ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1417

ਕੁਝ ਫ਼ਿਲਾਸਫ਼ਰਾਂ ਦਾ ਕਹਿਣੈ ਕਿ ਅਸੀਂ ਸਾਰੇ ਸਮੇਂ ‘ਚ ਯਾਤਰਾ ਕਰਨ ਵਾਲੇ ਲੋਕ ਹਾਂ। ਅਸੀਂ ਸਭ ਵਕਤ ‘ਚੋਂ ਗੁਜ਼ਰਦੇ ਹਾਂ … ਫ਼ਰਕ ਕੇਵਲ ਇੰਨਾ ਹੈ ਕਿ ਅਸੀਂ ਉਸ ਵਿੱਚ ਇਕੱਠੇ ਕੇਵਲ ਇੱਕ ਹੀ ਰਫ਼ਤਾਰ ‘ਤੇ, ਇੱਕ ਹੀ ਦਿਸ਼ਾ ‘ਚ ਚੱਲਦੇ ਹਾਂ! ਅਤੇ ਕੀ ਵਕਤ ਦੀ ਘੜੀ ਨੂੰ ਅਸੀਂ ਕਦੇ ਪੁੱਠਾ ਗੇੜਾ ਦੇ ਸਕਦੇ ਹਾਂ? ਨਹੀਂ … ਪਰ ਇਸ ਦਾ ਇਹ ਮਤਲਬ ਨਹੀਂ ਕਿ ਕੁਝ ਤਰੁਟੀਆਂ ਨੂੰ ਅਸੀਂ ਦਰੁਸਤ ਨਹੀਂ ਕਰ ਸਕਦੇ ਅਤੇ ਅਤੀਤ ਦੀਆਂ ਕੁਛ ਗ਼ਲਤੀਆਂ ਨੂੰ ਭਵਿੱਖ ‘ਚ ਸੁਧਾਰਿਆ ਨਹੀਂ ਜਾ ਸਕਦਾ। ਮੈਂ ਇਸ ਦਾ ਜ਼ਿਕਰ ਇਸ ਲਈ ਕਰ ਰਿਹਾਂ ਕਿਉਂਕਿ ਤੁਹਾਡੇ ਕੋਲ ਆਪਣੀ ਉਸ ਭਾਵਨਾਤਮਕ ਸ਼ਮੂਲੀਅਤ ਨੂੰ ਮੁੜ ਪਾ ਲੈਣ ਦਾ ਮੌਕਾ ਹੈ ਜਿਸ ਬਾਰੇ ਤੁਸੀਂ ਸੋਚਦੇ ਸੀ ਕਿ ਤੁਸੀਂ ਉਸ ਨੂੰ ਭੁਲਾ ਚੁੱਕੇ ਹੋ। ਜੇ ਤੁਸੀਂ ਚਾਹੋ ਤਾਂ ਉਹ ਇਤਿਹਾਸ ਦਾ ਹਿੱਸਾ ਹੀ ਬਣੀ ਰਹਿ ਸਕਦੀ ਹੈ। ਪਰ ਕੀ ਤੁਸੀਂ ਅਜਿਹਾ ਚਾਹੋਗੇ?

ਇਸ ਵਾਰ ਗ਼ਲਤੀ ਤੁਹਾਡੀ ਨਹੀਂ! ਖ਼ੈਰ, ਘੱਟੋਘੱਟ ਉਸ ਤੋਂ ਜ਼ਿਆਦਾ ਤਾਂ ਬਿਲਕੁਲ ਨਹੀਂ ਜਿੰਨੀ ਆਮ ਤੌਰ ‘ਤੇ ਹੋਇਆ ਕਰਦੀ ਹੈ। ਮੈਂ ਇਹ ਤਾਂ ਨਹੀਂ ਕਹਿ ਰਿਹਾ ਕਿ ਤੁਸੀਂ ਸੰਤਾਂ ਵਰਗੀ ਜ਼ਿੰਦਗੀ ਜੀਵੀ ਹੈ ਜਾਂ ਇਹ ਕਿ ਤੁਸੀਂ ਅਤੀਤ ਦੀਆਂ ਆਪਣੀਆਂ ਚੋਣਾਂ ਦੀ ਕੀਮਤ ਨਹੀਂ ਚੁਕਾ ਰਹੇ, ਪਰ ਤੁਹਾਡੇ ਆਲੇ-ਦੁਆਲੇ ਜਿਹੜੇ ਨਾਟਕਾਂ ਦਾ ਪਰਦਾਫ਼ਾਸ਼ ਹੋ ਰਿਹੈ, ਤੁਸੀਂ ਉਨ੍ਹਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਏ ਜਾ ਸਕਦੇ। ਤੁਹਾਡੇ ਦਾਇਰੇ ਵਿਚਲੇ ਕਿਸੇ ਇੱਕ ਵਿਅਕਤੀ ਦੇ ਆਪਣੇ ਕੁਛ ਮੁੱਦੇ ਹਨ … ਅਤੇ ਤੁਸੀਂ ਉਨ੍ਹਾਂ ਦੇ ਸਾਈਡ ਈਫ਼ੈਕਟਸ ਅਤੇ ਨਤੀਜਿਆਂ ਨਾਲ ਨਜਿੱਠ ਰਹੇ ਹੋ। ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਤੁਸੀਂ ਆਪਣਾ ਕੀਤਾ ਕਰਾਇਆ ਨਾ ਸਮਝੋ ਕਿਉਂਕਿ ਜੇ ਤੁਸੀਂ ਅਜਿਹਾ ਸਮਝਿਆ ਤਾਂ ਤੁਸੀਂ ਆਪਣੇ ਸਭ ਤੋਂ ਮਹੱਤਵਪੂਰਨ ਮੌਕੇ ਨੂੰ ਗੁਆ ਬੈਠੋਗੇ: ਸੱਚਮੁੱਚ ਨਿਰਪੱਖ ਅਤੇ ਵਾਕਈ ਮਦਦਗਾਰ ਹੋਣ ਦਾ ਮੌਕਾ।

ਕੀ ਤੁਸੀਂ ਦਿਲਕਸ਼ ਹੋ? ਕੀ ਤੁਸੀਂ ਸ਼ਾਨਦਾਰ ਹੋ? ਕੀ ਤੁਸੀਂ ਕਿਸੇ ਦੇ ਕਮਾਲ ਦੇ ਸੁਪਨੇ ਦਾ ਜਿਸਮਾਨੀ ਰੂਪ ਹੋ? ਮੈਨੂੰ, ਮੈਂ ਆਸ ਕਰਦਾਂ, ਹੁਣੇ-ਹੁਣੇ ਤਿੰਨ ਵਾਰ ਸ਼ਬਦ ‘ਹਾਂ’ ਸੁਣਨ ਨੂੰ ਮਿਲਿਐ। ਜੇ ਤੁਸੀਂ ਇੱਕ ਵੀ ਪਲ ਲਈ ਝਿਝਕੇ ਸੀ ਤਾਂ ਵਾਪਿਸ ਜਾਓ ਅਤੇ ਉਹ ਟੈੱਸਟ ਦੁਬਾਰਾ ਦਿਓ। ਤੁਸੀਂ ਉਸ ਨੂੰ ਓਦੋਂ ਫ਼ੌਰਨ ਪਾਸ ਕਰ ਲਵੋਗੇ ਜਦੋਂ ਤੁਸੀਂ ਮੇਰੇ ਵਲੋਂ ਪੁੱਛੇ ਗਏ ਉਪਰੋਕਤ ਸਵਾਲਾਂ ਦੀ ਜ਼ੌਰਦਾਰ ਢੰਗ ਨਾਲ ਤਸਦੀਕ ਕਰ ਦਿੱਤੀ। ਜਦੋਂ ਤੁਸੀਂ ਇਹ ਕਰ ਲਿਆ, ਤੁਸੀਂ ਉਸ ਨੂੰ ਬਿਹਤਰ ਕਰ ਲਵੋਗੇ ਜੋ ਅਸੰਤੋਖਜਨਕ ਹੈ। ਕੋਈ ਦੂਸਰਾ ਤੁਹਾਡੀ ਕਿੰਨੀ ਇੱਜ਼ਤ ਕਰਦੈ, ਉਸ ਦਾ ਸਿੱਧਾ ਲਿੰਕ ਇਸ ਗੱਲ ਨਾਲ ਹੁੰਦੈ ਕਿ ਤੁਸੀਂ ਖ਼ੁਦ ਦੀ ਕਾਬਲੀਅਤ ‘ਚ ਵਿਸ਼ਵਾਸ ਦਿਖਾਉਣ ਦੇ ਕਿੰਨੇ ਕਾਬਿਲ ਹੋ। ਤੁਹਾਨੂੰ ਕੇਵਲ ਇੰਨਾ ਹੀ ਚੇਤੇ ਰੱਖਣ ਦੀ ਲੋੜ ਹੈ।

ਕਈ ਵਾਰ, ਕਰਨ ਵਾਲੀ ਠੀਕ ਗੱਲ ਵੀ ਇੱਕ ਗ਼ਲਤ ਗੱਲ ਵਰਗੀ ਲੱਗਦੀ ਹੈ। ਅਤੇ ਇਸ ਦਾ ਉਲਟ ਵੀ ਸੰਭਵ ਹੈ। ਇਸੇ ਲਈ ਸਾਨੂੰ ਚੋਣਾਂ ਕਰਨ ਵੇਲੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਖ਼ੁਦ ਨੂੰ ਪੂਰੀ ਤਰ੍ਹਾਂ ਆਪਣੇ ਦਿਲ ਤੋਂ ਦਿਸ਼ਾ ਨਿਰਦੇਸ਼ ਲੈਣ ਦੀ ਇਜਾਜ਼ਤ ਦੇ ਦੇਈਏ ਤਾਂ ਅਸੀਂ ਬਹੁਤ ਜ਼ਿਆਦਾ ਦਿਆਲੂ ਅਤੇ ਸੰਵੇਦਨਸ਼ੀਲ ਤਾਂ ਬਣ ਸਕਦੇ ਹਾਂ, ਪਰ ਇਸ ਨਾਲ ਅਸੀਂ ਸਿਆਣੇ ਨਹੀਂ ਬਣਨ ਲੱਗੇ। ਅਤੇ ਜੇ ਅਸੀਂ ਕੇਵਲ ਤਰਕ ਦੀ ਗੱਲ ਹੀ ਸੁਣੀ ਤਾਂ ਸਾਡੀ ਚਲਾਕੀ ਸਾਡੀ ਰਹਿਮਦਿਲੀ ਦੀ ਕੀਮਤ ‘ਤੇ ਆਵੇਗੀ। ਕੋਈ ਵੱਡਾ ਫ਼ੈਸਲਾ ਕਰਨ ਲੱਗਿਆਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਇਨ੍ਹਾਂ ਦੋਹਾਂ ਸ਼ਕਤੀਆਂ ਦਰਮਿਆਨ ਤਵਾਜ਼ਨ ਕਾਇਮ ਕਰਨਾ ਪੈਣੈ। ਇਸ ਲਈ ਸਮਝੌਤੇ ਦੀ ਲੋੜ ਹੈ। ਪਰ, ਕਿਰਪਾ ਕਰ ਕੇ, ਚੇਤੇ ਰੱਖਿਓ, ਮੈਂ ਸਮਝੌਤਾ ਕਿਹਾ, ਨਾ ਕਿ ਬਲੀਦਾਨ।

ਲੋਕ ਬਹਿਸ ਕਿਉਂ ਕਰਦੇ ਨੇ? ਉਹ ਇੱਕ ਦੂਸਰੇ ਦੇ ਖ਼ਿਲਾਫ਼ ਕਿਉਂ ਹੋ ਜਾਂਦੇ ਨੇ? ਛੋਟੀ-ਮੋਟੀਆਂ ਅਸਹਿਮਤੀਆਂ ਵੱਡੇ ਝਗੜੇ ਕਿਉਂ ਬਣ ਜਾਂਦੀਆਂ ਨੇ? ਮੈਂ ਇਹ ਸਭ ਕੁਝ ਇਸ ਲਈ ਪੁੱਛ ਰਿਹਾਂ ਕਿਉਂਕਿ ਮੈਂ ਜਾਣਦਾਂ ਕਿ ਨਿਹਾਇਤ ਲੋੜੀਂਦਾ ਭਾਵਨਾਤਮਕ ਇਲਾਜ ਕਰਨ ਦਾ ਤੁਹਾਡੇ ਕੋਲ ਇਸ ਵਕਤ ਇੱਕ ਸ਼ਕਤੀਸ਼ਾਲੀ ਮੌਕਾ ਹੈ। ਉਸ ਨੂੰ ਪੂਰਾ ਕਰਨ ਲਈ ਤੁਹਾਨੂੰ ਵਿਵਾਦਾਂ ਦੇ ਗੁਪਤ ਮਨੋਵਿਗਿਆਨ ਦਾ ਗਿਆਨ ਹੋਣਾ ਜ਼ਰੂਰੀ ਨਹੀਂ। ਤੁਹਾਨੂੰ ਕੇਵਲ ਇੰਨਾ ਜਾਣਨ ਦੀ ਲੋੜ ਹੈ ਕਿ ਭਾਵਨਾਤਮਕ ਤਾਲਮੇਲ ਦਾ ਅਸਲੀ ਦੁਸ਼ਮਣ ਹੁੰਦੀ ਹੈ ਅਣਉਚਿਤ ਆਸ। ਕਿਸੇ ਹੋਰ ਬਾਰੇ ਆਪਣੀਆਂ ਉਮੀਦਾਂ ਨੂੰ ਥੋੜ੍ਹਾ ਰੀਸੈੱਟ ਕਰੋ, ਅਤੇ ਤੁਸੀਂ ਸਹਿਜੇ ਹੀ ਉਨ੍ਹਾਂ ਦੀ ਇਸ ਗੱਲ ‘ਚ ਮਦਦ ਕਰੋ ਸਕੋਗੇ ਕਿ ਉਹ ਵੀ ਤੁਹਾਨੂੰ ਇੱਕ ਵੱਖਰੀ ਰੌਸ਼ਨੀ ‘ਚ ਦੇਖ ਸਕਣ।