ਚੀਜ਼ਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਧਰਤੀ ‘ਤੇ ਜਨਮ ਲੈਣ ਤੋਂ ਕੁਝ ਸਾਲ ਬਾਅਦ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦੈ। ਜਦੋਂ ਵੀ ਸਾਡਾ ਸਾਹਮਣਾ ਕਿਸੇ ਅਜਿਹੀ ਸ਼ੈਅ ਨਾਲ ਹੁੰਦੈ ਜਿਹੜੀ ਸਾਡੀ ਸਮਝ ਵਿੱਚ ਨਹੀਂ ਆਉਂਦੀ, ਅਸੀਂ ਅਸੁਰੱਖਿਅਤ ਮਹਿਸੂਸ ਕਰਨ ਲਗਦੇ ਹਾਂ। ਅਸੀਂ ਸਪੱਸ਼ਟੀਕਰਣ ਤੇ ਬਹਾਨੇ ਭਾਲਦੇ ਹਾਂ। ਉਹ ਬੇਸ਼ੱਕ ਕਲਪਨਾ ਜਾਂ ਕਿੱਸੇ ਕਹਾਣੀਆਂ ‘ਤੇ ਹੀ ਆਧਾਰਿਤ ਕਿਉਂ ਨਾ ਹੋਣ, ਜੇ ਉਹ ਸਾਨੂੰ ਸਹਾਰਾ ਦਿੰਦੇ ਹੋਣ, ਅਸੀਂ ਉਨ੍ਹਾਂ ਨਾਲ ਚਿੰਬੜੇ ਰਹਿਣਾ ਪਸੰਦ ਕਰਦੇ ਹਾਂ। ਮੈਂ ਇਹ ਇਸ ਲਈ ਕਹਿ ਰਿਹਾਂ ਕਿਉਂਕਿ ਤੁਸੀਂ ਥੋੜ੍ਹੇ ਦਬਾਅ ਹੇਠ ਦਿਖਾਈ ਦੇ ਰਹੇ ਹੋ। ਘਟਨਾਵਾਂ ਤੇ ਸਥਿਤੀਆਂ ਤੁਹਾਨੂੰ ਕਿਸੇ ਸੰਵੇਦਨਸ਼ੀਲ ਸਥਿਤੀ ਬਾਰੇ ਪੁਰਾਣੀ ਸਮਝ ‘ਤੇ ਸਵਾਲ ਕਰਨ ਦਾ ਸੱਦਾ ਦੇ ਰਹੀਆਂ ਹਨ। ਜਦੋਂ ਤੁਸੀਂ ਇਸ ਵੱਖਰੇ ਨਜ਼ਰੀਏ ਤੋਂ ਜੀਵਨ ਨੂੰ ਤੱਕੋਗੇ, ਉਹ ਨਾਟਕੀ ਢੰਗ ਨਾਲ ਸੁਧਰਿਆ ਹੋਇਆ ਜਾਪੇਗਾ।
ਸਾਨੂੰ ਇਹ ਕਦੇ ਵੀ ਪਤਾ ਨਹੀਂ ਚੱਲ ਸਕਦਾ ਕਿ ਕਿਸੇ ਦੇ ਮਨ ਵਿੱਚ ਕੀ ਚੱਲ ਰਿਹੈ। ਬੇਸ਼ੱਕ ਅਸੀਂ ਕਿਸੇ ਨਾਲ ਆਪਣੀਆਂ ਗਹਿਰੀਆਂ ਤੋਂ ਗਹਿਰੀਆਂ ਭਾਵਨਾਵਾਂ ਵੀ ਸਾਂਝੀਆਂ ਕਰ ਲਈਏ, ਆਪਣੇ ਗੁੱਝੇ ਤੋਂ ਗੁੱਝੇ ਰਹੱਸ ਉਨ੍ਹਾਂ ਨੂੰ ਦੱਸ ਦੇਈਏ ਅਤੇ ਸਭ ਕੁਝ ਉਨ੍ਹਾਂ ਸਾਹਮਣੇ ਖੋਲ੍ਹ ਕੇ ਰੱਖ ਦੇਈਏ, ਦੂਸਰਿਆਂ ਦੇ ਕੁਝ ਕੁ ਪੱਖ ਸਾਡੇ ਤੋਂ ਹਮੇਸ਼ਾ ਛੁਪੇ ਰਹਿਣਗੇ। ਸਾਡਾ ਵੀ, ਦੁਸਰਿਆਂ ਦੀ ਸਮਝ ਵਿੱਚ ਆਉਣਾ ਇੰਨਾ ਸੌਖਾ ਨਹੀਂ, ਭਾਵੇਂ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਵੇਖਣ। ਹੋਣਾ ਵੀ ਇੰਝ ਹੀ ਚਾਹੀਦੈ। ਜੇਕਰ ਸਭ ਕੁਝ ਹੀ ਪ੍ਰਤੱਖ ਹੋ ਗਿਆ ਤਾਂ ਫ਼ਿਰ ਜ਼ਿੰਦਗੀ ਦੇ ਜਾਦੂ ਦਾ ਲੁਤਫ਼ ਤੁਸੀਂ ਕਿਵੇਂ ਲੈ ਸਕੋਗੇ? ਇਸ ਵੇਲੇ ਤੁਹਾਡੇ ਲਈ ਕਿਸੇ ਨੂੰ ਸਮਝਣਾ ਮੁਸ਼ਕਿਲ ਹੁੰਦਾ ਜਾ ਰਿਹੈ। ਉਹ ਜਿਸ ਤਰ੍ਹਾਂ ਕਰ ਰਹੇ ਹਨ, ਉਂਝ ਉਹ ਕਿਉਂ ਕਰ ਰਹੇ ਨੇ? ਛੇਤੀ ਹੀ ਤੁਹਾਨੂੰ ਇਹ ਵੀ ਸਮਝ ਆ ਜਾਵੇਗਾ!
ਜੋ ਸਾਨੂੰ ਚਾਹੀਦੈ, ਜ਼ਿੰਦਗੀ ਵਿੱਚ ਉਸ ਨੂੰ ਹਾਸਿਲ ਕਰਨ ਲਈ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦੈ ਕਿ ਅਸਲ ਵਿੱਚ ਸਾਨੂੰ ਚਾਹੀਦਾ ਕੀ ਹੈ। ਅਕਸਰ, ਸਾਨੂੰ ਓਦੋਂ ਤਕ ਆਪਣੀਆਂ ਲੋੜਾਂ ਦਾ ਸਹੀ ਅਹਿਸਾਸ ਨਹੀਂ ਹੁੰਦਾ ਜਦੋਂ ਤਕ ਅਸੀਂ ਉਸ ਦਾ ਸਵਾਦ ਨਹੀਂ ਚੱਖ ਲੈਂਦੇ ਜੋ ਸਾਨੂੰ ਨਹੀਂ ਚਾਹੀਦਾ ਹੁੰਦਾ! ਸੱਚਮੁੱਚ, ਜੇਕਰ ਅਸੀਂ ਤਰਕਸ਼ੀਲ ਹੋਈਏ ਤਾਂ ਸਾਨੂੰ ਸਾਰੀਆਂ ਨਾਕਾਰਾਤਮਕ ਘਟਨਾਵਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦੈ। ਇਹ ਬੇਸ਼ੱਕ ਆਨੰਦਮਈ ਤਾਂ ਨਹੀਂ ਹੁੰਦੀਆਂ, ਪਰ ਇਹ ਸਾਨੂੰ ਭਵਿੱਖ ਲਈ ਇੱਛਾਵਾਂ ਕਰਨ ਦੀ ਤਮੀਜ਼ ਅਤੇ ਚੌਕੰਨੇ ਰਹਿਣ ਦਾ ਹੁਨਰ ਸਿਖਾ ਜਾਂਦੀਆਂ ਹਨ। ਹੁਣ ਕਿਰਪਾ ਕਰ ਕੇ, ਮੈਨੂੰ ਗ਼ਲਤ ਨਾ ਸਮਝਣਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੁਸ਼ਕਿਲ ਵਕਤ ਨਾਲ ਦੋ-ਚਾਰ ਹੋਣ ਵਾਲੇ ਹੋ। ਮੈਂ ਤਾਂ ਸਿਰਫ਼ ਇੰਨਾ ਕਹਿ ਰਿਹਾਂ ਕਿ ਹਾਲ ਹੀ ਵਿੱਚ ਤੁਸੀਂ ਕਾਫ਼ੀ ਮੁਸ਼ਕਿਲਾਂ ਨਾਲ ਦਸਤ ਪੰਜਾ ਕਰ ਚੁੱਕੇ ਹੋ। ਹੁਣ ਹਾਲਾਤ ਭਲੇ ਲਈ ਬਦਲਣ ਵਾਲੇ ਲਗਦੇ ਨੇ! ਤੇ ਜਦੋਂ ਇਹ ਬਦਲਣ ਤਾਂ ਅਤੀਤ ਬਾਰੇ ਫ਼ਰਾਖ਼ਦਿਲੀ ਨਾਲ ਸੋਚਿਓ।
ਕੋਈ ਵੀ ਠੀਕ ਉਸ ਤਰ੍ਹਾਂ ਨਹੀਂ ਕਰਦਾ ਜੋ ਦੂਸਰੇ ਉਨ੍ਹਾਂ ਤੋਂ ਕਰਵਾਉਣਾ ਚਾਹੁੰਦੇ ਹਨ। ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦਾ ਸਮਝੌਤਾ ਜਾਂ ਲੈਣ-ਦੇਣ ਹੁੰਦਾ ਹੈ। ਜੇਕਰ ਸਾਨੂੰ ਉਹ ਚਾਹੀਦੈ ਤਾਂ ਸਾਨੂੰ ਇਹ ਬਰਦਾਸ਼ਤ ਕਰਨਾ ਪੈਣੈ। ਜੇਕਰ ਇਹ ਗੱਲ ਬਣਾਉਣੀ ਹੈ ਤਾਂ ਉਸ ਨੂੰ ਭੁੱਲਣਾ ਪੈਣੈ। ਇਸ ਵਿੱਚ ਕੁਝ ਵੀ ਗ਼ਲਤ ਨਹੀਂ ਕਿਉਂਕਿ ਇਹ ਜੀਵਨ ਕਦੇ ਵੀ ਹਰ ਪੱਖੋਂ ਸੰਪੂਰਨ ਨਹੀਂ ਹੋ ਸਕਦਾ, ਇੱਥੇ ਇੰਝ ਹੀ ਗੁਜ਼ਾਰਾ ਕਰਨਾ ਪੈਂਦੈ। ਹਾਲ ਹੀ ਵਿੱਚ, ਤੁਹਾਨੂੰ ਆਪਣੇ ਨਿੱਜੀ ਜੀਵਨ ਵਿੱਚ ਕਿਸੇ ਅਜਿਹੀ ਪ੍ਰਗਤੀ ਨਾਲ ਐਡਜਸਟਮੈਂਟ ਕਰਨੀ ਪਈ ਹੈ ਜਿਹੜੀ ਤੁਹਾਡੀਆਂ ਆਸਾਂ ਦੇ ਲਾਗੇ ਚਾਗੇ ਵੀ ਨਹੀਂ ਸੀ। ਜਿਸ ਸਭਿਅਕ ਢੰਗ ਨਾਲ ਤੁਸੀਂ ਉਸ ਸਭ ਨਾਲ ਨਜਿੱਠਿਐ, ਉਸ ਦਾ ਇਨਾਮ ਤੁਹਾਨੂੰ ਆਪਣੇ ਭਾਵਨਾਤਮਕ ਦ੍ਰਿਸ਼ਟੀਕੋਣ ਵਿੱਚ ਸੁਧਾਰ ਦੇ ਰੂਪ ਵਿੱਚ ਮਿਲੇਗਾ।
ਇਹ ਤਵੱਕੋ ਕਰਨਾ ਕਦੇ ਵੀ ਸਿਆਣੀ ਗੱਲ ਨਹੀਂ ਹੁੰਦੀ ਕਿ ਕੋਈ ਦੂਸਰਾ ਵਿਅਕਤੀ ਆਪਣੇ ਆਪ ਨੂੰ ਤੁਹਾਡੀ ਖ਼ਾਤਿਰ ਬਦਲ ਲਵੇਗਾ। ਜੇ ਉਹ ਵਾਕਈ ਆਪਣੇ ਵਿੱਚ ਤਬਦੀਲੀ ਲਿਆ ਸਕਦੇ ਹੋਣ ਤਾਂ ਵੀ ਉਹ ਬਦਲਣਗੇ ਤਾਂ ਹੀ ਜੇ ਉਹ ਅਜਿਹਾ ਮਨੋਂ ਕਰਨਾ ਚਾਹੁਣਗੇ। ਹਰ ਤਬਦੀਲੀ ਤੁਹਾਡੇ ਧੁਰ ਅੰਦਰੋਂ ਨਿਕਲਦੀ ਹੈ। ਤਬਦੀਲੀ ਤੁਹਾਡੀ ਕਿਸੇ ਉਮੀਦ, ਇੱਛਾ, ਲੋੜ, ਕਲਪਨਾ ਜਾਂ ਤਸੱਵੁਰ ਦਾ ਜਵਾਬ ਨਹੀਂ ਹੋ ਸਕਦੀ। ਪਰ ਜੇਕਰ ਤੁਹਾਡੇ ਅੰਦਰ ਕਿਸੇ ਦੂਸਰੇ ਨੂੰ ਬਦਲਣ ਦੀ ਤਾਕਤ ਨਾ ਵੀ ਹੋਵੇ ਘੱਟੋ-ਘੱਟ ਤੁਸੀਂ ਆਪਣੇ ਆਪ ਨੂੰ ਤਾਂ ਬਦਲ ਹੀ ਸਕਦੇ ਹੋ। ਤੁਸੀਂ ਆਪਣੀ ਕੋਈ ਭੈੜੀ ਆਦਤ ਛੱਡਣ ਦਾ ਇਰਾਦਾ ਬਣਾ ਸਕਦੇ ਹੋ, ਕਿਸੇ ਲੜੀ ਨੂੰ ਤੋੜਨ ਦਾ ਫ਼ੈਸਲਾ ਕਰ ਸਕਦੇ ਹੋ ਜਾਂ ਜਿਊਣ, ਮਹਿਸੂਸ ਕਰਨ ਅਤੇ ਜਵਾਬ ਦੇਣ ਦੇ ਆਪਣੇ ਪੁਰਾਣੇ ਨਿੱਜੀ ਅੰਦਾਜ਼ ਨੂੰ ਤਿਆਗਣ ਦਾ ਮਨ ਬਣਾ ਸਕਦੇ ਹੋ। ਜੇ ਤੁਸੀਂ ਅਜਿਹਾ ਕਰ ਸਕੇ ਤਾਂ ਤੁਸੀਂ ਛੇਤੀ ਹੀ ਆਪਣੇ ਆਪ ਨੂੰ ਮੁੜ ਟ੍ਰੇਨ ਕਰ ਕੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਸਾਕਾਰਾਤਮਕ ਤਬਦੀਲੀਆਂ ਲਿਆ ਸਕੋਗੇ।
ਅਸੀਂ ਸਾਰੇ ਫ਼ੌਰੀ ਸਫ਼ਲਤਾ ਅਤੇ ਤਤਕਾਲੀਨ ਸੰਤੁਸ਼ਟੀ ਦੇ ਸੁਪਨੇ ਲੈਂਦੇ ਹਾਂ। ਸਾਨੂੰ ਇਹ ਵੀ ਪਤੈ ਕਿ ਅਜਿਹਾ ਹੋਣਾ ਬਹੁਤ ਹੀ ਦੁਰਲਭ ਹੁੰਦੈ। ਅਸੀਂ ਸਖ਼ਤ ਮਿਹਨਤ ਅਤੇ ਸਬਰ ਸੰਤੋਖ ਦੀ ਮਹਿਮਾ ਨੂੰ ਵੀ ਭਲੀ ਭਾਂਤ ਸਮਝਦੇ ਹਾਂ। ਫ਼ਿਰ ਵੀ, ਅਸੀਂ ਇੱਕ ਅਜਿਹੀ ਜ਼ਿੰਦਗੀ ਲਈ ਤਰਸਦੇ ਰਹਿੰਦੇ ਹਾਂ ਜਿਸ ਵਿੱਚ ਸਾਡੇ ਸਾਰੇ ਕੰਮ ਚੁਟਕੀ ਵਜਾਉਂਦਿਆਂ ਹੀ ਬਣ ਜਾਣ ਜਾਂ ਜਾਦੂ ਦੀ ਕੋਈ ਛੜੀ ਲਹਿਰਾ ਕੇ ਅਸੀਂ ਆਪਣੀਆਂ ਸਾਰੀਆਂ ਇੱਛਾਵਾਂ ਤੇ ਲੋੜਾਂ ਫ਼ੌਰਨ ਪੂਰੀਆਂ ਕਰ ਸਕੀਏ। ਜੇਕਰ ਤੁਹਾਨੂੰ ਵੀ ਲੱਗ ਰਿਹੈ ਕਿ ਤੁਸੀਂ ਕਿਸੇ ਅਜਿਹੇ ਹੀ ਕਿਸੇ ਜਾਦੂਈ ਸਥਾਨ ‘ਤੇ ਪਹੁੰਚ ਚੁੱਕੇ ਹੋ ਤਾਂ ਫ਼ਿਰ ਆਪਣਾ ਉਹ ਸੁਪਨਾ ਜਿਊਣਾ ਜਾਰੀ ਰਖੋ ਅਤੇ ਆਨੰਦ ਮਾਣੋ, ਪਰ ਅਜਿਹਾ ਕਰਦੇ ਹੋਏ ਇਹ ਜ਼ਰੂਰ ਚੇਤੇ ਰੱਖਿਓ ਕਿ ਇਸ ਨੂੰ ਹਾਸਿਲ ਕਰਨ ਲਈ ਤੁਸੀਂ ਸਖ਼ਤ ਤੇ ਲੰਬੀ ਘਾਲਣਾ ਘਾਲੀ ਹੈ!