ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1385

ਸੰਵਾਦ ‘ਚ ਸਭ ਤੋਂ ਵੱਡੀ ਸਮੱਸਿਆ ਕਦੋਂ ਖੜ੍ਹੀ ਹੁੰਦੀ ਹੈ? ਜਦੋਂ ਦੋ ਲੋਕ ਇਹ ਮਹਿਸੂਸ ਕਰਨ ਲੱਗਣ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਰਿਹੈ ਕਿ ਦੂਸਰਾ ਕੀ ਕਹਿਣਾ ਚਾਹ ਰਿਹੈ, ਪਰ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਨੇ ਅਸਲ ‘ਚ ਸੋਟੀ ਦਾ ਗ਼ਲਤ ਸਿਰਾ ਫ਼ੜਨ ‘ਚ ਕਾਮਯਾਬੀ ਹਾਸਿਲ ਕਰ ਲਈ ਹੁੰਦੀ ਹੈ। ਇਸ ਵਕਤ ਸਾਵਧਾਨੀ ਵਰਤਣ ਦੀ ਲੋੜ ਹੈ, ਉਸ ਬਾਰੇ ਬਹੁਤੀ ਨਹੀਂ ਜਿਸ ਦਾ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਅਰਥ ਨਹੀਂ ਕੱਢ ਪਾ ਰਹੇ, ਪਰ ਉਸ ਬਾਰੇ ਜਿਸ ਸਬੰਧੀ ਕਿਸੇ ਕਿਸਮ ਦੇ ਸ਼ੱਕ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਸੁਰੱਖਿਅਤ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ। ਤੁਹਾਡੇ ਨਾਲ ਧੋਖਾ ਜਾਂ ਵਿਸਾਹਘਾਤ ਨਹੀਂ ਕੀਤਾ ਜਾ ਰਿਹਾ; ਪਰ ਨਾ ਹੀ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਜਿਸ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਅਤੇ ਬਦਲੇ ‘ਚ ਤੁਹਾਡੇ ਨਾਲ ਵੀ ਅਜਿਹਾ ਹੋਵੇਗਾ।

ਤਜਰਬਾ ਸਾਨੂੰ ਸਿਖਾਉਂਦਾ ਹੈ ਕਿ ਸਰਬੋਤਮ ਕਦੇ-ਕਦਾਈਂ ਅਤੇ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦੈ। ਜ਼ਿੰਦਗੀ ‘ਚ, ਬਹੁਤ ਜਲਦੀ ਸਾਨੂੰ ਅਜਿਹਾ ਜਾਪਣ ਲੱਗਦੈ ਜਿਵੇਂ ਦੂਸਰੀ ਸਭ ਤੋਂ ਉੱਤਮ ਸ਼ੈਅ ਤੋਂ ਵੱਧ ਅਸੀਂ ਕਿਸੇ ਹੋਰ ਚੀਜ਼ ਦੀ ਉਮੀਦ ਨਹੀਂ ਕਰ ਸਕਦੇ। ਹਮੇਸ਼ਾ, ਜ਼ਾਹਿਰਾ ਤੌਰ ‘ਤੇ, ਕੋਈ ਨਾ ਕੋਈ ਅਜਿਹਾ ਸਮਝੌਤਾ ਹੋਏਗਾ ਜਿਸ ਨਾਲ ਸਾਨੂੰ ਸਬਰ ਕਰਨਾ ਪਵੇਗਾ। ਜੇਕਰ ਅਸੀਂ ਬੁੱਧੀਮਾਨ ਅਤੇ ਖ਼ੁਸ਼ਕਿਸਮਤ ਹੋਈਏ, ਹੋ ਸਕਦੈ ਅਸੀਂ ਪਿੱਛੇ ਮੁੜ ਕੇ ਦੇਖੀਏ ਅਤੇ ਸਾਨੂੰ ਬਾਅਦ ‘ਚ ਅਹਿਸਾਸ ਹੋਵੇ ਕਿ ਚੰਗਾ ਹੀ ਹੋਇਆ ਚੀਜ਼ਾਂ ਓਹੋ ਜਿਹੀਆਂ ਨਹੀਂ ਨਿਕਲੀਆਂ ਜਿਹੋ ਜਿਹੀ ਅਸੀਂ ਸ਼ੁਰੂਆਤ ‘ਚ ਤਵੱਕੋ ਕੀਤੀ ਸੀ। ਜੋ ਅਸੀਂ ਸੋਚਿਆ ਸੀ ਭੈੜਾ ਹੈ, ਦਰਅਸਲ ਚੰਗੈ। ਇੰਨਾ ਕਹਿਣ ਦੇ ਬਾਵਜੂਦ, ਕਈ ਵਾਰ, ਬੱਸ ਸਿਰਫ਼ ਕਈ ਵਾਰ, ਸਾਨੂੰ ਉਹ ਵੀ ਮਿਲ ਜਾਂਦੈ ਜਿਸ ਦੀ ਅਸੀਂ ਤਮੰਨਾ ਕੀਤੀ ਹੁੰਦੀ ਹੈ ਅਤੇ ਉਹ ਬਹੁਤ ਚੰਗਾ ਵੀ ਹੁੰਦੈ। ਅਤੇ ਇਹ ਉਨ੍ਹਾਂ ‘ਚੋਂ ਹੀ ਇੱਕ ਵਾਰ ਹੈ।

ਕਈ ਵਾਰ, ਕੋਈ ਵੀ ਗੱਲ ਬਣਦੀ ਹੋਈ ਨਹੀਂ ਜਾਪਦੀ। ਪਰ ਕਈ ਵਾਰ, ਇੰਝ ਲੱਗਦੈ ਕਿ ਤੁਹਾਡੇ ਤਾਂ ਬੱਸ ਚੁੱਟਕੀ ਵਜਾਉਣ ਦੀ ਦੇਰ ਹੈ ਅਤੇ ਫ਼ਰਿਸ਼ਤਿਆਂ ਦੀ ਇੱਕ ਪੂਰੀ ਦੀ ਪੂਰੀ ਟੀਮ ਤੁਹਾਡੀ ਸੇਵਾ ‘ਚ ਜੁੱਟ ਜਾਵੇਗੀ। ਸਭ ਤੋਂ ਬਿਹਤਰੀਨ ਉਹ ਵਕਤ ਹੁੰਦੈ ਜਦੋਂ ਸਾਨੂੰ ਮਹਿਸੂਸ ਹੋਵੇ ਕਿ ਅਸੀਂ ਕੋਈ ਵੀ ਕਾਰਜ ਨੇਪਰੇ ਚਾੜ੍ਹਨ ਦੇ ਕਾਬਿਲ ਨਹੀਂ – ਇਹ ਉਹ ਵੇਲਾ ਹੁੰਦੈ ਜਦੋਂ ਅਸੀਂ ਖ਼ੁਦ ਬਾਰੇ ਕੁਝ ਨਾ ਕੁਝ ਨਵਾਂ ਸਿਖਦੇ ਹਾਂ। ਇਹ ਗੱਲ ਚੇਤੇ ਰੱਖਿਓ, ਜਦੋਂ ਤੁਸੀਂ ਖ਼ੁਦ ਨੂੰ ਕਿਸੇ ਦੂਸਰੇ ਬੰਦੇ ਤੋਂ ਤੰਗ ਆਉਂਦਾ ਮਹਿਸੂਸ ਕਰੋ। ਇਹ ਓਦੋਂ ਵੀ ਚੇਤੇ ਰੱਖਿਓ, ਜਦੋਂ ਤੁਹਾਨੂੰ ਲਗਭਗ ਅਸੁਵਭਾਵਿਕ ਹਮਾਇਤ ਅਤੇ ਸਹਿਮਤੀ ਹਾਸਿਲ ਹੋਵੇ।

ਜੇ ਤੁਹਾਨੂੰ ਪਤੈ ਕਿ ਤੁਸੀਂ ਸਹੀ ਚੀਜ਼ ਕਰਦੇ ਰਹੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ? ਅਤੇ ਜੇਕਰ ਤੁਸੀਂ ਇਸ ਬਾਰੇ ਇੰਨਾ ਜ਼ਿਆਦਾ ਨਿਸ਼ਚਿਤ ਨਹੀਂ ਤਾਂ ਫ਼ਿਰ ਤੁਸੀਂ ਨਿਸ਼ਚਿਤ ਤੌਰ ‘ਤੇ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਇਸ ਬਾਰੇ ਇੰਨੇ ਜ਼ਿਆਦਾ ਨਿਸ਼ਚਿਤ ਨਹੀਂ? ਅਕਸਰ, ਅਸੀਂ ਗ਼ਲਤ ਚੀਜ਼ ਕਰਦੇ ਹਾਂ ਜਦੋਂ ਕਿ ਇਸ ਦੌਰਾਨ ਪੂਰੀ ਤਰ੍ਹਾਂ ਇਸ ਗੱਲ ‘ਤੇ ਦ੍ਰਿੜ ਰਹਿੰਦੇ ਹੋਏ ਕਿ ਅਸੀਂ ਸਹੀ ਸ਼ੈਅ ਕਰ ਰਹੇ ਹਾਂ। ਨਾਲੇ ਅਕਸਰ ਹੀ, ਸਾਡੀਆਂ ਗ਼ਲਤੀਆਂ ਵਰਦਾਨਾਂ ‘ਚ ਤਬਦੀਲ ਹੋ ਜਾਂਦੀਆਂ ਹਨ। ਇਸ ਬਾਵਲੇ ਸੰਸਾਰ ‘ਚ, ਅਸੀਂ ਕਿਸੇ ਵੀ ਚੀਜ਼ ਬਾਰੇ ਸੱਚਮੁੱਚ ਨਿਸ਼ਚਿਤ ਕਦੇ ਨਹੀਂ ਹੋ ਸਕਦੇ, ਸੋ ਚਿੰਤਾ ਕਰਨ ਦਾ ਰੱਤੀ ਭਰ ਵੀ ਫ਼ਾਇਦਾ ਨਹੀਂ। ਇਸ ਵਕਤ, ਤੁਹਾਡੇ ਲਈ ਤਾਂ, ਇਸ ਦਾ ਉੱਕਾ ਹੀ ਕੋਈ ਫ਼ਾਇਦਾ ਨਹੀਂ! ਹੁਣ ਤਾਂ, ਸਾਰੀਆਂ ਸਹੀ ਚੀਜ਼ਾਂ ਤੁਹਾਡੀ ਜ਼ਿੰਦਗੀ ‘ਚ ਆਉਣ ਦੀ ਤਿਆਰੀ ਕਰ ਰਹੀਆਂ ਹਨ।

ਕੀ ਤੁਸੀਂ ਲਾਭ ਮਹਿਸੂਸ ਕਰ ਰਹੇ ਹੋ? ਪਰੰਪਰਾ ਸਾਨੂੰ ਦੱਸਦੀ ਹੈ ਕਿ ਤੁਹਾਨੂੰ ਵਧੇਰੇ ਪਿਆਰ, ਭਰੋਸਾ, ਦਿਲਾਸਾ, ਪ੍ਰੇਰਨਾ ਵਗੈਰਾ ਮਹਿਸੂਸ ਕਰਨੇ ਚਾਹੀਦੇ ਹਨ। ਖ਼ੁਸ਼ਹਾਲੀ ਬਾਰੇ ਤੁਹਾਡੀ ਸਮਝ ‘ਚ ਵੀ ਸੁਧਾਰ ਆਉਣਾ ਚਾਹੀਦੈ। ਜੀਵਨ ਦਾ ਹਮੇਸ਼ਾ ਇੱਕ ਸੰਘਰਸ਼ ਬਣਿਆ ਰਹਿਣਾ ਜ਼ਰੂਰੀ ਨਹੀਂ। ਸਾਡੇ ਉੱਪਰ ਮੁਸ਼ਕਿਲ ਭਾਵਨਾਵਾਂ ਨਾਲ ਕੁਸ਼ਤੀ ਕਰਦੇ ਰਹਿਣ ਦੀ ਕੋਈ ਬੰਦਿਸ਼ ਨਹੀਂ। ਸਾਡੀਆਂ ਜ਼ਿੰਦਗੀਆਂ ਸੱਚਮੁੱਚ ਸੌਖੀਆਂ ਹੋ ਸਕਦੀਆਂ ਹਨ, ਘੱਟੋਘੱਟ ਕੁਝ ਚਿਰ ਲਈ, ਕਦੇ-ਕਦਾਈਂ ਹੀ ਸਹੀ। ਕੋਈ ਪੂਰੀ ਸੁਹਿਰਦਤਾ ਨਾਲ ਜ਼ਿੰਦਗੀ ਨੂੰ ਤੁਹਾਡੇ ਲਈ ਸੌਖਾ ਬਣਾਉਣਾ ਚਾਹੁੰਦੈ। ਤੁਹਾਨੂੰ ਉਸ ਨੂੰ ਅਜਿਹਾ ਕਰ ਲੈਣ ਦੇਣਾ ਚਾਹੀਦੈ।