ਅੱਜ ਮਾਲਵੇ ਦੀ ਧਰਤੀ ਉੱਤੇ ਜਿਸ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਸਦਭਾਵਨਾ ਰੈਲੀ ਅਤੇ ਕਾਂਗਰਸ ਨੇ ਬਦਲਾਓ ਰੈਲੀਆਂ ਕੀਤੀਆਂ ਉਨ੍ਹਾਂ ਨੇ ਸਰਦ ਰੁੱਤ ਦੇ ਦਿਨ ਵਿੱਚ ਹਾੜ੍ਹ ਦੇ ਮਹੀਨੇ ਵਾਂਗ ਲੋਕਾਂ ਨੂੰ ਗਰਮੀ ਮਹਿਸੂਸ ਕਰਵਾ ਦਿੱਤੀ। ਸੱਤਾਧਾਰੀ ਅਕਾਲੀ ਦਲ, ਜੋ ਕਿ ਪਿਛਲੇ ਕੁਝ ਸਮੇਂ ਤੋਂ ਸਦਭਾਵਨਾ ਰੈਲੀਆਂ ਕਰ ਰਿਹਾ ਸੀ, ਨੇ ਉਸੇ ਸਿਲਸਿਲੇ ਵਿੱਚ ਮੰਗਲਵਾਰ ਨੂੰ ਪਟਿਆਲਾ ਵਿਖੇ ਇੱਕ ਜ਼ਬਰਦਸਤ ਰੈਲੀ ਕੀਤੀ। ਇਸੇ ਪ੍ਰਕਾਰ ਕਾਂਗਰਸ, ਜਿਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਣੇ ਹਨ, ਨੇ ਉਨ੍ਹਾਂ ਦੀ ਤਾਜਪੋਸ਼ੀ ਦੇ ਸਬੰਧ ਵਿੱਚ ਬਠਿੰਡਾ ਵਿਖੇ ਇਕ ਭਾਰੀ ਇਕੱਠ ਵਾਲੀ ਰੈਲੀ ਦਾ ਆਯੋਜਨ ਕੀਤਾ। ਉਂਝ ਤਾਂ ਸਿਆਸੀ ਪਾਰਟੀਆਂ ਦੁਆਰਾ ਰੈਲੀਆਂ ਹੁੰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਰੈਲੀਆਂ ਵਿੱਚ ਲੋਕਾਂ ਦੀ ਦਿਲਚਸਪੀ ਇਸ ਲਈ ਵੀ ਸੀ ਕਿਉਂਕਿ ਇਹ ਰੈਲੀਆਂ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਦੂਜੇ ਦੇ ਗੜ੍ਹ ਵਿੱਚ ਜਾ ਕੀਤੀਆਂ। ਭਾਵ ਸ੍ਰ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ‘ਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਪ੍ਰਧਾਨ ਨੇ ਬਾਦਲ ਪਰਿਵਾਰ ਦਾ ਇਲਾਕਾ ਮੰਨੇ ਜਾਂਦੇ ਬਠਿੰਡਾ ਵਿੱਚ ਜਾ ਕੇ ਰੈਲੀ ਕਰ ਕੇ ਸ੍ਰ. ਬਾਦਲ ਨੂੰ ਚੁਣੌਤੀ ਦਿੱਤੀ। ਇਹ ਦੋਵੇਂ ਪਾਰਟੀਆਂ ਲਈ ਚੁਣੌਤੀ ਤਾਂ ਬਣੀਆਂ ਹੀ ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਜਿਹੜੇ ਮਕਸਦ ਲਈ ਰੈਲੀਆਂ ਕੀਤੀਆਂ ਉਨ੍ਹਾਂ ਵਿੱਚ ਉਹ ਕਾਮਯਾਬ ਵੀ ਹੋ ਗਏ।
ਬਠਿੰਡਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਲਈ ਜਿਹੜੀ ਬਦਲਾਓ ਰੈਲੀ ਕੀਤੀ ਉਸ ਦੀ ਕਾਂਗਰਸ ਲਈ ਵੱਡੀ ਪ੍ਰਾਪਤੀ ਇਹ ਰਹੀ ਕਿ ਸੂਬੇ ਦੀ ਸਮੁੱਚੀ ਲੀਡਰਸ਼ਿਪ ਇਸ ਵਿੱਚ ਸ਼ਾਮਿਲ ਹੋਈ। ਸ੍ਰ. ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਵਿੱਚ ਕੱਟੜ ਵਿਰੋਧੀ ਮੰਨੇ ਜਾਂਦੇ ਸਨ, ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਸੰਬੋਧਨ ਦੌਰਾਨ ਸ੍ਰ. ਬਾਜਵਾ ਦਾ ਕਈ ਵਾਰ ਸਤਿਕਾਰ ਨਾਲ ਨਾਮ ਲਿਆ। ਇਸ ਮੌਕੇ ‘ਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਇਕ ਸਾਲ ਰੁੱਕ ਜਾਣ ਅਤੇ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤਾਂ ਉਹ ਉਨ੍ਹਾਂ ਦੇ ਸਾਰੇ ਦੁੱਖ ਦਰਦਾਂ ਦਾ ਇਲਾਜ ਕਰ ਦੇਣਗੇ। ਉਨ੍ਹਾਂ ਇਸ ਮੌਕੇ ਉਤੇ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫ਼ੜ ਸ੍ਰੀ ਦਮਦਮਾ ਸਾਹਿਬ ਵੱਲ ਮੁੰਹ ਕਰ ਕੇ ਸਹੁੰ ਖਾਧੀ ਕਿ ਉਹ ਸੂਬੇ ਵਿੱਚੋਂ ਨਸ਼ਿਆਂ ਨੂੰ ਸਿਰਫ਼ ਚਾਰ ਹਫ਼ਤਿਆਂ ਵਿੱਚ ਖ਼ਤਮ ਕਰ ਦੇਣਗੇ। ਇਸ ਮੌਕੇ ਉੱਤੇ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਭਵਿੱਖ ਦਾ ਏਜੰਡਾ ਵੀ ਲੋਕਾਂ ਅੱਗੇ ਰੱਖ ਦਿੱਤਾ ਜਾਂ ਕਹਿ ਲਵੋ ਕਿ ਕਾਂਗਰਸ ਦਾ ਮੈਨੀਫ਼ੈਸਟੋ ਲੋਕਾਂ ਨੂੰ ਪੜ੍ਹ ਕੇ ਸੁਣਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਵਿੱਚਲੀਆਂ ਘਟਨਾਵਾਂ ਲਈ ਮੌਜੁਦਾ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਦੱਸਿਆ। ਉਨ੍ਹਾਂ ਨੇ ਇਸ ਮੌਕੇ ‘ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਅਕਾਲੀ ਦਲ ਦਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਆਉਣ ਵਾਲਾ ਸਮਾਂ ਕਾਂਗਰਸ ਅਤੇ ਉਨ੍ਹਾਂ ਦਾ ਹੈ।
ਦੂਜੇ ਪਾਸੇ ਅਕਾਲੀ ਦਲ ਨੇ ਪਟਿਆਲਾ ਵਿਖੇ ਆਪਣੀ ਸਦਭਾਵਨਾ ਰੈਲੀ ਦੌਰਾਨ ਜਿਸ ਪ੍ਰਕਾਰ ਦਾ ਇਕੱਠ ਕੀਤਾ ਉਹ ਨਿਸ਼ਚਿਤ ਰੂਪ ਵਿੱਚ ਜ਼ਬਰਦਸਤ ਸੀ। ਇਸੇ ਕਾਰਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪ੍ਰਕਾਰ ਦਾ ਇਹ ਇਕੱਠ ਹੈ, ਉਸ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੂੰ ਸੋਨੇ ਦਾ ਨਹੀਂ ਬਲਕਿ ਹੀਰੇ ਦਾ ਮੈਡਲ ਦਿੱਤਾ ਜਾਣਾ ਚਾਹੀਦਾ ਹੈ। ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਜੋ ਕਿ ਰੋਡ ਸ਼ੋਅ ਕਰ ਕੇ ਇਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਰੈਲੀ ਵਿੱਚ ਪੁੱਜੇ ਸਨ, ਨੇ ਆਪਣੀ ਵਿਸ਼ੇਸ਼ ਸ਼ੈਲੀ ਦੌਰਾਨ ਜਿਥੇ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਿਆ ਉਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਅਤੇ ਨਾਲ ਦੀ ਨਾਲ ਸਰਕਾਰ ਵਲੋਂ ਵੱਡੇ ਐਲਾਨ ਵੀ ਕੀਤੇ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ‘ਤੇ ਇਕ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਸ ਰੈਲੀ ਦਾ ਮਕਸਦ ਕਿਸੇ ਸਿਆਸੀ ਪਾਰਟੀ ਨਾਲ ਟਕਰਾਓ ਨਹੀਂ ਬਲਕਿ ਇਹ ਦੱਸਣਾ ਹੈ ਕਿ ਇਸ ਸੂਬੇ ਵਿੱਚ ਸਦਭਾਵਨਾ ਕਿੰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਰੈਲੀ ਲਈ ਇਹ ਜੋ ਸਮਾਂ ਨਿਸ਼ਚਿਤ ਕੀਤਾ ਉਹ ਕਾਂਗਰਸ ਦਾ ਮੁਕਾਬਲਾ ਕਰਨ ਲਈ ਨਹੀਂ ਬਲਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਦੇਣ ਹਿੱਤ ਕੀਤਾ ਹੈ ਕਿਉਂਕਿ ਨੌਵੇਂ ਗੁਰੂ ਸਦਭਾਵਨਾ ਦਾ ਸਭ ਤੋਂ ਵੱਡਾ ਪ੍ਰਤੀਕ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸੀਸ ਦਿੱਲੀ ਵਿੱਚ ਜਾ ਕੇ ਕਟਵਾਇਆ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪੰਜਾਬੀ 1980 ਦੇ ਦਹਾਕੇ ਦੇ ਦਿਨ ਨਹੀਂ ਦੇਖਣਾ ਚਾਹੁੰਦਾ। ਪੰਜਾਬ ਦੇ ਅਮਨ ਨੂੰ ਅੱਗ ਲੱਗੀ ਹੋਈ ਨਹੀਂ ਦੇਖਣਾ ਚਾਹੁੰਦਾ। ਇਸ ਲਈ ਅਕਾਲੀ ਦਲ ਸਦਭਾਵਨਾ ਦਾ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ ਹੈ ਪਰ ਨਾਲ ਹੀ ਸਿਆਸੀ ਸੰਦੇਸ਼ ਇਹ ਵੀ ਦਿੱਤਾ ਕਿ ਅਕਾਲੀ ਦਲ ਦੀ ਚੁਣੌਤੀ ਹਾਲੇ ਖ਼ਤਮ ਨਹੀਂ ਹੋਈ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੁਬਾਰਾ ਪ੍ਰਧਾਨ ਬਣਨ ਨਾਲ ਕਾਂਗਰਸ ਅਤੇ ਕਾਂਗਰਸੀ ਕਾਰਕੁੰਨਾਂ ਵਿੱਚ ਨਵੀਂ ਜਾਨ ਆਈ ਹੈ। ਬਠਿੰਡਾ ਰੈਲੀ ਨੇ ਕਾਂਗਰਸੀਆਂ ਨੂੰ ਕੁਝ ਕਰਨ ਦਾ ਮਕਸਦ ਦੇ ਦਿੱਤਾ ਹੈ। ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲੀਡਰਸ਼ਿਪ ਇਸੇ ਪ੍ਰਕਾਰ ਇਕਜੁੱਟ ਹੋ ਕੇ ਅਕਾਲੀ-ਭਾਜਪਾ ਗਠਜੋੜ ਦਾ ਮੁਕਾਬਲਾ ਕਰੇਗੀ। ਦੂਜੇ ਪਾਸੇ ਅਕਾਲੀ ਦਲ ਨੇ ਆਪਣੀ ਛੇਵੀਂ ਅਤੇ ਆਖ਼ਰੀ ਰੈਲੀ ਕਰ ਕੇ ਅਕਾਲੀ ਵਰਕਰਾਂ ਵਿੱਚ ਇੱਕ ਨਵਾਂ ਉਤਸਾਹ ਪੈਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿਰਸਾ ਸਾਧ ਦੇ ਮੁੱਦੇ ਕਾਰਨ ਅਕਾਲੀ ਦਲ ਚਾਰੇ ਪਾਸਿਓਂ ਘਿਰਿਆ ਪਿਆ ਸੀ। ਇਸ ਲਈ ਅਕਾਲੀ ਕਾਰਕੁੰਨ ਇਹ ਮਹਿਸੂਸ ਕਰ ਰਹੇ ਸਨ ਕਿ ਅਕਾਲੀ ਲੀਡਰਸ਼ਿਪ ਵਿੱਚ ਹੁਣ ਪਹਿਲਾਂ ਵਾਲਾ ਦਮ ਨਹੀਂ ਰਿਹਾ ਪਰ ਇਨ੍ਹਾਂ ਸਦਭਾਵਨਾ ਰੈਲੀਆਂ ਨੇ ਅਕਾਲੀ ਦਲ ਵਿੱਚ ਇਕ ਨਵੀਂ ਸ਼ਕਤੀ ਦਾ ਸੰਚਾਰ ਕੀਤਾ ਹੈ। ਇਨ੍ਹਾਂ ਦੋਹਾਂ ਰੈਲੀਆਂ ਤੋਂ ਬਾਅਦ ਲੱਗਦਾ ਤਾਂ ਇਹ ਹੈ ਕਿ ਪੰਜਾਬ ਵਿੱਚ ਸਿਆਸੀ ਲੜਾਈ ਇਨ੍ਹਾਂ ਦੋਹਾਂ ਧਿਰਾਂ ਵਿੱਚ ਹੀ ਹੈ ਪਰ ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਉਹ ਵੀ ਤੀਜੀ ਧਿਰ ਵਜੋਂ ਉਭਰ ਰਹੀ ਹੈ ਅਤੇ ਜੇਕਰ ਨਵਜੋਤ ਸਿੰਘ ਸਿੱਧੂ ਅਤੇ ਕੁਝ ਹੋਰ ਲੀਡਰ ਇਸ ਪਾਰਟੀ ਵਿੱਚ ਆ ਗਏ ਤਾਂ ਇਸ ਦੀ ਤਾਕਤ ਹੋਰ ਵੀ ਵੱਧ ਸਕਦੀ ਹੈ।
ੇ