ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1392

ਚੱਕੇ ਨੂੰ ਮੁੜ ਤੋਂ ਈਜਾਦ ਕਰਨ ਦਾ ਸ਼ਾਇਦ ਕੋਈ ਫ਼ਾਇਦਾ ਨਾ ਹੁੰਦਾ ਹੋਵੇ, ਪਰ ਇਸ ਦਾ ਮਤਲਬ ਹਰਗਿਜ਼ ਵੀ ਇਹ ਨਹੀਂ ਕਿ ਸਾਨੂੰ ਕਦੇ ਵੀ ਪੁਰਾਣੀਆਂ ਮੁਸ਼ਕਿਲਾਂ ਲਈ ਨਵੇਂ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਕਸਰ, ਅਸੀਂ ਸੋਚ ਲੈਂਦੇ ਹਾਂ ਕਿ ਕੋਈ ਸਥਿਤੀ ਕਦੇ ਵੀ ਬਦਲਣ ਵਾਲੀ ਨਹੀਂ, ਜਾਂ ਅਸੀਂ ਸਾਰੀਆਂ ਸੰਭਵ ਚੋਣਾਂ ਦਾ ਇਸਤੇਮਾਲ ਕਰ ਕੇ ਦੇਖ ਚੁੱਕੇ ਹਾਂ, ਅਤੇ ਸਾਨੂੰ ਅਣਸੁਖਾਵੀਂ ਕਿਸਮਤ ਸਨਮੁੱਖ ਹਥਿਆਰ ਸੁੱਟਣੇ ਹੀ ਪੈਣੇ ਹਨ। ਦਰਅਸਲ, ਭਾਵਨਾਤਮਕ ਖੇਤਰ ‘ਚ ਨਾਉਮੀਦ ਸਥਿਤੀ ਨਾਮ ਦੀ ਕੋਈ ਵੀ ਸ਼ੈਅ ਨਹੀਂ ਹੁੰਦੀ। ਇਹ ਤਾਂ ਜਦੋਂ ਅਸੀਂ ਆਪਣੇ ਆਪ ਨੂੰ ਇਹ ਦੱਸਦੇ ਹਾਂ ਕਿ ਕੁਝ ਵੀ ਨਹੀਂ ਹੋ ਸਕਦਾ, ਸੱਚਮੁੱਚ ਕੁਝ ਨਹੀਂ ਹੁੰਦਾ! ਜੇਕਰ ਤੁਸੀਂ ਤਬਦੀਲੀ ਚਾਹੁੰਦੇ ਹੋ, ਤੁਹਾਨੂੰ ਉਸ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਪੈਣੀ ਹੈ।

ਤੁਸੀਂ ਕਿਸੇ ਸਥਿਤੀ ‘ਚ ਫ਼ੱਸ ਚੁੱਕੇ ਹੋ, ਪਰ ਇਸ ਨੂੰ ਆਸਾਨੀ ਨਾਲ ਬਦਲਿਆ ਜਾ ਸਕਦੈ। ਜੋ ਲੋੜੀਂਦੈ ਉਹ ਹੈ ਤੁਹਾਡਾ ਨਵੀਨ ਲੀਹਾਂ ‘ਤੇ ਸੋਚਣਾ। ਇੱਕ ਦਰਵਾਜ਼ਾ ਬੰਦ ਹੋ ਚੁੱਕੈ। ਇੱਕ ਨਿਯਮ ਬਣਾਇਆ ਜਾ ਚੁੱਕੈ। ਇੱਕ ਫ਼ੈਸਲਾ ਲਿਆ ਜਾ ਚੁੱਕੈ। ਪਰੰਤੂ ਇਹ ਸਭ ਕੁਝ ਬਹੁਤ ਕਾਹਲੀ ‘ਚ ਹੋਇਐ। ਤੁਹਾਨੂੰ ਕਿਸੇ ਧਾਰਣਾ ਨੂੰ ਚੁਣੌਤੀ ਦੇਣੀ ਚਾਹੀਦੀ ਹੈ ਅਤੇ ਕਿਸੇ ਪੁਰਾਣੇ ਖ਼ਿਆਲ ਨੂੰ ਮੁੜ ਵਿਚਾਰਨਾ ਚਾਹੀਦੈ। ਅੱਗੇ ਵਧਣ ਦਾ ਇੱਕ ਮੁਮਕਿਨ ਰਾਹ ਮੌਜੂਦ ਹੈ, ਪਰ ਇਹ ਉਹ ਰਸਤਾ ਹੈ ਜਿਸ ਨੂੰ ਇਸ ਤੋਂ ਪਹਿਲਾਂ ਬਹੁਤ ਮੁਸ਼ਕਿਲ ਕਹਿ ਕੇ ਨਕਾਰਿਆ ਜਾ ਚੁੱਕੈ। ਇੱਕ ਵਾਰ ਫ਼ਿਰ ਉਸ ਦੀ ਪੁਣਛਾਣ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਉਸ ਵਿੱਚ ਆਪਣੀ ਦਿਲਚਸਪੀ ਨਾ ਘਟਾਉਣ ਦਿਓ ਜਿਹੜੇ ਕਹਿੰਦੇ ਨੇ ਕਿ ਅਜਿਹੀ ਕੋਸ਼ਿਸ਼ ਪਹਿਲਾਂ ਵੀ ਹੋ ਚੁੱਕੀ ਹੈ। ਇਸ ਵਾਰ ਵੱਖਰੀਆਂ ਚੀਜ਼ਾਂ ਹੋ ਸਕਦੀਆਂ ਹਨ।

ਕੀ ਤੁਹਾਨੂੰ ਪਤੈ ਕਿ ਕੱਲ੍ਹ ਨੂੰ ਠੀਕ ਇਸੇ ਵਕਤ ਅੱਜ ਇੱਕ ਲੰਘ ਚੁੱਕਾ ਕੱਲ੍ਹ ਬਣ ਜਾਵੇਗਾ? ਕੀ ਇਹ ਹੱਕਾ-ਬੱਕਾ ਕਰ ਦੇਣ ਵਾਲਾ ਇੱਕ ਵਰਤਾਰਾ ਨਹੀਂ? ਫ਼ਿਰ ਵੀ ਅਸੀਂ ਸਾਰੇ ਇਸ ਨੂੰ ਹਲਕੇ ‘ਚ ਲੈਂਦੇ ਹਾਂ। ਅਸੀਂ ਇੰਝ ਐਕਟਿੰਗ ਕਰਦੇ ਹਾਂ ਜਿਵੇਂ ਭਵਿੱਖ ‘ਚ ਲੈ ਕੇ ਜਾਣ ਵਾਲੀ ਕਿਸੇ ਵੰਨ-ਵੇਅ ਟ੍ਰੇਨ ਦੀ ਸਵਾਰੀ ਕਰਨਾ ਬਿਲਕੁਲ ਆਮ ਜਿਹੀ ਗੱਲ ਹੋਵੇ। ਇੱਕ ਅਜਿਹੀ ਟ੍ਰੇਨ ਜਿਸ ‘ਚ ਚੜ੍ਹਨ ਮਗਰੋਂ ਅਸੀਂ ਵਰਤਮਾਨ ਨੂੰ ਬਹੁਤਾ ਲੰਬਾ ਟਾਈਮ ਕਾਇਮ ਨਹੀਂ ਰੱਖ ਸਕਦੇ ਜਾਂ ਅਤੀਤ ਦਾ ਕੁਝ ਵੀ ਆਪਣੇ ਨਾਲ ਨਹੀਂ ਲਿਜਾ ਸਕਦੇ। ਕਿਉਂਕਿ ਸਾਨੂੰ ਅਜਿਹੇ ਪਾਗਲਪਨ ਨਾਲ ਨਜਿੱਠਣ ਦੀ ਆਦਤ ਪੈ ਜਾਂਦੀ ਹੈ, ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ‘ਚ ਇੰਨੀਆਂ ਸਾਰੀਆਂ ਖ਼ਾਮੀਆਂ ਅਤੇ ਵਿਰੋਧਾਭਾਸਾਂ ਨੂੰ ਕਬੂਲ ਕਰ ਲੈਂਦੇ ਹਾਂ। ਪਰ ਬੇਹੂਦਗੀ ਨਾਲ ਭਰੇ ਇਸ ਸੰਸਾਰ ‘ਚ ਵੀ, ਤੁਹਾਡੇ ਸਾਹਮਣੇ ਇੱਕ ਅਜਿਹਾ ਪ੍ਰਸਤਾਵ ਹੈ ਜਿਹੜਾ ਸੱਚਮੁੱਚ ਬੇਹੂਦਾ ਹੈ। ਤੁਹਾਨੂੰ ਉਸ ‘ਤੇ ਸਵਾਲ ਖੜ੍ਹਾ ਕਰਨਾ ਚਾਹੀਦੈ। ਤੁਹਾਨੂੰ ਦੱਸੀ ਜਾ ਰਹੀ ਹਰ ਗੱਲ ਸੱਚ ਨਹੀਂ।

ਹਰ ਵਾਰ ਸ਼ੁਤਰਮੁਰਗ ਬਣਨਾ ਛੱਡੋ। ਕਿਰਪਾ ਕਰ ਕੇ ਆਪਣਾ ਸਿਰ ਰੇਤ ‘ਚੋਂ ਬਾਹਰ ਕੱਢੋ ਅਤੇ ਦੇਖੋ ਅਸਲ ‘ਚ ਹੋ ਕੀ ਰਿਹੈ। ਜੇਕਰ ਤੁਸੀਂ ਅਜਿਹਾ ਕੀਤਾ ਤਾਂ ਤੁਹਾਨੂੰ ਕੇਵਲ ਵਿਆਕੁਲ ਜਾਂ ਬੇਚੈਨ ਹੋਣ ਦੇ ਵਾਧੂ ਕਾਰਨਾਂ ਦੀ ਬਜਾਏ ਉਸਾਰੂ ਹੱਲ ਦਿਖਣੇ ਸ਼ੁਰੂ ਹੋ ਜਾਣਗੇ। ਖੋਤੇ ਨਾ ਬਣੋ। ਕਾਲਪਨਿਕ ਗਾਜਰਾਂ ਦਾ ਪਿੱਛਾ ਕਰਨਾ ਅਤੇ ਗ਼ੈਰ-ਮੌਜੂਦ ਸੋਟੀਆਂ ਤੋਂ ਡਰ ਕੇ ਭੱਜਣਾ ਛੱਡੋ। ਤਿਤਲੀ ਵੀ ਨਾ ਬਣੋ। ਉਸ ਮੁੱਦੇ ਨੂੰ ਅਣਡਿੱਠਾ ਕਰਦੇ ਹੋਏ ਜਿਸ ਦਾ ਮਹੱਤਵ ਸਭ ਤੋਂ ਵੱਧ ਹੈ, ਇੱਕ ਤੋਂ ਦੂਸਰੇ ਵਿਸ਼ੇ ‘ਤੇ ਮੰਡਰਾਉਂਦੇ ਨਾ ਫ਼ਿਰੋ। ਤੁਸੀਂ ਜੋ ਹੋ ਉਹੀ ਰਹੋ, ਅਤੇ ਖ਼ੁਦ ‘ਤੇ ਮਾਣ ਕਰੋ। ਜਿੰਨਾ ਚਿਰ ਤੁਸੀਂ ਉਸ ਬਾਰੇ ਬਹਾਦਰ ਅਤੇ ਇਮਾਨਦਾਰ ਹੋ ਜੋ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ, ਤੁਸੀਂ ਸਿਆਣੀਆਂ ਚੋਣਾਂ ਕਰੋਗੇ।

ਅੰਗ੍ਰੇਜ਼ੀ ਦੇ ਕਵੀ ਸੈਮੁਅਲ ਟੇਲਰ ਕੌਲਰਿਜ ਨੇ 1798 ‘ਚ ਅਜਿਹੇ ਜਲਸੈਨਿਕਾਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਇੱਕ ਗੀਤ, The Rime of the Ancient Mariner, ਲਿਖਿਆ ਸੀ ਜਿਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਚੁੱਕਾ ਹੁੰਦੈ। ਉਸ ਗੀਤ ਦਾ ਸ਼ਾਬਦਿਕ ਅਰਥ ਸੀ: ਸਾਡੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ ਪਰ ਪੀਣ ਲਈ ਇੱਕ ਬੂੰਦ ਵੀ ਨਸੀਬ ਨਹੀਂ, ਭਾਵ ਜਿਹੜੀ ਸ਼ੈਅ ਉਨ੍ਹਾਂ ਨੂੰ ਚਾਹੀਦੀ ਸੀ ਉਹ ਉਨ੍ਹਾਂ ਦੇ ਚਾਰੋਂ ਪਾਸੇ ਫ਼ੈਲੀ ਤਾਂ ਪਈ ਸੀ ਪਰ ਉਸ ਰੂਪ ‘ਚ ਨਹੀਂ ਜਿਸ ‘ਚ ਉਨ੍ਹਾਂ ਨੂੰ ਦਰਕਾਰ ਸੀ। ਅਸੀਂ ਉਸ ਵਕਤ ਵੀ ਬਿਲਕੁਲ ਇੰਝ ਹੀ ਮਹਿਸੂਸ ਕਰਦੇ ਹਾਂ ਜਦੋਂ ਰਿਸ਼ਤਿਆਂ ‘ਚ ਸਾਡਾ ਸਾਹਮਣਾ ਮੁਸ਼ਕਿਲਾਂ ਨਾਲ ਹੋ ਜਾਂਦੈ। ਦੇਖਿਆ ਜਾਵੇ ਤਾਂ, ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹ ਸਾਡੇ ਕੋਲ ਮੌਜੂਦ ਹੈ, ਪਰ, ਹਕੀਕਤ ‘ਚ, ਉਸ ਤਰ੍ਹਾਂ ਬਿਲਕੁਲ ਵੀ ਨਹੀਂ ਜਿਸ ਤਰ੍ਹਾਂ ਉਹ ਸਾਨੂੰ ਚਾਹੀਦੀ ਸੀ। ਤੁਹਾਨੂੰ ਇੰਝ ਮਹਿਸੂਸ ਹੋ ਸਕਦੈ ਜਿਵੇਂ ਤੁਸੀਂ ਕਿਸੇ ਉੱਤਮ ਸ਼ੈਅ ਦੇ ਕਿੰਨਾ ਲਾਗੇ, ਪਰ ਫ਼ਿਰ ਵੀ ਉਸ ਤੋਂ ਕਿੰਨਾ ਦੂਰ ਹੋਵੋ। ਕਿਸੇ ਨਾ ਕਿਸੇ ਤਰ੍ਹਾਂ, ਤੁਹਾਨੂੰ ਆਪਣੀਆਂ ਦੂਸ਼ਿਤ ਭਾਵਨਾਵਾਂ ਦਾ ਸ਼ੁਧੀਕਰਨ ਕਰਨਾ ਪੈਣੈ।