ਇਜ਼ਰਾਈਲ-ਹਮਾਸ ਜੰਗ : ਗਾਜ਼ਾ ਦੇ 24 ਵੱਡੇ ਹਸਪਤਾਲ ਅਤੇ 80 ਫ਼ੀਸਦੀ ਸਕੂਲ ਤਬਾਹ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਏ 246 ਦਿਨ ਹੋ ਗਏ ਹਨ। ਇਸ ਜੰਗ ਵਿੱਚ 37 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। 24 ਘੰਟਿਆਂ ਅੰਦਰ 274 ਫਲਸਤੀਨੀ ਮਾਰੇ ਗਏ ਅਤੇ 698 ਜ਼ਖਮੀ ਹੋ ਗਏ। ਇਸ ਦੌਰਾਨ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਜ਼ਰਾਇਲੀ ਫੌਜ ਨੇ ਚਿੰਤਾਜਨਕ ਪੈਮਾਨੇ ‘ਤੇ ਸਕੂਲਾਂ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਗਾਜ਼ਾ ਵਿੱਚ 80% ਸਕੂਲ ਤਬਾਹ ਹੋ ਗਏ ਹਨ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਯੋਜਨਾਬੱਧ ਤਬਾਹੀ ਨੂੰ ਵਿੱਦਿਅਕ ਤਬਾਹੀ ਕਿਹਾ ਜਾ ਰਿਹਾ ਹੈ।
ਰਿਪੋਰਟ ਮੁਤਾਬਕ 16 ਮਈ ਤੱਕ 6 ਲੱਖ 25 ਹਜ਼ਾਰ ਵਿਦਿਆਰਥੀ ਇਜ਼ਰਾਇਲੀ ਫੌਜ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ 90 ਹਜ਼ਾਰ ਫਲਸਤੀਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਰੁਕ ਗਈ ਹੈ। ਇਜ਼ਰਾਇਲੀ ਫੌਜੀਆਂ ਦੇ ਹਮਲਿਆਂ ‘ਚ ਸਿਰਫ ਸਕੂਲ ਹੀ ਨਹੀਂ ਤਬਾਹ ਹੋਏ ਹਨ। ਸੰਯੁਕਤ ਰਾਸ਼ਟਰ ਦੇ ਮਾਹਰਾਂ ਅਤੇ ਫਲਸਤੀਨੀ ਸਿੱਖਿਆ ਮੰਤਰਾਲੇ ਅਨੁਸਾਰ ਅਪ੍ਰੈਲ 2024 ਤੱਕ ਗਾਜ਼ਾ ਵਿੱਚ ਘੱਟੋ ਘੱਟ 5,479 ਵਿਦਿਆਰਥੀ, 261 ਅਧਿਆਪਕ ਅਤੇ 95 ਯੂਨੀਵਰਸਿਟੀ ਦੇ ਪ੍ਰੋਫੈਸਰ ਇਜ਼ਰਾਈਲੀ ਫੌਜੀ ਕਾਰਵਾਈਆਂ ਵਿੱਚ ਮਾਰੇ ਗਏ ਹਨ। ਇਸ ਦੇ ਨਾਲ ਹੀ ਗਾਜ਼ਾ ਦੇ 24 ਵੱਡੇ ਹਸਪਤਾਲ ਵੀ ਜ਼ਮੀਨੀ ਹੋ ਗਏ ਹਨ।