ਇਟਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਪੰਜਾਬੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ

ਮਿਲਾਨ : ਇਟਲੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਸ਼ਾਮ ਕਰੀਬ 5:30 ਵਜੇ ਇਟਲੀ ਦੇ ਮਾਨਤੋਵਾ ਦੇ ਮੋਟਰਵੈਅ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਪੰਜਾਬੀਆ ਦੀ ਮੌਤ ਹੋਣ ਅਤੇ 3 ਹੋਰਨਾਂ ਦੇ ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਵੈਨ (ਫਰਗੋਨਾ) ਜਿਸ ਵਿੱਚ 9 ਭਾਰਤੀ ਸਵਾਰ ਸਨ, ਜੋ ਕਿ ਕੰਮ ਤੋਂ ਵਾਪਿਸ ਪਰਤ ਰਹੇ ਸਨ। ਇਨ੍ਹਾਂ ਦੀ ਵੈਨ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 9 ਸੀਟਾਂ ਵਾਲੀ ਵੈਨ ਪਲਟ ਗਈ। ਜਿਸ ਵਿੱਚ ਸਵਾਰ 2 ਪੰਜਾਬੀਆ ਦੀ ਮੌਤ ਹੋ ਗਈ, ਜਿੰਨਾਂ ਦੀ ਉਮਰ 64 ਤੇ 32 ਸਾਲ ਸੀ, ਜਦਕਿ ਬਾਕੀ ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸੁਰੱਖਿਆ ਟੀਮਾਂ ਘਟਨਾ ਸਥਾਨ ‘ਤੇ ਤੁਰੰਤ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਘਟਨਾ ਦੀ ਖ਼ਬਰ ਅੱਗ ਵਾਂਗ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਫੈਲੀ, ਜਿਨ੍ਹਾਂ ਵਿੱਚ ਸੋਗ ਦੀ ਲਹਿਰ ਦੌੜ ਗਈ।