ਆਮ ਆਦਮੀ ਪਾਰਟੀ ਦੇ 2 ਕੌਂਸਲਰ ਹੋਏ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਰਵਿੰਦਰ ਸੋਲੰਕੀ ਅਤੇ ਨਰਿੰਦਰ ਗਿਰਸਾ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। ਇਸ ਨੂੰ ‘ਆਪ’ ਲਈ ਝਟਕਾ ਮੰਨਿਆ ਜਾ ਰਿਹਾ ਹੈ। ਬਾਪਰੋਲਾ ਵਾਰਡ ਤੋਂ ਕੌਂਸਲਰ ਸੋਲੰਕੀ ਅਤੇ ਮੰਗਲਾਪੁਰੀ ਤੋਂ ਕੌਂਸਲਰ ਗਿਰਸਾ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਏ। ਇਹ ਦੋਵੇਂ ਹੀ ਵਾਰਡ ਸਹਿਰਾਵਤ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਹਨ।
ਸਹਿਰਾਵਤ ਨੇ ਕਿਹਾ ਕਿ ਦੋਵੇਂ ਕੌਂਸਲਰ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ‘ਚੋਂ ਸਨ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਅਤੇ ਨੀਤੀਆਂ ਤੋਂ ਉਨ੍ਹਾਂ ਦਾ ਮੋਹਭੰਗ ਹੋ ਗਿਆ ਹੈ। ਉਨ੍ਹਾਂ ਕਿਹਾ,”ਸੋਲੰਕੀ ਅਤੇ ਗਿਰਸਾ ਨੇ ਪੱਖ ਨਹੀਂ ਬਦਲਿਆ, ਸਗੋਂ ਕੇਜਰੀਵਾਲ ਨੇ ਪੱਖ ਬਦਲ ਲਿਆ ਹੈ, ਜਿਸ ਕਾਰਨ ਉਨ੍ਹਾਂ (ਦੋਵਾਂ ਨੂੰ) ਪਾਰਟੀ ਛੱਡਣ ਲਈ ਮਜਬੂਰ ਹੋਣਾ ਪਿਆ।” ਦਿੱਲੀ ਦੀ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 5 ਫਰਵਰੀ ਨੂੰ ਹੋਵੇਗੀ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।