ਕਿਸੇ ਉੱਚੀ ਇਮਾਰਤ ਦੇ ਉੱਪਰ ਖੜ੍ਹੇ ਹੋ ਕੇ, ਹੇਠਾਂ ਦੇਖਦਿਆਂ, ਤੁਸੀਂ ਉਹ ਸਭ ਕੁਝ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਜ਼ਮੀਨ ‘ਤੇ ਖੜ੍ਹੇ ਹੋ ਕੇ ਸ਼ਾਇਦ ਨਾ ਦਿਖਾਈ ਦੇਵੇ। ਤੁਸੀਂ ਇਹ ਦੇਖ ਸਕਦੇ ਹੋ ਕਿ ਕਿਹੜੀ ਸੜਕ ਕਿੱਧਰ ਨੂੰ ਜਾ ਰਹੀ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ ਕਿਹੜੀ ਝਾੜੀ ਜਾਂ ਦੀਵਾਰ ਪਿੱਛੇ ਕੀ ਛੁੱਪਿਆ ਹੋਇਐ। ਤੁਸੀਂ ਰੂਟ ਦਾ ਨਕਸ਼ਾ ਤਿਆਰ ਕਰ ਸਕਦੇ ਹੋ, ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਅਤੇ ਅੱਗੇ ਵਧਣ ਦੇ ਬਿਹਤਰੀਨ ਢੰਗਾਂ ਦਾ ਜਾਇਜ਼ਾ ਲੈ ਸਕਦੇ ਹੋ। ਇਹ ਸਾਰੀ ਸਮਝ ਓਦੋਂ ਭਾਫ਼ ਬਣ ਕੇ ਉਡ ਜਾਂਦੀ ਹੈ ਜਦੋਂ ਤੁਸੀਂ ਰੋਜ਼ਮੱਰਾ ਦੀਆਂ ਅਤੇ ਜ਼ਮੀਨੀ ਚੁਣੌਤੀਆਂ ਨਾਲ ਨਜਿੱਠ ਰਹੇ ਹੁੰਦੇ ਹੋ। ਜਦੋਂ ਤੁਹਾਨੂੰ ਆਖ਼ਰੀ ਵਾਰ ਇੰਝ ਮਹਿਸੂਸ ਹੋਇਆ ਸੀ ਕਿ ਜਿਵੇਂ ਤੁਹਾਨੂੰ ਚੁੱਕ ਕੇ ਕਿਸੇ ਉੱਚੇ ਸਥਾਨ ‘ਤੇ ਬਿਠਾ ਦਿੱਤਾ ਗਿਆ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੱਤਾ ਸੀ। ਹੁਣ ਵੀ ਉਸੇ ਤਰ੍ਹਾਂ ਹੀ ਕਰੋ।
ਅਸੀਂ ਜਿੰਨਾ ਜ਼ਿਆਦਾ ਸਮਾਂ ਕਿਸੇ ਵਿਅਕਤੀ ਨਾਲ ਵਿਅਤੀਤ ਕਰਦੇ ਹਾਂ, ਕੁੱਝ ਗ਼ਲਤਫ਼ਹਿਮੀਆਂ ਨੂੰ ਦੂਰ ਕਰਨਾ ਓਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਮੰਨ ਲਓ, ਆਪਣੀ ਪਹਿਲੀ ਮੀਟਿੰਗ ‘ਤੇ, ਮੈਂ ਤੁਹਾਡੇ ਲਈ ਇੱਕ ਫੁੱਲ ਲਿਆਉਂਦਾ ਹਾਂ। ਉਹ ਤੁਹਾਨੂੰ ਪਸੰਦ ਤਾਂ ਨਹੀਂ ਆਉਂਦਾ, ਪਰ ਮੈਨੂੰ ਇਸ ਬਾਰੇ ਕੁੱਝ ਵੀ ਕਹਿਣੋਂ ਤੁਹਾਡੀ ਸ਼ਾਲੀਨਤਾ ਤੁਹਾਨੂੰ ਵਰਜਦੀ ਹੈ। ਤੁਸੀਂ ਸ਼ੁਕਰਗ਼ੁਜ਼ਾਰੀ ਦਾ ਨਾਟਕ ਕਰਦੇ ਹੋ। ਮੈਂ ਤੁਹਾਡੀ ਪ੍ਰਸ਼ੰਸਾ ਕਬੂਲ ਕਰ ਲੈਨਾਂ। ਉਸ ਵਕਤ ਤੋਂ ਬਾਅਦ, ਮੈਂ ਹਮੇਸ਼ਾ ਕੋਈ ਨਾ ਕੋਈ ਓਹੋ ਜਿਹਾ ਹੀ ਤੋਹਫ਼ਾ ਤੁਹਾਡੇ ਲਈ ਲੈ ਕੇ ਆਉਣਾ ਸ਼ੁਰੂ ਕਰ ਦਿੰਦਾਂ। ਤੁਸੀਂ ਕਦੇ ਵੀ ਇਹ ਕਿਵੇਂ ਦੱਸ ਸਕਦੇ ਹੋ ਕਿ ਤੁਹਾਡੀ ਸੱਚਮੁੱਚ ਉਸ ਬਾਰੇ ਕੀ ਰਾਏ ਹੈ? ਤੁਹਾਡੇ ਸੰਸਾਰ ‘ਚ ਵੀ ਕਿਤੇ, ਅਜਿਹਾ ਹੀ ਕੋਈ ਸਵਾਂਗ ਖੇਡਿਆ ਜਾ ਰਿਹਾ ਹੈ। ਜਾਂ ਤਾਂ ਤੁਸੀਂ ਪਾਖੰਡ ਵਾਸਤੇ ਨਿਰੰਤਰ ਅਤੇ ਅਸਲੀ ਉਤਸ਼ਾਹ ਲੱਭੋ ਜਾਂ ਤੁਹਾਨੂੰ ਸੱਚ ਨਾਲ ਨਜਿੱਠਣਾ ਹੀ ਪੈਣੈ।
ਆਰਥਿਕ ਨਿਵੇਸ਼ ਕਰਨ ਵੇਲੇ ਲੋਕ ਆਮ ਤੌਰ ‘ਤੇ ਕੰਪਨੀਆਂ ਜਾਂ ਸ੍ਰੋਤ ਚੁਣਦੇ ਹਨ। ਉਹ ਅਦਾਰਿਆਂ ਦੇ ਸ਼ੇਅਰ ਖ਼ਰੀਦਦੇ ਹਨ ਜਾਂ ਉਹ ਆਪਣਾ ਸਰਮਾਇਆ ਧਾਤਾਂ ‘ਚ ਡੁਬੋ ਦਿੰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਅਸੀਂ ਅਜਿਹੀਆਂ ਗ਼ੈਰਸ਼ਖ਼ਸੀ, ਭਾਵਵਾਚਕ ਚੀਜ਼ਾਂ ‘ਚ ਆਸਥਾ ਰੱਖਦੇ ਹਾਂ। ਅਸੀਂ ਮਨੁੱਖਾਂ ‘ਚ ਓਨਾ ਹੀ ਵਿਸ਼ਵਾਸ ਕਿਓਂ ਨਹੀਂ ਦਿਖਾ ਪਾਉਂਦੇ? ਉਨ੍ਹਾਂ ਲੋਕਾਂ ‘ਚ ਜਿਹੜੇ ਸਾਨੂੰ ਸੱਚਮੁੱਚ ਕਿਸੇ ਮੁਕਾਮ ‘ਤੇ ਅੱਪੜਨ ਵਾਲੇ ਜਾਪਦੇ ਹੋਣ? ਮੰਡੀਆਂ, ਰਸਮੀ ਤੌਰ ‘ਤੇ, ਅਜਿਹੀਆਂ ਪੇਸ਼ਕਸ਼ਾਂ ਤੋਂ ਡਰਦੀਆਂ ਹਨ। ਪਰ ਤੁਹਾਨੂੰ ਤਾਂ ਪਤਾ ਹੀ ਹੈ, ਆਪਣੇ ਮਨ ਅੰਦਰ, ਕਿ ਤੁਹਾਨੂੰ ਇਸ ਵਕਤ ਕਿਸ ਦੀ ਹਮਾਇਤ ਕਰਨੀ ਚਾਹੀਦੀ ਹੈ। ਸਹੀ ਬੰਦੇ ਦਾ ਸਮੱਰਥਨ ਕਰੋ, ਅਤੇ ਅੰਤ ‘ਚ ਤੁਹਾਨੂੰ ਇਨਾਮ ਵੀ ਬਹੁਤਾਤ ‘ਚ ਨਸੀਬ ਹੋਣਗੇ।
ਆਓ ਇੱਕ ਫ਼ਰਜ਼ੀ ਡਿਨਰ ਪਾਰਟੀ ਕਰੀਏ। ਛੇ ਬੰਦਿਆਂ ਲਈ ਮੇਜ਼ ਸਜਾਓ। ਜੇਕਰ ਤੁਹਾਡੇ ਕੋਲ ਬਹੁਤਾ ਖਾਣਾ ਨਹੀਂ ਵੀ ਤਾਂ ਚਿੰਤਾ ਨਾ ਕਰੋ। ਕਲਪਨਾ ਦੇ ਸੰਸਾਰ ‘ਚ, ਅਸੀਂ ਸਾਰੇ ਹਾਤਮਤਾਈ ਬਣ ਸਕਦੇ ਹਾਂ। ਹੁਣ ਜ਼ਰਾ, ਕਿਰਪਾ ਕਰ ਕੇ, ਆਪਣੇ ਮਹਿਮਾਨਾਂ ਨੂੰ ਅੰਦਰ ਆਉਣ ਦਾ ਨਿਓਤਾ ਦਿਓ: ਸ਼ੰਕਾ, ਚਿੰਤਾ, ਡਰ, ਗੁੱਸਾ, ਭੰਬਲਭੂਸਾ ਅਤੇ ਨਾਰਾਜ਼ਗੀ ਨੂੰ। ਉਨ੍ਹਾਂ ਦੀ ਨਾਕਾਰਾਤਮਕਤਾ ਦੇ ਭੋਜਨ ਨਾਲ ਖ਼ੂਬ ਖ਼ਾਤਿਰਦਾਰੀ ਕਰੋ। ਪਰ ਖ਼ੁਦ ਉਨ੍ਹਾਂ ਨਾਲ ਖਾਣ ਨਾ ਬੈਠੋ, ਪਰ੍ਹਾਂ ਖਿਸਕ ਜਾਓ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਸ਼ੈਵਾਂ ਇਕੱਲਿਆਂ ਡਫ਼ਣ ਦਿਓ ਜਿਹੜੀਆਂ ਉਨ੍ਹਾਂ ਨੂੰ ਮੋਟਾ ਬਣਾਉਣਗੀਆਂ। ਤੁਹਾਡੇ ਲਈ ਇਸ ਤੋਂ ਕਿਤੇ ਸ਼ਾਨਦਾਰ, ਵਿਹਾਰਕ ਉਮੀਦਾਂ ਨਾਲ ਸੱਜਿਆ, ਇੱਕ ਦਸਤਰਖ਼ਾਨ ਇੰਤਜ਼ਾਰ ਕਰ ਰਿਹਾ ਹੈ। ਤੁਹਾਡੇ ਲਈ ਬਹੁਤ ਕੁੱਝ ਹੈ, ਪਰ ਉਨ੍ਹਾਂ ਲਈ ਨਹੀਂ!
ਸਾਡਾ ਸੰਸਾਰ ਗੱਪਾਂ ਨਾਲ ਤੂੜਿਆ ਪਿਐ। ਕੌਣ ਕਿਸ ਨਾਲ ਸੌਂ ਰਿਹੈ? ਕੌਣ ਕਿਸ ਤੋਂ ਵੱਖ ਹੋ ਰਿਹੈ? ਕੌਣ-ਕੌਣ ਮੁੜ ਇਕੱਠੇ ਹੋ ਰਹੇ ਨੇ? ਇਨ੍ਹਾਂ ‘ਚੋਂ ਕਿਸੇ ਵੀ ਚੀਜ਼ ਬਾਰੇ ਜਾਣਨ ਦਾ ਆਖ਼ਿਰ ਸਾਨੂੰ ਕੀ ਹੱਕ? ਅਤੇ ਇਹ ਵੀ ਨਹੀਂ ਕਿ ਸਾਨੂੰ ਇਨ੍ਹਾਂ ਗੱਲਾਂ ਬਾਰੇ ਕੇਵਲ ਜਾਣਕਾਰੀ ਹੀ ਦਿੱਤੀ ਜਾਂਦੀ ਹੈ, ਸਾਨੂੰ ਅਸਲ ‘ਚ ਉਨ੍ਹਾਂ ਸਾਰਿਆਂ ਬਾਰੇ ਰਾਏ ਬਣਾਉਣ ਲਈ ਸੱਦਾ ਵੀ ਦਿੱਤਾ ਜਾਂਦੈ। ਪਰ ਜੇਕਰ ਅਸੀਂ ਕਦੇ ਉਨ੍ਹਾਂ ਲੋਕਾਂ ਨੂੰ ਮਿਲੇ ਹੀ ਨਹੀਂ, ਸਾਨੂੰ ਇਹ ਕਿਵੇਂ ਪਤਾ ਚੱਲ ਸਕਦੈ ਕਿ ਕੋਈ ਜੋੜਾ ਇੱਕ ਦੂਜੇ ਲਈ ਸਹੀ ਹੈ ਜਾਂ ਨਹੀਂ? ਤੁਹਾਡਾ ਆਪਣਾ ਭਾਵਨਾਤਮਕ ਜੀਵਨ ਬੇਸ਼ੱਕ ਸੁਰਖ਼ੀਆਂ ਨਾ ਵੀ ਬਣਾ ਰਿਹਾ ਹੋਵੇ, ਪਰ ਉਹ ਭਾਈਚਾਰੇ ਦੇ ਕੁੱਝ ਹਿੱਸਿਆਂ ਤੋਂ ਟਿੱਪਣੀਆਂ ਜ਼ਰੂਰ ਬਟੋਰ ਰਿਹੈ।