ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1420

ਤੁਸੀਂ ਚੁਣ ਸਕਦੇ ਹੋ ਕਿ ਆਪਣੇ TV ‘ਤੇ ਕੀ ਦੇਖਣਾ ਹੈ, ਅਤੇ ਜੇਕਰ ਉਸ ‘ਤੇ ਕੁਛ ਵੀ ਚੰਗਾ ਨਾ ਆ ਰਿਹਾ, ਤੁਸੀਂ ਰੀਮੋਟ ‘ਤੇ ਚੈਨਲ ਬਦਲ ਸਕਦੇ ਹੋ, DVD ਦੇਖ ਸਕਦੇ ਹੋ ਜਾਂ ਇੰਟਰਨੈੱਟ ‘ਤੇ ਕੁੱਝ ਬਰਾਊਜ਼ ਕਰ ਸਕਦੇ ਹੋ। ਪਰ ਤੁਸੀਂ ਰੀਮੋਟ ਕੰਟਰੋਲ ਨਾਲ ਕੱਲ੍ਹ ਦਾ ਮੌਸਮ ਨਹੀਂ ਬਦਲ ਸਕਦੇ। ਆਸਮਾਨ ਜੋ ਕੁੱਝ ਵੀ ਲਿਆਉਣਾ ਚਾਹੇਗਾ, ਲਿਆਵੇਗਾ, ਅਤੇ ਤੁਸੀਂ ਉਸ ਦਾ ਏਜੰਡਾ ਬਦਲਣ ਦੀ ਬੇਸ਼ੱਕ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਉਹ ਤੁਹਾਡੀ ਇੱਕ ਨਹੀਂ ਸੁਣਨ ਵਾਲਾ। ਜਦੋਂ ਸਾਡਾ ਪਾਲਾ ਕਿਸੇ ਅਜਿਹੇ ਜਲਵਾਯੂ ਨਾਲ ਪੈ ਜਾਵੇ ਜਿਸ ਨੂੰ ਅਸੀਂ ਕੰਟਰੋਲ ਨਾ ਕਰ ਸਕਦੇ ਹੋਈਏ ਤਾਂ ਅਸੀਂ ਕੇਵਲ ਇੱਕ ਹੀ ਚੀਜ਼ ਕਰ ਸਕਦੇ ਹਾਂ, ਅਤੇ ਉਹ ਹੈ ਕੱਪੜੇ ਪਾਉਣ ਦੇ ਆਪਣੇ ਢੰਗ ਅਤੇ ਉਸ ਪ੍ਰਤੀ ਆਪਣੇ ਰਵੱਈਏ ਨੂੰ ਤਬਦੀਲ ਕਰ ਕੇ ਖ਼ੁਦ ਦਾ ਪ੍ਰਤੀਕਰਮ ਬਦਲਣਾ। ਠੀਕ ਇਸੇ ਤਰ੍ਹਾਂ ਤੁਹਾਨੂੰ ਉਨ੍ਹਾਂ ਹਾਲਾਤ ਦਾ ਸਾਹਮਣਾ ਕਰਨ ਲੱਗਿਆਂ ਵੀ ਲਚਕੀਲਾ ਬਣਨ ਦੀ ਲੋੜ ਹੈ ਜਿਹੜੇ ਇਸ ਵਕਤ ਤੁਹਾਡੇ ‘ਤੇ ਥੋਪੇ ਜਾ ਰਹੇ ਹਨ।

ਤੁਹਾਨੂੰ ਚੀਜ਼ਾਂ ਉਸੇ ਤਰ੍ਹਾਂ ਕਰਨ ਦੀ ਲੋੜ ਨਹੀਂ ਜਿਵੇਂ ਤੁਸੀਂ ਹਮੇਸ਼ਾ ਉਨ੍ਹਾਂ ਨੂੰ ਕਰਦੇ ਰਹੇ ਹੋ। ਕੋਈ ਵੀ ਅਜਿਹੀ ਦੁਨਿਆਵੀ ਜ਼ਰੂਰਤ ਨਹੀਂ ਜਿਹੜੀ ਤੁਹਾਨੂੰ ਕੋਈ ਆਦਤ ਛੱਡਣ ਜਾਂ ਰੂਟੀਨ ਬਦਲਣ ਲਈ ਮਜਬੂਰ ਕਰ ਸਕਦੀ ਹੋਵੇ। ਪਰ ਤਜਰਬਾ ਜਾਂ ਖੋਜ ਕਰਨ ਦਾ ਇੱਕ ਸਪੱਸ਼ਟ ਬ੍ਰਹਿਮੰਡੀ ਨਿਓਤਾ ਜ਼ਰੂਰ ਮਿਲ ਰਿਹੈ। ਜੇ ਤੁਹਾਨੂੰ ਹਮੇਸ਼ਾ ਇਹ ਸ਼ੱਕ ਰਿਹੈ ਕਿ ਕੋਈ ਕਾਰਜ ਨੇਪਰੇ ਚਾੜ੍ਹਨ ਜਾਂ ਆਪਣੀ ਕਿਸੇ ਲੋੜ ਨੂੰ ਸੰਤੁਸ਼ਟ ਕਰਨ ਦਾ ਹੋਰ ਬਿਹਤਰ ਤਰੀਕਾ ਵੀ ਹੋ ਸਕਦੈ ਤਾਂ ਇਹੀ ਵੇਲਾ ਹੈ ਕਿਸੇ ਬਦਲ ਨੂੰ ਆਜ਼ਮਾਉਣ ਦਾ। ਕੁਦਰਤੀ ਤਾਕਤਾਂ ਇਸ ਵਕਤ ਤੁਹਾਡੇ ਹੱਕ ‘ਚ ਕੰਮ ਕਰ ਰਹੀਆਂ ਹਨ। ਜੇਕਰ ਤੁਹਾਨੂੰ ਆਪਣੇ ਇਸ ਉੱਦਮ ‘ਚ ਮਦਦ ਲੋੜੀਂਦੀ ਹੈ ਤਾਂ ਤੁਸੀਂ ਦੇਖੋਗੇ ਕਿ ਕੁੱਝ ਲੋਕ ਇਸ ਵਕਤ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਤਤਪਰ ਹਨ।

ਚੀਜ਼ਾਂ ਨੂੰ ਕਰਨ ਦੇ ਤੁਹਾਡੇ ਆਪਣੇ ਵੱਖਰੇ ਅਤੇ ਖ਼ਾਸ ਅੰਦਾਜ਼ ਹਨ। ਤੁਹਾਡੀਆਂ ਆਪਣੀਆਂ ਕੁੱਝ ਰੂਟੀਨਾਂ ਹਨ ਜਿਨ੍ਹਾਂ ਦੀ ਤੁਸੀਂ ਪਾਲਣਾ ਕਰਦੇ ਹੋ, ਤੁਹਾਡੇ ਆਪਣੇ ਪੱਧਰ ਹਨ ਜਿਹੜੇ ਤੁਸੀਂ ਕਾਇਮ ਰੱਖਣਾ ਚਾਹੁੰਦੇ ਹੋ। ਕੀ ਤੁਹਾਡੀਆਂ ਸਾਰੀਆਂ ਚੋਣਾਂ ਤਰਕਸੰਗਤ ਅਤੇ ਸਿਆਣੀਆਂ ਹਨ? ਕੀ ਆਪਣੀਆਂ ਕੁੱਝ ਕੁ ਪਸੰਦਾਂ ਅਤੇ ਪ੍ਰਾਥਮਿਕਤਾਵਾਂ ਦਾ ਮੁੜ ਮੁਲਾਂਕਣ ਕਰਨ ਦਾ ਇਹ ਵਕਤ ਹੋ ਸਕਦਾ ਹੈ? ਤੁਸੀਂ ਕੁੱਝ ਅਜਿਹੇ ਮਾਪਦੰਡ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਨ੍ਹਾਂ ਦੀ ਕੋਈ ਵੀ ਪਰਵਾਹ ਨਹੀਂ ਕਰਦਾ। ਜੇਕਰ ਤੁਸੀਂ ਚੀਜ਼ਾਂ ਵੱਖਰੇ ਢੰਗ ਨਾਲ ਵੀ ਕੀਤੀਆਂ ਤਾਂ ਕਿਸੇ ਨੇ ਵੀ ਨੋਟਿਸ ਨਹੀਂ ਕਰਨਾ, ਅਤੇ ਇਸ ਗੱਲ ‘ਤੇ ਵੀ ਸ਼ੱਕ ਹੈ ਕਿ ਉਸ ਨਾਲ ਕਿਸੇ ਵੀ ਸ਼ੈਅ ਜਾਂ ਵਿਅਕਤੀ ਨੂੰ ਕਿਸੇ ਕਿਸਮ ਦਾ ਕੋਈ ਖ਼ਾਮਿਆਜ਼ਾ ਭੁਗਤਣਾ ਪੈਣੈ। ਫ਼ਿਰ ਕਿਸੇ ਇੱਕ ਖ਼ਾਸ ਨਿਯਮ ਪ੍ਰਤੀ ਇੰਨੀ ਵਫ਼ਾਦਾਰੀ ਦਿਖਾ ਕੇ ਖ਼ੁਦ ਨੂੰ ਖ਼ਾਹਮਖ਼ਾਹ ਦੀ ਤਕਲੀਫ਼ ਕਿਉਂ ਦੇਣੀ?

ਕੀ ਆਪਣੀ ਖ਼ੁਦ ਦੀ ਕਿਸਮਤ ਘੜਨੀ ਮੁਮਕਿਨ ਹੈ? ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਕਿਸਮਤ ਤੋਂ ਤੁਹਾਡੀ ਮੁਰਾਦ ਕੀ ਹੈ। ਜੇ, ਉਦਾਹਰਣ ਦੇ ਤੌਰ ‘ਤੇ, ਤੁਸੀਂ ਕਿਸੇ ਕੈਸੀਨੋ ‘ਚ ਹੋ ਜਾਂ ਲੌਟਰੀ ਦੀ ਕੋਈ ਟਿਕਟ ਖ਼ਰੀਦ ਰਹੇ ਹੋ ਤਾਂ ਅਜਿਹਾ ਕੁੱਝ ਵੀ ਨਹੀਂ ਜੋ ਖ਼ੁਦ ਨੂੰ ਵਧੇਰੇ ਖ਼ੁਸ਼ਕਿਮਸਤ ਬਣਾਉਣ ਲਈ ਤੁਸੀਂ ਕਰ ਸਕਦੇ ਹੋਵੋ। ਜੇ ਤੁਸੀਂ ਆਤਮਵਿਸ਼ਵਾਸੀ ਮਹਿਸੂਸ ਕਰਨ ਅਤੇ ਖ਼ੁਦ ਦੀ ਕਾਬਲੀਅਤ ਬਾਰੇ ਆਪਣੇ ਵਿਵੇਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋਵੋ, ਕਿਸੇ ਵੱਡੀ ਜਿੱਤ ਦੇ ਵਾਪਰਣ ਦੇ ਸੰਜੋਗ ਬਹੁਤ ਹੀ ਮੱਧਮ ਹਨ। ਪਰ ਇਸ ਦੇ ਉਲਟ, ਜੇਕਰ ਤੁਸੀਂ ਕਿਸੇ ਛੋਟੇ ਜਿਹੇ ਸਬੱਬ ਨੂੰ ਇੱਕ ਵੱਡੇ ਮੌਕੇ ‘ਚ ਤਬਦੀਲ ਕਰਨ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਉਸ ਸ਼ਾਨਦਾਰ ਸਫ਼ਲਤਾ ਦੀ ਉਮੀਦ ਕਰ ਸਕਦੇ ਹੋ ਜਿਹੜੀ ਤੁਹਾਨੂੰ ਆਪਣੀ ਦ੍ਰਿੜਤਾ ਦੇ ਇਵਜ਼ ਵਿੱਚ ਬਾਅਦ ‘ਚ ਹਾਸਿਲ ਹੋ ਜਾਣੀ ਚਾਹੀਦੀ ਹੈ।

ਪ੍ਰੇਮ ਅਤੇ ਮੂਡ ਤਰਕਸ਼ੀਲ ਨਹੀਂ ਹੁੰਦੇ। ਅਸੀਂ ਕਿਤੇ ਬੈਠ ਕੇ ਆਪਣੀਆਂ ਉਨ੍ਹਾਂ ਭਾਵਨਾਵਾਂ ਬਾਰੇ ਯੋਜਨਾਂਵਾਂ ਨਹੀਂ ਬਣਾਉਂਦੇ ਜਿਹੜੀਆਂ ਅਸੀਂ ਛੇਤੀ ਹੀ ਮਹਿਸੂਸ ਕਰਨ ਦਾ ਇਰਾਦਾ ਰੱਖਦੇ ਹੋਈਏ। ਸਾਡੇ ਜਜ਼ਬਾਤ ਸਾਡੇ ‘ਤੇ ਕਦੇ ਵੀ ਮਲਕੜੇ ਜਿਹੇ ਹਾਵੀ ਹੋ ਜਾਂਦੇ ਨੇ ਖ਼ਾਸਕਰ ਓਦੋਂ ਜਦੋਂ ਅਸੀਂ ਉਨ੍ਹਾਂ ਨੂੰ ਮਹਿਸੂਸ ਕਰਨ ਬਾਰੇ ਸੋਚ ਵੀ ਨਾ ਰਹੇ ਹੋਈਏ ਅਤੇ ਬਹੁਤ ਹੀ ਘੱਟ ਉਹ ਅਜਿਹੇ ਵਿਹਾਰਕ ਸਵਾਲ ਪੁੱਛਦੇ ਹਨ, ”ਕੀ ਤੁਹਾਡੇ ਕੋਲ ਇਨ੍ਹਾਂ ਬਾਰੇ ਸੋਚਣ ਦਾ ਇਸ ਵੇਲੇ ਟਾਈਮ ਹੈ? ”ਤੁਸੀਂ ਆਪਣੀਆਂ ਕੁੱਝ ਡੂੰਘੀਆਂ ਇੱਛਾਵਾਂ ਅਤੇ ਸਭ ਤੋਂ ਪ੍ਰਬਲ ਪ੍ਰਤੀਕਿਰਿਆਵਾਂ ਨੂੰ ਤਬਦੀਲ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕਦੇ, ਪਰ ਤੁਸੀਂ ਘੱਟੋਘੱਟ ਉਨ੍ਹਾਂ ਨਾਲ ਸਮਝੌਤਾ ਸਿਰੇ ਜ਼ਰੂਰ ਚਾੜ੍ਹ ਸਕਦੇ ਹੋ। ਜੇ ਉਨ੍ਹਾਂ ਨੂੰ ਵਾਕਈ ਲੋੜ ਹੋਵੇ ਤਾਂ ਉਹ ਤੁਹਾਡੇ ਦਿਲ ਦੇ ਬਹੁਤੇ ਹਿੱਸੇ ‘ਤੇ ਕਬਜ਼ਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਇਸ ਗੱਲ ਲਈ ਰਾਜ਼ੀ ਹੋਣਾ ਪੈਣੈ ਕਿ ਉਹ ਤੁਹਾਡੀ ਸਾਰੀ ਸੱਤਿਆ ਅਤੇ ਤਵੱਜੋ ਹੀ ਚੂਸ ਨਹੀਂ ਲੈਣਗੇ।