ਕੀ ਇੱਕ ਸਫ਼ਲ ਪ੍ਰੇਮ ਜੀਵਨ ਦਾ ਰਹੱਸ ਦੋ ਵਿਅਕਤੀਆਂ ਦਰਮਿਆਨ ਮੌਜੂਦ ਰਿਸ਼ਤੇ ਦੀ ਸ਼ਿੱਦਤ ਜਾਂ ਚਾਹਤ ਵਿੱਚ ਲੁੱਕਿਆ ਹੋਇਆ ਹੁੰਦੈ? ਜਾਂ ਫ਼ਿਰ ਕੀ ਇਹ ਸਿਰਫ਼ ਉਨ੍ਹਾਂ ਦਰਮਿਆਨ ਮੌਜੂਦ ਸੰਵਾਦ ਜਾਂ ਗੱਲਬਾਤ ਦੇ ਪੱਧਰ ‘ਤੇ ਨਿਰਭਰ ਕਰਦੈ? ਕਈ ਲੋਕਾਂ ਦਾ ਮੰਨਣੈ ਕਿ ਕਿਸੇ ਨੂੰ ਕਿਸੇ ਵੀ ਚੀਜ਼ ਲਈ ਮਨਾਇਆ ਜਾ ਸਕਦੈ, ਬਸ਼ਰਤੇ ਉਹ ਰਾਜ਼ੀ ਹੋਣ ਲਈ ਤਿਆਰ ਹੋਣ। ਇਸ ਰਜ਼ਾਮੰਦੀ ਨੂੰ ਕਿਹੜੀ ਸ਼ੈਅ ਸੰਚਾਲਿਤ ਕਰਦੀ ਹੈ? ਰਿਸ਼ਤਿਆਂ ਦੀ ਸ਼ਿੱਦਤ! ਦੂਜੇ ਪ੍ਰਤੀ ਤੁਹਾਡੀ ਚਾਹਤ! ਆਪਣੇ ਦਿਲ ਦੇ ਧੁਰ ਅੰਦਰ, ਤੁਹਾਨੂੰ ਪਹਿਲਾਂ ਹੀ ਪਤੈ ਕਿ ਤੁਹਾਡੇ ਮਨ ਵਿੱਚ ਉਹ ਹੈ ਜਾਂ ਨਹੀਂ। ਜੇ ਨਹੀਂ ਤਾਂ ਫ਼ਿਰ ਛੱਡੋ ਪਰ੍ਹਾਂ! ਜੇ ਹੈ ਤਾਂ ਫ਼ਿਰ ਕੋਸ਼ਿਸ਼ ਕਰਨੀ ਜਾਰੀ ਰੱਖੋ। ਤੁਸੀਂ ਆਪਣੀ ਪ੍ਰਗਤੀ ਦੇਖ ਕੇ ਦੰਗ ਤੇ ਨਿਹਾਲ ਹੋ ਜਾਓਗੇ।
ਸਾਰੇ ਰਿਸ਼ਤਿਆਂ, ਚਾਹੇ ਉਹ ਸਮਾਜਕ ਹੋਣ ਜਾਂ ਭਾਵਨਾਤਮਕ, ਡੰਗ ਟਪਾਊ ਹੋਣ ਜਾਂ ਸੰਜੀਦਾ, ਵਿੱਚ ਕੁਝ ਹੱਦ ਤਕ ਲੈਣ ਦੇਣ ਸ਼ਾਮਿਲ ਰਹਿੰਦਾ ਹੀ ਹੈ। ਜਿਹੜੇ ਲੋਕ ਆਪਣੇ ਸਬੰਧਾਂ ਵਿੱਚ ਸਫ਼ਲ ਸੰਵਾਦ ਅਤੇ ਆਪਸੀ ਵਾਰਤਾਲਾਪ ਦਾ ਸੰਤੁਸ਼ਟੀਜਨਕ ਅਦਾਨ-ਪ੍ਰਦਾਨ ਕਰਨ ਦੇ ਇੱਛੁਕ ਹੁੰਦੇ ਹਨ ਉਨ੍ਹਾਂ ਨੂੰ ਸਮਝੌਤਿਆਂ ਦੀ ਅਹਿਮੀਅਤ ਪਤਾ ਹੁੰਦੀ ਹੈ। ਅਸੀਂ ਹਰ ਸ਼ੈਅ ਆਪਣੀ ਮਨਮਰਜ਼ੀ ਨਾਲ ਨਹੀਂ ਕਰ ਸਕਦੇ। ਸਾਨੂੰ ਕਦੇ ਕਦਾਈਂ ਕਿਸੇ ਹੋਰ ਨੂੰ ਵੀ ਜਿੱਤ ਦੇ ਅਹਿਸਾਸ ਦਾ ਮਜ਼ਾ ਚੱਖ ਲੈਣ ਦੇਣਾ ਚਾਹੀਦਾ ਹੈ। ਰਿਸ਼ਤੇ ਦਾ ਤਵਾਜ਼ਨ ਕਾਇਮ ਰੱਖਣਾ ਵਧੇਰੇ ਸੌਖਾ ਹੋ ਜਾਂਦਾ ਹੈ ਜੇਕਰ ਦੋਹਾਂ ਧਿਰਾਂ ਨੂੰ ਸੱਚਮੁੱਚ ਇਹ ਪਤਾ ਹੋਵੇ ਕਿ ਉਨ੍ਹਾਂ ਨੂੰ ਚਾਹੀਦਾ ਕੀ ਹੈ! ਜਿੱਥੇ ਸੀਮਾਵਾਂ ਬਹੁਤੀਆਂ ਅਸਪੱਸ਼ਟ ਨਾ ਹੋਣ, ਉੱਥੇ ਗੱਲਬਾਤ ਵਧੇਰੇ ਸਾਜ਼ਗ਼ਾਰ ਹੁੰਦੀ ਹੈ!
ਆਪਣੀ ਜ਼ਿੰਦਗੀ ਦੀ ਰਫ਼ਤਾਰ ‘ਤੇ ਸਾਡਾ ਕੋਈ ਕਾਬੂ ਨਹੀਂ। ਅਸੀਂ ਚੀਜ਼ਾਂ ਨੂੰ ਆਹਿਸਤਾ ਕਰਨ ਜਾਂ ਤੇਜ਼ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰ ਸਕਦੇ ਹਾਂ, ਪਰ ਜੀਵਨ ਦੀ ਇਸ ਖੇਡ ਵਿੱਚ ਅਸੀਂ ਇਕਲੌਤੇ ਖਿਡਾਰੀ ਨਹੀਂ ਹੁੰਦੇ। ਇਸ ਵਿੱਚ ਦੂਸਰਿਆਂ ਦੀ ਰਾਏ ਦੀ ਵੀ ਅਹਿਮੀਅਤ ਹੁੰਦੀ ਹੈ। ਕਈ ਵਾਰ, ਦੂਜਿਆਂ ਦੇ ਨਾਟਕ ਇੰਨੇ ਜ਼ਿਆਦਾ ਜ਼ਰੂਰੀ ਬਣ ਜਾਂਦੇ ਹਨ ਕਿ ਉਹ ਬਾਕੀ ਦੀਆਂ ਸਭ ਚੀਜ਼ਾਂ ਅਤੇ ਲੋੜਾਂ ਉੱਪਰ ਪ੍ਰਾਥਮਿਕਤਾ ਲੈ ਜਾਂਦੇ ਹਨ। ਇੱਕ ਖ਼ਾਸ ਵਿਅਕਤੀ, ਜਿਸ ਦਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ, ਨੇ ਤੁਹਾਡੇ ਲਈ ਥੋੜ੍ਹਾ ਅਸੁਵਿਧਾਜਨਕ ਏਜੰਡਾ ਸੈੱਟ ਕਰ ਦਿੱਤਾ ਲਗਦੈ। ਆਪਣੀ ਵਿੱਤ ਅਨੁਸਾਰ ਇਸ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੋ ਅਤੇ ਇਹ ਕੋਸ਼ਿਸ਼ ਕਰਿਓ ਕਿ ਬਹੁਤੀ ਸ਼ਿਕਾਇਤ ਨਾ ਕੀਤੀ ਜਾਵੇ। ਜਿਸ ਪ੍ਰਕਿਰਿਆ ਰਾਹੀਂ ਉਹ ਵਿਅਕਤੀ ਇਸ ਵਕਤ ਗੁਜ਼ਰ ਰਿਹੈ, ਉਸ ਦਾ ਤੁਹਾਨੂੰ ਵੀ ਫ਼ਾਇਦਾ ਹੋਣਾ ਲਾਜ਼ਮੀ ਹੈ। ਅੰਤ ਵਿੱਚ ਸਭ ਦਾ ਭਲਾ ਹੋਵੇਗਾ!
ਤੁਸੀਂ ਆਪਣੇ ਕਿਸੇ ਨਿੱਜੀ ਰਿਸ਼ਤੇ ਵਿੱਚ ਸੁਧਾਰ ਲਿਆਉਣ ਲਈ ਤਤਪਰ ਹੋ ਤੇ ਤੁਹਾਡੀ ਇਹ ਭਾਵਨਾ ਸਮਝ ਵਿੱਚ ਵੀ ਆਉਂਦੀ ਹੈ, ਪਰ ਕੋਈ ਤੁਹਾਡੀ ਇਸ ਕੋਸ਼ਿਸ਼ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਿਹੈ। ਕੁਝ ਹੱਦ ਤਕ ਤਾਂ ਇਸ ਦਾ ਲੈਣਾ ਦੇਣਾ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਹੋ ਸਕਦਾ ਹੈ ਤੇ ਕੁਝ ਹੱਦ ਤਕ ਤੁਹਾਡੀ ਨਾਲ! ਇਸ ਵੇਲੇ ਅਸਲ ਵਿਸ਼ਾ ਇਹ ਨਹੀਂ ਕਿ ‘ਇਸ ਸਥਿਤੀ ਲਈ ਕੋਣ ਜ਼ਿੰਮੇਵਾਰ ਹੈ’ ਸਗੋਂ ਇਹ ਹੈ ਕਿ ‘ਇਸ ਨੂੰ ਸ਼ਾਂਤੀਪੂਰਵਕ, ਖ਼ੁਸ਼ੀ ਖ਼ੁਸ਼ੀ ਤੇ ਪ੍ਰੇਮਪੂਰਵਕ ਹੱਲ ਕਿਵੇਂ ਕਰਨੈ?’ ਦੋਸ਼ ਲਗਾਉਣ, ਢੁੱਚਰਾਂ ਡਾਹੁਣ ਜਾਂ ਨੁਕਸ ਕੱਢਣ ਨਾਲ ਤਾਂ ਮਸਲਾ ਹੱਲ ਨਹੀਂ ਹੋਣ ਵਾਲਾ। ਨਿਮਰਤਾ, ਨੇਕ ਨੀਅਤੀ ਅਤੇ ਅਤੀਤ ਨੂੰ ਭੁਲਾ ਕੇ ਅੱਗੇ ਵਧਣ ਤੇ ਨਵੀਂ ਸ਼ੁਰੂਆਤ ਕਰਨ ਦੀ ਸੱਚੀ ਇੱਛਾ ਦਾ ਮੁਜ਼ਾਹਰਾ ਹੀ ਇਕਲੌਤੀ ਅਜਿਹੀ ਮਰਹਮ ਹੈ ਜਿਸ ਨੂੰ ਲਗਾਉਣ ਦੀ ਲੋੜ ਹੈ।
ਕੁਝ ਲੋਕ ਕਿਉਂ ਉਹ ਕਹਿੰਦੇ ਹਨ ਜੋ ਉਹ ਕਹਿੰਦੇ ਹਨ ਅਤੇ ਕਿਉਂ ਉਹ ਕਰਦੇ ਹਨ ਜੋ ਉਹ ਕਰਦੇ ਹਨ? ਚਲੋ ਫ਼ਿਰ ਲਗਦੇ ਹੱਥ ਇਹ ਹੀ ਕਿਉਂ ਨਾ ਪੁੱਛ ਲਈਏ ਕਿ ਜੋ ਵੀ ਉਹ ਮਹਿਸੂਸ ਕਰਦੇ ਹਨ ਉਹ ਕਿਉਂ ਮਹਿਸੂਸ ਕਰਦੇ ਹਨ। ਮਨੋਵਿਗਿਆਨੀ ਆਪਣੀਆਂ ਜ਼ਿੰਦਗੀਆਂ ਇਸ ਚੀਜ਼ ਨੂੰ ਸਮਝਣ ਵਿੱਚ ਗਾਲਦੇ ਆਏ ਹਨ ਕਿ ਮਨੁੱਖਤਾ ਕਿਸ ਚੀਜ਼ ਤੋਂ ਪ੍ਰੇਰਿਤ ਹੁੰਦੀ ਹੈ। ਉਹ ਹਾਲੇ ਤਕ ਇਸ ਬਾਰੇ ਪੱਕੀ ਤਰ੍ਹਾਂ ਕੁਝ ਵੀ ਕਹਿਣ ਦੇ ਕਾਬਿਲ ਨਹੀਂ ਹੋਏ। ਕੋਈ ਕੀ ਸੋਚ ਰਿਹਾ ਹੈ ਜਾਂ ਕਰਨ ਵਾਲਾ ਹੈ, ਇਸ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਪਰ ਇਹ ਕਾਰਜ ਅਨਿਸ਼ਚਿਤਤਾਵਾਂ ਤੋਂ ਸੁਰਖ਼ਰੂ ਨਹੀਂ। ਅਸੀਂ ਤਰਕਸ਼ੀਲ ਹੋਵਾਂਗੇ, ਪਰ ਤਰਕ ਰਹੱਸਮਈ ਲੀਹਾਂ ‘ਤੇ ਚੱਲਦਾ ਹੈ। ਉਨ੍ਹਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਆਪਣੇ ਆਪ ਨੂੰ ਪਰੇਸ਼ਾਨ ਨਾ ਕਰੋ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਨਿਕਲਦਾ ਬੇਸ਼ੱਕ ਤੁਸੀਂ ਉਨ੍ਹਾਂ ਨੂੰ ਜਿੰਨਾ ਮਰਜ਼ੀ ਵਿਚਾਰੋ। ਬੱਸ ਪਿਆਰ ਨੂੰ ਆਪਣਾ ਉੱਥੇ ਮਾਰਗਦਰਸ਼ਨ ਕਰਨ ਦਿਓ ਜਿੱਥੇ ਤਰਕ ਹਾਰਦਾ ਜਾਪੇ।
ਜਦੋਂ ਸਾਡੀਆਂ ਯੋਜਨਾਵਾਂ ਅਸਤ ਵਿਅਸਤ ਹੋ ਜਾਣ ਤਾਂ ਸਾਨੂੰ ਉਸ ਦਾ ਕੀ ਨਤੀਜਾ ਕੱਢਣਾ ਚਾਹੀਦੈ? ਜਦੋਂ ਬੰਦੋਬਸਤਾਂ ਵਿੱਚ ਤਬਦੀਲੀ ਹੋ ਜਾਵੇ? ਜਾਂ ਜਦੋਂ ਨਵੀਆਂ ਪ੍ਰਗਤੀਆਂ ਸਾਡਾ ਧਿਆਨ ਵੰਡਾਉਣ ਲੱਗ ਪੈਣ? ਕੀ ਇਹ ਬ੍ਰਹਿਮੰਡ ਦਾ ਸਾਨੂੰ ਇਹ ਦੱਸਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਸਾਨੂੰ ਆਪਣੇ ਹਾਲਾਤ ‘ਤੇ ਆਪਣਾ ਕੰਟਰੋਲ ਵਧੇਰੇ ਟਾਈਟ ਕਰ ਲੈਣਾ ਚਾਹੀਦਾ ਹੈ? ਜਾਂ ਫ਼ਿਰ ਕੀ ਇਹ ਕਾਇਨਾਤ ਦਾ ਸਾਨੂੰ ਵਿਸ਼ਰਾਮ ਕਰਨ ਦਾ, ਸੁਸਤਾਉਣ ਦਾ, ਆਪਣੇ ਆਪ ਨੂੰ ਹਾਲਾਤ ਦੇ ਅਨੁਕੂਲ ਬਣਾਉਣ ਦਾ ਅਤੇ ਤਬਦੀਲੀ ਦਾ ਲਾਹਾ ਲੈਣ ਦਾ ਸੱਦਾ ਹੁੰਦਾ ਹੈ? ਕਈ ਵਾਰ ਆਪਣੀਆਂ ਜ਼ਿੰਦਗੀਆਂ ਵਿਚਲੀਆਂ ਅਣਕਿਆਸੀਆਂ ਪ੍ਰਗਤੀਆਂ ਜਾਂ ਤਬਦੀਲੀਆਂ ਬਾਰੇ ਖ਼ੁਸ਼ ਜਾਂ ਸਾਕਾਰਾਤਮਕ ਮਹਿਸੂਸ ਕਰਨਾ ਔਖਾ ਹੁੰਦਾ ਹੈ। ਪਰ ਜੇ ਤੁਸੀਂ ‘ਨਵੇਂ’ ਨੂੰ ਪੂਰੇ ਵਿਸ਼ਵਾਸ ਨਾਲ ਖ਼ੁਸ਼ਆਮਦੀਦ ਆਖਣ ਲਈ ਤਿਆਰ ਹੋਵੋ ਤਾਂ ਸ਼ਾਇਦ ਤੁਹਾਡੇ ਜੀਵਨ ਵਿੱਚ ਕੋਈ ਚਮਤਕਾਰੀ ਘਟਨਾ ਵੀ ਵਾਪਰ ਜਾਵੇ।