚਾਤਾਪ ਜਾਂ ਆਤਮਤਰਸ ਦੀ ਦਲਦਲ ‘ਚ ਇੰਨਾ ਨਾ ਧੱਸ ਜਾਓ ਕਿ ਨਿਕਲਣਾ ਅਸੰਭਵ ਹੋ ਜਾਏ। ਇਤਿਹਾਸ ਨੂੰ ਦੋਬਾਰਾ ਨਹੀਂ ਲਿਖਿਆ ਜਾ ਸਕਦਾ, ਪਰ ਭਵਿੱਖ ਇੱਕ ਖੁੱਲ੍ਹੀ ਕਿਤਾਬ ਹੈ। ਤੁਹਾਨੂੰ, ਪਰ, ਉਸ ਦੇ ਪੰਨਿਆਂ ‘ਤੇ ਕੁੱਝ ਆਸ਼ਾਵਾਦੀ ਲਿਖਣ ਦੀ ਇੱਕ ਸੁਚੇਤ ਕੋਸ਼ਿਸ਼ ਕਰਨੀ ਪਵੇਗੀ ਨਹੀਂ ਤਾਂ ਆਟੋਮੈਟਿਕ ਤੌਰ ‘ਤੇ ਪੁਰਾਣੀ ਕਹਾਣੀ ਹੀ ਮੁੜ ਦੋਹਰਾਈ ਅਤੇ ਸੁਣਾਈ ਜਾਂਦੀ ਰਹੇਗੀ। ਉਮੀਦ ਨਾਲ ਅਗਾਂਹ ਵਧੋ ਅਤੇ ਆਪਣੀ ਕਿਸਮਤ ਦੀ ਵਾਗਡੋਰ ਆਪਣੇ ਹੱਥਾਂ ‘ਚ ਲੈ ਲਓ।
ਤੁਸੀਂ ਖ਼ੁਦ ਨੂੰ ਇੱਕ ਨਵੀਂ ਰੌਸ਼ਨੀ ‘ਚ ਦੇਖ ਰਹੇ ਹੋ। ਅਜਿਹਾ ਕਰਦਿਆਂ ਤੁਸੀਂ ਕਿਸੇ ਦੂਸਰੇ ਵਿਅਕਤੀ ਜਾਂ ਗਰੁੱਪ ਬਾਰੇ ਆਪਣਾ ਨਜ਼ਰੀਆ ਬਦਲ ਰਹੇ ਹੋ। ਤੁਸੀਂ ਕਾਫ਼ੀ ਕੁੱਝ ਸਮਝ ਰਹੇ ਹੋ, ਪਰ ਤੁਸੀਂ ਵਧੇਰੇ ਉਲਝਣ ‘ਚ ਫ਼ਸੇ ਹੋਏ ਵੀ ਮਹਿਸੂਸ ਕਰ ਰਹੇ ਹੋ। ਚੀਜ਼ਾਂ ਓਦੋਂ ਵਧੇਰੇ ਸਪੱਸ਼ਟ ਸਨ ਜਦੋਂ ਤੁਸੀਂ ਆਪਣੇ ਪੁਰਾਣੇ ਨਜ਼ਰੀਏ ‘ਚ ਯਕੀਨ ਰੱਖਦੇ ਸੀ। ਅਗਿਆਨਤਾ ਕਿਸੇ ਕਿਸਮ ਦਾ ਕੋਈ ਆਨੰਦ ਨਹੀਂ। ਪਰ ਇਹ, ਆਮ ਤੌਰ ‘ਤੇ, ਬਹੁਤ ਆਕਰਸ਼ਕ ਰੂਪ ‘ਚ ਸੌਖੀ ਹੁੰਦੀ ਹੈ। ਇਸੇ ਕਰ ਕੇ ਇਹ ਸਾਨੂੰ ਦੇਖਣ ਨੂੰ ਕਾਫ਼ੀ ਵੱਡੀ ਗਿਣਤੀ ‘ਚ ਮਿਲ ਜਾਂਦੀ ਹੈ। ਪਰ ਖ਼ੁਦ ਦਾ ਜਾਗਰੂਕ ਨਜ਼ਰੀਆ ਛੇਤੀ ਹੀ ਤੁਸੀਂ ਪਸੰਦ ਕਰਨ ਲੱਗੋਗੇ। ਗਿਆਨ ਤਾਕਤ ਹੈ। ਅਤੇ ਤੁਹਾਨੂੰ ਇੱਕ ਮਹੱਤਵਪੂਰਨ ਸਥਿਤੀ ‘ਚ ਕੀਮਤੀ ਸ਼ਕਤੀ ਹਾਸਿਲ ਹੋਣ ਵਾਲੀ ਹੈ।