‘ਆਪ’ ਵਲੋਂ ਸਿੱਖ ਲੀਡਰਸ਼ਿਪ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ!

dar-300x111-300x111ਸ੍ਰ. ਸੁੱਚਾ ਸਿੰਘ ਛੋਟੇਪੁਰ ਨੂੰ ਉਂਝ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਕਾਫ਼ੀ ਲੰਬੇ ਸਮੇਂ ਤੋਂ ਬੇਇੱਜ਼ਤ ਕਰਦੀ ਆ ਰਹੀ ਸੀ, ਪਰ ਹੁਣ ਉਸ ਦੀ ਸਾਜ਼ਿਸ਼ ਬਿਲਕੁਲ ਹੀ ਨੰਗੀ ਹੋ ਗਈ ਹੈ ਅਤੇ ਸ੍ਰ. ਛੋਟੇਪੁਰ ਨੂੰ ਪਾਰਟੀ ਵਿੱਚੋਂ ਲਾਂਭੇ ਕਰਨ ਦੀਆਂ ਸਾਜ਼ਿਸਾਂ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੀ ਹੈ। ਪਿੱਛਲੇ ਹਫ਼ਤੇ ਸਟਿੰਗ ਆਪ੍ਰੇਸ਼ਨ ਰਾਹੀਂ ਜਿਸ ਪ੍ਰਕਾਰ ਪੰਜਾਬ ਦੇ ਕਨਵੀਨਰ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਤੋਂ ਇਹ ਹੀ ਪ੍ਰਭਾਵ ਮਿਲ ਰਿਹਾ ਹੈ ਕਿ ਆਪ ਵਲੋਂ ਚੁਣ-ਚੁਣ ਕੇ ਉਨ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੇ ਕੇਂਦਰੀ ਲੀਡਰਸ਼ਿਪ ਉੱਤੇ ਸਵਾਲ ਕਰਦੇ ਹਨ। ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਹੋਣ ‘ਤੇ ਸ੍ਰ. ਛੋਟੇਪੁਰ ਨੇ ਇਹ ਪ੍ਰਭਾਵ ਦਿੱਤਾ ਸੀ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਤਾਂ ਕੇਂਦਰੀ ਟੀਮ ਨੇ ਲਿਸਟ ਤਾਂ ਠੀਕ ਨਹੀਂ ਕੀਤੀ, ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਿਰਮੌਰ ਲੀਡਰ ਨੂੰ ‘ਠੀਕ’ ਕਰਨ ਦਾ ਮਨ ਬਣਾ ਲਿਆ। ਇਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਸ੍ਰ. ਛੋਟੇਪੁਰ ਦੀ ਅਹਿਮ ਭੂਮਿਕਾ ਰਹੀ ਹੈ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਠੀਕ ਹੀ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਵਰਤਦਾ ਹੈ, ਸੋ ਉਸ ਨੇ ਸ੍ਰ. ਛੋਟੇਪੁਰ ਨੂੰ ਵੀ ਵਰਤ ਲਿਆ ਅਤੇ ਹੁਣ ਉਨ੍ਹਾਂ ਨੂੰ ਹੀ ਤੜੀ ਪਾਰ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸੇ ਕਾਰਨ ਹੀ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਭਗਵੰਤ ਮਾਨ, ਲੀਗਲ ਸੈੱਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਘੁੱਗੀ ਨੇ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਖ਼ਲ ਦੀ ਮੰਗ ਵੀ ਕਰ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਨੇ ਆਪਣਾ ਅਕਸ ਬਹੁਤ ਹੀ ਇਮਾਨਦਾਰ ਆਗੂ ਅਤੇ ਗ਼ੈਰ ਸਿਆਸਤਦਾਨ ਵਾਲਾ ਬਣਾਇਆ ਹੋਇਆ ਹੈ, ਪਰ ਜੇ ਉਸ ਦੀਆਂ ਕਾਰਵਾਈਆਂ ਦੇਖੋ ਤਾਂ ਉਹ ਇੱਕ ਬਹੁਤ ਟਕਰਾਓਬਾਜ਼ ਅਤੇ ਸ਼ਾਤਿਰ ਸਿਆਸਤਦਾਨ ਨਜ਼ਰ ਆਉਂਦਾ ਹੈ। ਕੇਜਰੀਵਾਲ ਨੇ ਪਹਿਲਾਂ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਨੂੰ ਪਾਰਟੀ ਵਿੱਚੋਂ ਕੱਢਿਆ। ਫ਼ਿਰ ਹਰਿੰਦਰ ਸਿੰਘ ਖ਼ਾਲਸਾ ਅਤੇ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਿੱਚੋਂ ਮੁਅਤਲ ਕੀਤਾ ਕਿਉਂਕਿ ਇਨ੍ਹ੍ਰਾਂ ਸਭ ਨੂੰ ਉਸ ਨੇ ਵਰਤ ਲਿਆ ਸੀ। ਪਾਰਟੀ ਬਣਾਉਣ ਤੋਂ ਬਾਅਦ ਹੁਣ ਜਦੋਂ ਪੰਜਾਬ ਵਿੱਚ ਆਪ ਦਾ ਭਵਿੱਖ ਵਧੀਆ ਲੱਗ ਰਿਹਾ ਹੈ ਤਾਂ ਉਸ ਨੇ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ, ਨੂੰ ਕਾਬੂ ਕਰਨ ਲਈ ਕੇਂਦਰੀ ਟੀਮ ਨੂੰ ਪੰਜਾਬ ਦਾ ਨਿਗਰਾਨ ਬਣਾ ਦਿੱਤਾ। ਇਸ ਟੀਮ ਤੋਂ ਬਹੁਤ ਲੋਕ ਔਖੇ ਹਨ। ਜਿਹੜੇ ਬੋਲ ਪੈਂਦੇ ਹਨ, ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ। ਪਹਿਲਾਂ ਪੰਜਾਬੀ ਗਾਇਕ ਜੱਸੀ ਜਸਰਾਜ, ਜੋ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਆਮ ਆਦਮੀ ਵਲੋਂ ਚੋਣ ਲੜਿਆ ਸੀ, ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਕਿਉਂਕਿ ਉਹ ਕਹਿੰਦਾ ਸੀ ਕਿ ਯੂ.ਪੀ. ਤੇ ਬਿਹਾਰ ਤੋਂ ਲਿਆ ਕੇ ਲੀਡਰਾਂ ਨੂੰ ਸਾਡੇ ਨਾਲ ਬਿਠਾਓ, ਪਰ ਸਾਡੇ ਸਿਰ ਉੱਪਰ ਨਹੀਂ। ਇਸ ਤੋਂ ਬਾਅਦ ਹਰਦੀਪ ਸਿੰਘ ਕੀਂਗਰਾ ਨਾਲ ਵੀ ਇਹੀ ਕੁਝ ਹੋਇਆ। ਸ੍ਰ. ਕੀਂਗਰਾ ਇੱਕ ਸੁਲਝੇ ਹੋਏ ਪ੍ਰਸ਼ਾਸਕ ਰਹੇ ਹਨ, ਅਤੇ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕਰਦੇ ਆਏ ਹਨ। ਉਨ੍ਹਾਂ ਉੱਤੇ ਕੋਈ ਦੋਸ਼ ਵੀ ਨਹੀਂ ਸੀ, ਪਰ ਉਨ੍ਹਾਂ ਨੂੰ ਟਿਕਟ ਹੀ ਨਹੀਂ ਦਿੱਤੀ ਗਈ। ਇਸੇ ਪ੍ਰਕਾਰ ਮੁਹਾਲੀ ਤੋਂ ਟਿਕਟ ਦੇ ਚਾਹਵਾਨ ਜਸਬੀਰ ਸਿੰਘ ਬੀਰ, ਜੋ ਇੱਕ ਆਈ.ਏ.ਐੱਸ. ਅਫ਼ਸਰ ਰਹਿ ਚੁੱਕੇ ਹਨ, ਨੂੰ ਵੀ ਟਿੱਕਟ ਤੋਂ ਵਾਂਝਾ ਰੱਖਿਆ ਗਿਆ। ਇੱਕ ਹੋਰ ਸਾਬਕਾ ਅਧਿਕਾਰੀ ਬੂਟਾ ਸਿੰਘ ਅਸ਼ਾਂਤ ਟਿਕਟ ਲੈਣ ਦੇ ਚਾਹਵਾਨ ਹਨ, ਪਰ ਸ੍ਰ. ਛੋਟੇਪੁਰ ਨਾਲ ਸਾਂਝ ਹੋਣ ਕਰ ਕੇ ਉਨ੍ਹਾਂ ਨੂੰ ਵੀ ਟਿੱਕਟ ਨਹੀਂ ਦਿੱਤੀ ਜਾ ਰਹੀ।
ਵੱਡੀ ਗੱਲ ਇਹ ਹੈ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਜੋ ਕਿ ਆਮ ਆਦਮੀ ਪਾਰਟੀ ਵਿੱਚ ਆਉਣ ਦਾ ਚਾਹਵਾਨ ਸੀ ਅਤੇ ਇਸ ਨਾਲ ਆਪ ਨੂੰ ਬਹੁਤ ਲਾਭ ਪੁੱਜਣਾ ਸੀ, ਪਰ ਉਸ ਨੂੰ ਵੀ ਕੇਜਰੀਵਾਲ ਨੇ ਉਹ ਸਤਿਕਾਰ ਨਹੀਂ ਦਿੱਤਾ ਜਿਹੜਾ ਦਿੱਤਾ ਜਾਣਾ ਬਣਦਾ ਸੀ। ਕੇਜਰੀਵਾਲ ਨੂੰ ਇਹ ਡਰ ਲੱਗਣ ਲੱਗ ਪਿਆ ਸੀ ਕਿ ਜੇਕਰ ਪੰਜਾਬ ਵਿੱਚ ਨਵਜੋਤ ਸਿੱਧੂ ਦੀ ਮੌਜੂਦਗੀ ਵਿੱਚ ‘ਆਪ’ ਜਿੱਤ ਜਾਂਦੀ ਹੈ ਅਤੇ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਉਸ ਦੀ ਖ਼ੁਦ ਦੀ ਕੋੲ ਵੁੱਕਤ ਹੀ ਨਹੀਂ ਰਹਿ ਜਾਣੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਕੱਦ ਦਿੱਲੀ ਦੇ ਮੁੱਖ ਮੰਤਰੀ ਨਾਲੋਂ ਕਿਤੇ ਵੱਡਾ ਸਮਝਿਆ ਜਾਂਦਾ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਇਹੀ ਪ੍ਰਭਾਵ ਮਿਲਦਾ ਹੈ ਕਿ ਕੇਜਰੀਵਾਲ ਪੰਜਾਬ ਉੱਤੇ ਬਾਹਰਲੇ ਲੀਡਰਾਂ ਨੂੰ ਥੋਪ ਕੇ ਪੰਜਾਬੀ ਲੀਡਰਸ਼ਿਪ ਨੂੰ ਅਪਾਹਜ ਬਣਾਉਣਾ ਚਾਹ ਰਿਹਾ ਹੈ। ਟਿਕਟਾਂ ਅਜਿਹੇ ਉਮੀਦਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਦਿੱਲੀ ਦੇ ਆਪ ਨੇਤਾ ਸਿਸੋਧੀਏ ਵਾਂਗ ਬਣ ਕੇ ਰਹਿਣ। ਚੰਗੇ ਤਜਰਬੇਕਾਰ ਪ੍ਰਸ਼ਾਸਕਾਂ ਨੂੰ ਤਾਂ ਟਿਕਟਾਂ ਦੇ ਨੇੜੇ ਹੀ ਖੜ੍ਹਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਲੀਡਰਾਂ ਖ਼ਿਲਾਫ਼ ਸਾਜ਼ਿਸ਼ਾਂ ਕਰ ਕੇ ਕੱਢਿਆ ਜਾ ਰਿਹਾ ਹੈ ਜਿਹੜੇ ਆਪ ਅਤੇ ਖ਼ਾਸ ਕਰ ਕੇ ਕੇਜਰੀਵਾਲ ਦੀ ਕਾਰਜਸ਼ੈਲੀ ਉੱਤੇ ਸਵਾਲ ਕਰਦੇ ਹਨ। ਛੋਟੇਪੁਰ ਨਾਲ ਵੀ ਇਹੀ ਕੁਝ ਹੋ ਰਿਹਾ ਹੈ। ਜਦੋਂ ਉਹ ਕੇਂਦਰੀ ਲੀਡਰਸ਼ਿਪ ਦੇ ਨਾਂ ਉੱਤੇ ਪੈਸੇ ਲੈ ਰਿਹਾ ਹੈ ਤਾਂ ਸੰਭਵ ਹੈ ਕਿ ਪਾਰਟੀ ਅੰਦਰ ਇੱਕ ਸਭਿਆਚਾਰ ਚਲ ਰਿਹਾ ਹੋਵੇ ਕਿਉਂਕਿ ਸੰਜੇ ਸਿੰਘ ਵਰਗੇ ਲੀਡਰਾਂ ਉੱਤੇ ਵੀ ਤਾਂ ਪੈਸੇ ਲੈਣ ਦੇ ਦੋਸ਼ ਲੱਗ ਗਏ ਹਨ। ਪਾਰਟੀ ਅੰਦਰ ਇਹ ਜੋ ਡਿਕਟੇਟਰਸ਼ਿਪ ਚੱਲ ਰਹੀ ਹੈ, ਉਸ ਤੋਂ ਇਹੀ ਲਗਦਾ ਹੈ ਕਿ ਇਸ ਪਾਰਟੀ ਵਿੱਚ ਵੀ ਕਿਸੇ ਦੀ ਸੁਣਵਾਈ ਨਹੀਂ। ਆਰ.ਟੀ.ਆਈ. ਵਿੰਗ ਦੇ ਮੁਖੀ ਹਰਮਿਲਾਪ ਸਿੰਘ ਗਰੇਵਾਲ ਨੇ ਆਪ ਇਸੇ ਲਈ ਛੱਡ ਦਿੱਤੀ ਕਿਉਂਕਿ ਪਾਰਟੀ ਵਿੱਚ ਕਿਸੇ ਦੀ ਸੁਣਵਾਈ ਨਹੀਂ। ਜਿਸ ਕੋਲ ਵੀ ਸ਼ਿਕਾਇਤ ਲੈ ਕੇ ਜਾਇਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਉਸ ਦੇ ਹੱਥ ਵਸ ਕੁਝ ਵੀ ਨਹੀਂ, ਸਭ ਕੁਝ ਕੇਂਦਰੀ ਲੀਡਰਸ਼ਿਪ ਦੇ ਹੱਥ ਵਿੱਚ ਹੈ। ਇਸ ਪਾਰਟੀ ਦੇ ਇਰਾਦੇ ਤਾਂ ਰਵਾਇਤੀ ਪਾਰਟੀਆਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਨਜ਼ਰ ਆ ਰਹੇ ਹਨ। ਜਿਸ ਪ੍ਰਕਾਰ ਇਸ ਵਲੋਂ ਆਪਣਿਆਂ ਨਾਲ ਹੀ ਧੱਕਾ ਕੀਤਾ ਜਾ ਰਿਹਾ ਹੈ, ਇਹ ਕਾਰਜਸ਼ੈਲੀ ਇਸ ਪਾਰਟੀ ਨੂੰ ਲੈ ਕੇ ਬੈਠ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਡਿਕਟੇਟਰਸ਼ਿਪ ਖ਼ਿਲਾਫ਼ ਹੋਰ ਬਹੁਤ ਸਾਰੇ ਲੀਡਰ ਖੜ੍ਹੇ ਹੋ ਜਾਣਗੇ। ਕੇਜਰੀਵਾਲ ਨੂੰ ਅਜਿਹਾ ਲਗਦਾ ਹੈ ਕਿ ਬੱਸ ਆਪਣੀ ਪੁਗਾਈ ਚਲੋ ਕਿਸੇ ਦੀ ਸੁਣੋ ਨਾ ਤਾਂ ਪਾਰਟੀ ਮਜ਼ਬੂਤ ਹੋਵੇਗੀ। ਅਜਿਹਾ ਹੀ ਪਿਛਲੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੀ ਕਰ ਚੁੱਕੇ ਹਨ ਅਤੇ ਉਹ ਜਿਤਦੇ ਜਿਤਦੇ ਹਾਰ ਗਏ ਸਨ। ਆਪ ਤਾਂ ਹਾਲੇ ਨਵੀਂ ਨਵੀਂ ਬਣੀ ਪਾਰਟੀ ਹੈ ਅਤੇ ਲੋਕ ਇਸ ਦੇ ਮਗਰ ਸਿਰਫ਼ ਤੇ ਸਿਰਫ਼ ਭਾਵੁਕ ਹੋ ਕੇ ਲੱਗ ਰਹੇ ਹਨ, ਸਿਧਾਂਤਕ ਪੱਖੋਂ ਤਾਂ ਇਹ ਨਿਰੀ ਖੋਖਲੀ ਪਾਰਟੀ ਨਜ਼ਰ ਆ ਰਹੀ ਹੈ।
ਛੋਟੇਪੁਰ ਦਾ ਕੱਦ ਹੋਇਆ ਹੋਰ ਵੱਡਾ
ਕੇਜਰੀਵਾਲ ਦਾ ਸਿੱਖੀ ਸਿਧਾਂਤਾਂ ਦਾ
ਸਤਿਕਾਰ ਸਿਰਫ਼ ਇੱਕ ਢਕਵੰਜ
ਹਾਲੇ ਮੈਂ ਇਹ ਸਤਰਾਂ ਲਿਖ ਹੀ ਰਿਹਾ ਸਾਂ ਕਿ ਸਾਜ਼ਿਸ਼ਾਂ ਤਹਿਤ ‘ਆਪ’ ਵਲੋਂ ਸਿੱਖ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਸ੍ਰ. ਸੁੱਚਾ ਸਿੰਘ ਛੋਟੇਪੁਰ ਦੀ ਪ੍ਰੈਸ ਕਾਨਫ਼ਰੰਸ ਦਾ ਸੱਦਾ ਪੱਤਰ ਆ ਗਿਆ। ਉਸ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਇਹ ਗੱਲ ਸੱਚ ਵੀ ਸਾਬਤ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਿਰਫ਼ ਸਿੱਖ ਲੀਡਰਸ਼ਿਪ ਨੂੰ ਹੀ ਨਹੀਂ ਬਲਕਿ ਸਿੱਖੀ ਸਿਧਾਂਤਾਂ ਅਤੇ ਪੰਜਾਬੀਅਤ ਨੂੰ ਵੀ ਖੋਰਾ ਲਾਉਣ ਦੀ ਤਾਕ ਵਿੱਚ ਹਨ। ਇਹ ਤਾਂ ਪਤਾ ਪਿਛਲੇ ਹਫ਼ਤੇ ਹੀ ਲੱਗ ਗਿਆ ਸੀ ਕਿ ਸ੍ਰ. ਸੁੱਚਾ ਸਿੰਘ ਛੋਟੇਪੁਰ ਦੀ ਬਲੀ ਦਿੱਤੀ ਜਾਣੀ ਹੈ ਕਿਉਂਕਿ ਇਸ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਕਈ ਵਿਭੂਸ਼ਨ ਲੰਕਾ ਢਾਹੁਣ ਲਈ ਦਿੱਲੀ ਵਾਲਿਆਂ ਦੀ ਝੋਲੀ ਚੁੱਕਣ ਲਈ ਤਿਆਰ ਹੋ ਗਏ ਸਨ। ਉਨ੍ਹਾਂ ਨੇ ਸਿਰਫ਼ ਸੁੱਚਾ ਸਿੰਘ ਛੋਟੇਪੁਰ ਦੀ ਸਿਆਸੀ ਮੌਤ ਦੇ ਵਰੰਟ ‘ਤੇ ਦਸਤਖ਼ਤ ਨਹੀਂ ਕੀਤੇ ਬਲਕਿ ਉਨ੍ਹਾਂ ਨੇ ਆਪਣੇ ਜ਼ਮੀਰ ਆਪ ਹੀ ਕੇਂਦਰੀ ਲੀਡਰਸ਼ਿਪ ਨੂੰ ਵੇਚ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੇ ਕਮੇਟੀ ਨੇ ਭਾਵੇਂ ਸ੍ਰ. ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਪਰ ਉਨ੍ਹਾਂ ਦਾ ਕੱਦ ਪਹਿਲਾਂ ਨਾਲੋਂ ਵੀ ਵੱਡਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਸਾਜ਼ਿਸ਼ਕਾਰਾਂ ਦੀ ਚੰਗੀ ਪੋਲ ਖੋਲ੍ਹ ਦਿੱਤੀ ਕਿ ਉਹ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਕਿੰਨੇ ਨਿੱਘਰ ਸਕਦੇ ਹਨ।
ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਿੱਖੀ ਪ੍ਰਤੀ ਸਤਿਕਾਰ ਇੱਕ ਢਕਵੰਜ ਹੀ ਕਿਹਾ ਜਾ ਸਕਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਉਹ ਛੋਟੇਪੁਰ ਨੂੰ ਇਹ ਨਾ ਕਹਿੰਦਾ, ”ਤੁਹਾਨੂੰ ਸਿੱਖੀ ‘ਚੋਂ ਕੱਢ ਦਿੱਤਾ ਜਾਂਦਾ ਤਾਂ ਕੋਈ ਗੱਲ ਨਹੀਂ ਸੀ ਪਰ ਪਾਰਟੀ ਦਾ ਵੱਕਾਰ ਤਾਂ ਬਚ ਜਾਂਦਾ।” ਇਹ ਇੰਕਸ਼ਾਫ਼ ਛੋਟੇਪੁਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਖ਼ੁਦ ਹੀ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਕੇਜਰੀਵਾਲ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆਏ ਤਾਂ ਦਿੱਲੀ ਜਾਣ ਲੱਗਿਆਂ ਉਸ ਨੇ ਛੋਟੇਪੁਰ ਨੂੰ ਕਿਹਾ ਕਿ ਉਸ ਨੇ ਯੂਥ ਮੈਨੀਫ਼ੈਸਟੋ ਦੇ ਟਾਈਟਲ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਝਾੜੂ ਲਗਾਉਣ ਸਬੰਧੀ ਇਹ ਕਿਉਂ ਕਿਹਾ ਕਿ ਉਸ ਨੂੰ ਇਸ ਸਬੰਧੀ ਕੁਝ ਵੀ ਪਤਾ ਨਹੀਂ ਸੀ। ਇਸ ਸਬੰਧ ਵਿੱਚ ਛੋਟੇਪੁਰ ਨੇ ਸਪਸ਼ਟ ਕੀਤਾ ਕਿ ਜੇਕਰ ਉਹ ਇਸ ਸਬੰਧੀ ਝੂਠ ਬੋਲ ਦਿੰਦਾ ਤਾਂ ਉਸ ਨੂੰ ਸਿੱਖੀ ਵਿੱਚੋਂ ਛੇਕ ਦਿੱਤਾ ਜਾਣਾ ਸੀ। ਇਹ ਸੁਣ ਕੇ ਕੇਜਰੀਵਾਲ ਨੇ ਛੋਟੇਪੁਰ ਨੂੰ ਸਿੱਖ ਧਰਮ ਦੀ ਪਰਵਾਹ ਨਾ ਕਰਨ ਦੀ ਸਲਾਹ ਦਿੱਤੀ। ਜਦੋਂ ਪਾਰਟੀ ਦੇ ਸਭ ਤੋਂ ਵੱਡੇ ਆਗੂ ਦੇ ਸਿੱਖੀ ਬਾਰੇ ਇਹੋ ਜਿਹੇ ਵਿੱਚਾਰ ਹਨ ਤਾਂ ਛੋਟੇ ਲੀਡਰਾਂ ਦੀ ਬੁੱਧੀ ਵੀ ਤਾਂ ਇਹੋ ਜਿਹੀ ਹੀ ਹੋਵੇਗੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨਾਲ ਝਾੜੂ ਦੀ ਤਸਵੀਰ ਲਗਾਈ ਅਤੇ ਆਪਣੇ ਮੈਨੀਫ਼ੈਸਟੋ ਦੀ ਤੁਲਨਾ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਕੀਤੀ। ਪੰਜਾਬੀਆਂ ਅਤੇ ਸਿੱਖਾਂ ਬਾਰੇ ਇਸ ਪਾਰਟੀ ਦੀ ਕੀ ਸੋਚ ਹੈ ਉਸ ਬਾਰੇ ਸਾਬਕਾ ਆਈ.ਐੱਫ਼.ਐੱਸ ਅਧਿਕਾਰੀ ਹਰਦੀਪ ਸਿੰਘ ਕਿੰਗਰਾ ਵੀ ਇੰਕਸ਼ਾਫ਼ ਕਰ ਚੁੱਕੇ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਨੂੰ ਅਲਵਿਦਾ ਕਿਹਾ ਹੈ।
ਜਿਸ ਮੁੱਦੇ ਕਾਰਨ ਛੋਟੇਪੁਰ ਨੂੰ ਉਲਝਾਇਆ ਗਿਆ ਹੈ, ਉਸ ਦਾ ਸੱਚ ਇਹ ਹੈ ਕਿ ਵਿਦੇਸ਼ਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਂ ‘ਤੇ ਲੁੱਟ ਚੱਲ ਰਹੀ ਹੈ। ਮੇਰਾ ਇੱਕ ਨਜ਼ਦੀਕੀ ਜੋ ਕਿ ਸੈਸਕਾਟੂਨ ਕੈਨੇਡਾ ਵਿੱਚ ਰਹਿੰਦਾ ਹੈ ਨੇ ਦੱਸਿਆ ਕਿ ਉਸ ਤੋਂ ਆਪ ਦੇ ਫ਼ੰਡ ਲਈ 5 ਹਜ਼ਾਰ ਡਾਲਰ ਦੀ ਮੰਗ ਕੀਤੀ ਗਈ। ਉਹ ਦੇਣ ਲਈ ਤਿਆਰ ਵੀ ਹੋ ਗਿਆ, ਪਰ ਜਦੋਂ ਉਸ ਨੇ ਰਸੀਦ ਦੀ ਮੰਗ ਕੀਤੀ ਤਾਂ ਇਹ ਕਿਹਾ ਗਿਆ ਕਿ ਫ਼ੰਡਾਂ ਦੀ ਰਸੀਦ ਨਹੀਂ ਹੁੰਦੀ। ਇਸੇ ਪ੍ਰਕਾਰ ਐਡਮੰਟਨ ਦੇ ਇੱਕ ਰੇਡੀਓ ‘ਤੇ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਨੂੰ ਔਨਲਾਈਨ ਕੀਤਾ ਗਿਆ ਅਤੇ ਸਰੋਤਿਆਂ ਦੇ ਰੂ ਬ ਰੂ ਕਰਵਾਇਆ ਗਿਆ ਤਾਂ ਉਸ ਤੋਂ ਸਰੋਤਿਆਂ ਨੇ ਫ਼ੰਡਾਂ ਬਾਰੇ ਕਾਫ਼ੀ ਸਵਾਲ ਪੁੱਛੇ। ਉਹ ਉਨ੍ਹਾਂ ਸਰੋਤਿਆਂ ਦਾ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਅਜਿਹੇ ਹੀ ਦੋਸ਼ ਪੰਜਾਬ ਦੇ ਪ੍ਰਭਾਰੀ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉੱਤੇ ਵੀ ਲੱਗ ਚੁੱਕੇ ਹਨ।
ਮੌਜੂਦਾ ਘਟਨਾਕ੍ਰਮ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਪੋਲ ਖੁੱਲ੍ਹ ਚੁੱਕੀ ਹੈ। ਇਥੇ ਦਿਖਾਵਾ, ਢਕਵੰਜ, ਉੱਚੀ ਬੋਲਣਾ, ਅੱਧਾ ਸੱਚ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ, ਨੰਗੇ ਪੈਰੀਂ ਤੁਰ ਕੇ ਲੋਕਾਂ ਵਿੱਚ ਹਮਦਰਦੀ ਕਰਨ ਲਈ ਸੋਸ਼ਲ ਮੀਡੀਏ ਉੱਤੇ ਤਸਵੀਰਾਂ ਪੁਆਉਣੀਆਂ, ਆਦਿ ਹੀ ਨਜ਼ਰ ਆਉਂਦਾ ਹੈ। ਇੱਕ ਗੱਲ ਹੋਰ, ਜੇਕਰ ਉਨ੍ਹਾਂ ਦਾ ਵਿਰੋਧੀ ਦਲੀਲ ਨਾਲ ਵੀ ਗੱਲ ਕਰਦਾ ਹੈ ਤਾਂ ਇਹ ਕਹਿੰਦੇ ਹਨ ਕਿ ਸਾਡੀ ਚੜ੍ਹਤ ਕਾਰਨ ਇਹ ਬੁਖਲਾਹਟ ਵਿੱਚ ਬੋਲਦੇ ਹਨ। ਜਿਸ ਪ੍ਰਕਾਰ ਕੇਜਰੀਵਾਲ ਆਪਣੇ ਆਪ ਨੂੰ ‘ਵਿੱਚਾਰਾ’ ਦਿਖਾਉਣ ਲਈ ਕੌਮਾਂਤਰੀ ਪੱਧਰ ਦੇ ਸਮਾਗਮਾਂ ਵਿੱਚ ਸੈਂਡਲ ਪਾ ਕੇ ਚਲਾ ਜਾਂਦਾ ਹੈ ਉਸੇ ਪ੍ਰਕਾਰ ਪੰਜਾਬ ਵਿੱਚ ਆਪ ਦੇ ਛੋਟੇ ਛੋਟੇ ਟੁੱਚੇ ਜਿਹੇ ਲੀਡਰ ਕਦੇ ਚਿੱਕੜ ਵਿੱਚ ਵੜ ਜਾਂਦੇ ਹਨ ਅਤੇ ਕਦੇ ਮੀਂਹ ਦੇ ਪਾਣੀ ਵਿੱਚੋਂ ਲੰਘ ਕੇ ਪ੍ਰਚਾਰ ਕਰਦੇ ਹਨ। ਅਸਲ ਵਿੱਚ ਇਹ ਸਭ ਕੁਝ ਪਾਰਟੀ ਅੰਦਰ ਮੀਟਿੰਗਾਂ ਦੌਰਾਨ ਸਿਖਾਇਆ ਜਾ ਰਿਹਾ ਹੈ ਕਿ ਸਿਰਫ਼ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਨਾਟਕਬਾਜ਼ੀ ਕਰੀ ਜਾਵੋ।  ਕੋਈ ਸਿਧਾਂਤ ਨਹੀਂ, ਕੋਈ ਪ੍ਰੋਗਰਾਮ ਨਹੀਂ। ਸਿਰਫ਼ ਤੇ ਸਿਰਫ਼ ਸੱਤਾ ਦੀ ਲਾਲਸਾ ਹੈ। ਇਸ ਲਈ ਉਹ ਹੱਦ ਨਾਲੋਂ ਜ਼ਿਆਦਾ ਆਤਮਵਿਸ਼ਵਾਸ ਵਿੱਚ ਨਜ਼ਰ ਆ ਰਹੇ ਹਨ। ਲੇਕਿਨ ਇਨ੍ਹਾਂ ਘਟਨਾਵਾਂ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦੇ ਮਨੋਬਲ ਨੂੰ ਜ਼ਬਰਦਸਤ ਧੱਕਾ ਜ਼ਰੂਰ ਲੱਗਾ ਹੋਇਆ ਹੋਵੇਗਾ ਅਤੇ ਉਨ੍ਹਾਂ ਨੂੰ ਆਪਣਾ ਸੁਪਨਾ ਟੁੱਟਦਾ ਹੋਇਆ ਵੀ ਜ਼ਰੂਰ ਨਜ਼ਰ ਆ ਰਿਹਾ ਹੋਵੇਗਾ।
ਬੇਸ਼ੱਕ ਆਮ ਆਦਮੀ ਪਾਰਟੀ ਨੇ ਛੋਟੇਪੁਰ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਨੂੰ ਆਪਣਾ ਉਜਵਲ ਸਿਆਸੀ ਭਵਿੱਖ ਬਣਾਉਣ ਦਾ ਮੌਕਾ ਮਿਲਿਆ ਹੈ ਅਤੇ ਉਸ ਕੋਲ ਬਹੁਤ ਬਦਲ ਮੌਜੂਦ ਹਨ। ਭਾਵੇਂ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜੋ ਕਿ ਸੁੱਚਾ ਸਿੰਘ ਦੇ ਪੁਰਾਣੇ ਦੋਸਤ ਹਨ, ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਪਰ ਇਹ ਪਾਰਟੀ ਇਕੱਲੇ ਛੋਟੇਪੁਰ ਨੂੰ ਹੀ ਸਥਾਨ ਦੇ ਸਕਦੀ ਹੈ ਜਦਕਿ ਇਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰ ਹੀ ਅਣਗਿਣਤ ਵੱਡੇ ਅਤੇ ਛੋਟੇ ਲੀਡਰ ਉਸ ਦੇ ਸਮਰਥਕ ਬੈਠੇ ਹਨ।  ਲੱਖਾਂ ਦੀ ਗਿਣਤੀ ਵਿੱਚ ਕਾਰਕੁੰਨ ਛੋਟੇਪੁਰ ਵਲੋਂ ਕਦਮ ਚੁੱਕੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਉਹ ਵੀ ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਛੋਟੇਪੁਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਹੱਲਾਸ਼ੇਰੀ ਦੇ ਹੀ ਰਹੇ ਹੋਣਗੇ। ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਜ਼ਿਲ੍ਹਾ ਜ਼ੋਨਲ ਇੰਚਾਰਜ ਛੋਟੇਪੁਰ ਦੇ ਸਮਰਥਨ ਵਿੱਚ ਆ ਗਏ ਹਨ।  ਜੇਕਰ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖ਼ਾਲਸਾ, ਹਰਦੀਪ ਸਿੰਘ ਕਿੰਗਰਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਜਗਮੀਤ ਸਿੰਘ ਬਰਾੜ, ਪ੍ਰਗਟ ਸਿੰਘ ਦੇ ਨਾਲ ਛੋਟੇਪੁਰ ਦਾ ਸਾਥ ਹੋ ਜਾਂਦਾ ਹੈ ਤਾਂ ਪੰਜਾਬ ਦੀ ਸਿਆਸੀ ਤਸਵੀਰ ਹੀ ਬਦਲ ਸਕਦੀ ਹੈ। ਇਨ੍ਹਾਂ ਲੀਡਰਾਂ ਦੀ ਇਕਜੁਟਤਾ ਜਿਥੇ ਆਪ ਲੀਡਰਾਂ ਦੇ ਹੰਕਾਰ ਨੂੰ ਤੋੜੇਗੀ ਉਥੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਦਾ ਤੀਜਾ ਬਦਲ ਵੀ ਲੱਭ ਸਕਦਾ ਹੈ।
‘ਆਪ’ ਦੇ ਦੋਫ਼ਾੜ ਹੋਣ ਦੀਆਂ ਸੰਭਾਵਨਾਵਾਂ ਵਧੀਆਂ
ਸਿਆਸੀ ਟੱਕਰ ਇੱਕ ਵਾਰ ਫ਼ਿਰ ਅਕਾਲੀ-ਕਾਂਗਰਸ ਵਿੱਚਾਲੇ
ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਵਿੱਚ ਚੱਲੇ ਕਾਟੋ ਕਲੇਸ਼ ਨੇ ਇੱਕ ਵਾਰ ਫ਼ਿਰ ਪੰਜਾਬ ਦਾ ਸਿਆਸੀ ਵਾਤਾਵਰਣ ਤਬਦੀਲ ਕਰ ਕੇ ਰੱਖ ਦਿੱਤਾ ਹੈ। ਸੂਬੇ ਦੀਆਂ ਰਵਾਇਤੀ ਪਾਰਟੀਆਂ, ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ, ਜਿਥੇ ਆਪ ਅੰਦਰਲੀ ਖਹਿਬਾਜ਼ੀ ਕਾਰਨ ਕੱਛਾਂ ਵਜਾ ਰਹੀਆਂ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਕਾਰਕੁੰਨ ਸਸ਼ੋਪੰਜ ਵਿੱਚ ਪੈ ਗਏ ਹਨ ਕਿ ਉਹ ਕਿਸ ਧੜੇ ਨਾਲ ਖੜ੍ਹੇ ਹੋਣ। ਦੂਜੇ ਪਾਸੇ ਅਕਾਲੀ ਅਤੇ ਕਾਂਗਰਸ, ਜੋ ਕਿ ਹੁਣ ਤਕ ਇੱਕ ਦੂਜੇ ਦੇ ਖ਼ਿਲਾਫ਼ ਘੱਟ ਬਿਆਨਬਾਜ਼ੀ ਕਰ ਰਹੀਆਂ ਸਨ, ਨੂੰ ਇਹ ਲੱਗਣ ਲੱਗ ਪਿਆ ਹੈ ਕਿ ਹੁਣ ਦੋਸਤਾਨਾ ਮੈਚ ਨਾਲ ਕੰਮ ਨਹੀਂ ਚੱਲਣਾ ਤੇ ਇੱਕ ਦੂਜੇ ਦੇ ਖ਼ਿਲਾਫ਼ ਮੁੱਦੇ ਲੱਭਣੇ ਹੀ ਪੈਣਗੇ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਸੀ ਅਤੇ ਇਸ ਦੇ ਚਾਰ ਉਮੀਦਵਾਰ ਲੋਕ ਸਭਾ ਦੇ ਮੈਂਬਰ ਬਣ ਗਏ ਸਨ। ਇਸ ਤੋਂ ਉਤਸਾਹਿਤ ਹੋ ਕੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਤੇ ਆਪਣੀ ਸਿਆਸਤ ਕੇਂਦਰਿਤ ਕੀਤੀ ਅਤੇ ਪਾਰਟੀ ਨੂੰ ਲਾਮਬੰਦ ਕਰਨਾ ਆਰੰਭ ਕਰ ਦਿੱਤਾ। ਕੇਜਰੀਵਾਲ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਫ਼ਲਤਾ ਵੀ ਮਿਲੀ ਅਤੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਇਸ ਪਾਰਟੀ ਦੇ ਝੰਡੇ ਲਹਿਰਾਉਣ ਲੱਗ ਪਏ, ਪਰ ਇਨ੍ਹਾਂ ਕੋਸ਼ਿਸ਼ਾਂ ਦੌਰਾਨ ਇਹ ਪਾਰਟੀ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬੀਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਭੁੱਲ ਗਈ। ਪਰ ਫ਼ਿਰ ਵੀ  ਗੱਲ ਦਬੀ ਰਹੀ ਅਤੇ ਲੋਕਾਂ ਨੂੰ ਜ਼ਿਆਦਾ ਸਮਝ ਨਹੀਂ ਆਈ ਅਤੇ ਉਹ ਇਸ ਪਾਰਟੀ ਨਾਲ ਜੁੜਦੇ ਚਲੇ ਗਏ।  ਆਪ ਵੱਲ ਲੋਕਾਂ ਦੇ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਦੋਵੇਂ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਕਿਧਰੇ ਆਮ ਆਦਮੀ ਪਾਰਟੀ ਹੀ ਬਾਜ਼ੀ ਨਾ ਮਾਰ ਜਾਵੇ। ਇਸ ਲਈ ਦੋਵੇਂ ਪਾਰਟੀਆਂ ਵਲੋਂ ਇੱਕ ਦੂਜੇ ਦੇ ਖ਼ਿਲਾਫ਼ ਘੱਟ ਬਿਆਨਬਾਜ਼ੀ ਕੀਤੀ ਜਾਂਦੀ ਸੀ ਅਤੇ ਆਪ ਦੇ ਲੀਡਰਾਂ ਵੱਲ ਵੱਧ ਤੋਪਾਂ ਚਲਾਈਆਂ ਜਾ ਰਹੀਆਂ ਸਨ। ਇਸੇ ਕਰ ਕੇ ਸਿਆਸੀ ਮਾਹਿਰ ਅਕਾਲੀ ਦਲ ਅਤੇ ਕਾਂਗਰਸ ਦੀ ਇਸ ਰਣਨੀਤੀ ਨੂੰ ਕਿਸੇ ਪਹਿਲਾਂ ਤੋਂ ਕੀਤੇ ਗਏ ‘ਸਮਝੌਤੇ’ ਦਾ ਹਿੱਸਾ ਸਮਝ ਰਹੇ ਸਨ, ਪਰ ਹੁਣ ਜਦੋਂ ਆਮ ਆਦਮੀ ਪਾਰਟੀ ਅੰਦਰ ਜ਼ਬਰਦਸਤ ਤੂਫ਼ਾਨ ਆ ਗਿਆ ਹੈ ਤਾਂ ਅਜਿਹਾ ਜਾਪ ਰਿਹਾ ਹੈ ਕਿ ਇਹ ਪਾਰਟੀ ਦੋਫ਼ਾੜ ਹੋ ਜਾਵੇਗੀ। ਇਸ ਗੱਲ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਪਾਰਟੀ ਦਾ ਜਿਹੜਾ ਸਿਆਸੀ ਨੁਕਸਾਨ ਹੋ ਚੁੱਕਾ ਹੈ, ਉਸ ਨੇ ਉਸ ਨੂੰ ਧੁਰੋਂ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤਾਂ ਮੁਆਫ਼ੀਆਂ ਦਾ ਮੌਕਾ ਵੀ ਨਹੀਂ ਰਿਹਾ। ਛੋਟੇਪੁਰ ਤਾਂ ਕਿਸੇ ਵੀ ਵਿਵਾਦ ਨੂੰ ਮੁਆਫ਼ੀ ਤਕ ਲੈ ਆਉਂਦਾ ਸੀ। ਹੋਰ ਕਿਸੇ ਲੀਡਰ ਵਿੱਚ ਇੰਨੀ ਪਰਿਪੱਕਤਾ ਨਹੀਂ ਕਿ ਉਹ ਸਥਿਤੀ ਨੂੰ ਸੰਭਾਲ ਸਕੇ। ਛੋਟੇਪੁਰ ਇੱਕ ਸਿੱਖ ਚਿਹਰਾ ਸੀ। ਹੋਰ ਕਈ ਲੀਡਰ ਸਿੱਖ ਤਾਂ ਹਨ, ਪਰ ਉਨ੍ਹਾਂ ਨੂੰ ਸਿੱਖ ਸਿਆਸਤ ਦੀ ਸਮਝ ਨਹੀਂ। ਉਪਰੋਂ ਆਪ ਤੋਂ ਬਾਗ਼ੀ ਹੋਏ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਤਾਂ ਪਹਿਲਾਂ ਹੀ ਇੱਕ ਖੇਤਰੀ ਫ਼ਰੰਟ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸੁੱਚਾ ਸਿੰਘ ਛੋਟੇਪੁਰ ਵੀ ਡਾ. ਗਾਂਧੀ ਅਤੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਦੇ ਹਮਾਇਤੀ ਹੋਣ ਦਾ ਪ੍ਰਭਾਵ ਦੇ ਰਹੇ ਹਨ। ਇਸੇ ਲਈ ਛੋਟੇਪੁਰ ਨੇ ਕਿਹਾ ਹੈ ਕਿ ਸਟਿੰਗ ਆਪ੍ਰੇਸ਼ਨ ਦੀ ਜੇਕਰ ਜਾਂਚ ਕਰਵਾਉਣੀ ਹੀ ਹੈ ਤਾਂ ਡਾ. ਗਾਂਧੀ, ਸ੍ਰ. ਖਾਲਸਾ ਅਤੇ ਪੱਤਰਕਾਰ ਕੰਵਰ ਸੰਧੂ ਤੋਂ ਕਰਵਾਈ ਜਾਵੇ। ਇਸ ਲਈ ਇਹ ਵੀ ਜਾਪਦਾ ਹੈ ਕਿ ਇਹੀ ਲੀਡਰ ਰਲ ਕੇ ਆਪ ਲਈ ਚੁਣੌਤੀ ਬਣ ਜਾਣਗੇ।  ਆਪ ਦੀ ਇਸ ਪ੍ਰਕਾਰ ਹੋ ਰਹੀ ਦੁਰਦਸ਼ਾ ਨੂੰ ਦੇਖਦੇ ਹੋਏ ਰਵਾਇਤੀ ਪਾਰਟੀਆਂ ਨੂੰ ਆਪ ਦੀ ਚੁਣੌਤੀ ਕਮਜ਼ੋਰ ਹੁੰਦੀ ਜਾਪ ਰਹੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਤੌਰ ‘ਤੇ ਇਹ ਜਾਪ ਰਿਹਾ ਹੈ ਕਿ ਉਸ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਦੀ ਕਨਵੀਨਰਸ਼ਿਪ ਤੋਂ ਉਤਾਰ ਕੇ ਠੀਕ ਕੀਤਾ ਹੈ, ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਜੇਕਰ ਧਾਰਮਿਕ ਮੁੱਦੇ ਉੱਤੇ ਅਰਵਿੰਦ ਕੇਜਰੀਵਾਲ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ, ਦੇ ਨਿਸ਼ਾਨੇ ਉੱਤੇ ਆ ਗਏ ਤਾਂ ਪਾਰਟੀ ਦੀ ਸਾਖ਼ ਨੂੰ ਜ਼ਬਰਦਸਤ ਖੋਰਾ ਲੱਗ ਜਾਵੇਗਾ। ਅਕਾਲੀ ਦਲ ਇਸ ਮੁੱਦੇ ਨੂੰ ਕੈਸ਼ ਕਰਨ ਦੇ ਰੌਂਅ ਵਿੱਚ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੁਝ ਧਾਰਮਿਕ ਮੁੱਦਿਆਂ ਉੱਤੇ ਅਕਾਲੀ ਦਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਹੁਣ ਉਸ ਨੁਕਸਾਨ ਨੂੰ ਪੂਰਾ ਕਰਨ ਲਈ ਅਕਾਲੀ ਦਲ ਕੋਲ ਪੂਰਾ ਮੌਕਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਯੂਥ ਮੈਨੀਫ਼ੈਸਟੋ ਜਾਰੀ ਕਰਨ ਸਮੇਂ ਅਕਾਲੀ ਦਲ ਨੂੰ ਇੱਕ ਵੱਡਾ ਮੁੱਦਾ ਥਾਲੀ ਵਿੱਚ ਪਾ ਕੇ ਦੇ ਗਈ ਸੀ। ਆਪ ਤੋਂ ਲਗਾਤਾਰ ਅਜਿਹੀਆਂ ਗ਼ਲਤੀਆਂ ਹੋ ਰਹੀਆਂ ਹਨ। ਸੁੱਚਾ ਸਿੰਘ ਛੋਟੇਪੁਰ ਵੀ ਹੁਣ ਆਪ ਦੀ ਲੀਡਰਸ਼ਿਪ ਨੂੰ ਸਿੱਖ ਮੁੱਦਿਆਂ ਉੱਤੇ ਘੇਰਨ ਵਾਲਾ ਹੈ। ਆਪ ਦੀ ਸਾਖ਼ ਨੂੰ ਲੱਗ ਰਹੇ ਇਸ ਖੋਰੇ ਨੂੰ ਦੇਖਦੇ ਹੋਏ ਕਾਂਗਰਸ ਨੂੰ ਵੀ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਪੈ ਗਈ ਹੈ। ਹੁਣ ਉਸ ਨੂੰ ਇੱਕ ਵਾਰ ਫ਼ਿਰ ਰਵਾਇਤੀ ਮੁੱਦਿਆਂ ਉੱਤੇ ਕੇਂਦਰਿਤ ਹੋ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਪਵੇਗਾ।
ਆਮ ਆਦਮੀ ਪਾਰਟੀ ਦੀ ਚਿੰਤਾ ਇਸ ਲਈ ਵੀ ਵਧਣ ਵਾਲੀ ਹੈ ਕਿਉਂਕਿ ਹੁਣ ਜਿਹੜਾ ਘਮਾਸਾਣ ਚੱਲ ਰਿਹਾ ਹੈ ਉਹ ਪਾਰਟੀ ਨੂੰ ਮਿਲਦੇ ਚੰਦੇ ਨੂੰ ਲੈ ਕੇ ਹੈ। ਪਾਰਟੀ ਵਿੱਚ ਚੰਦੇ ਦੀ ਪਾਰਦਰਸ਼ਤਾ ਦੀ ਕਮੀ ਨੂੰ ਲੈ ਕੇ ਵਿਦੇਸ਼ਾਂ ਵਿੱਚੋਂ ਚੰਦਾ ਭੇਜਣ ਵਾਲੇ ਪਰਵਾਸੀ ਭਾਰਤੀ ਵੀ ਕਾਫ਼ੀ ਨਿਰਾਸ਼ ਹੋ ਗਏ ਹਨ। ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਕਈ ਪਰਵਾਸੀ ਭਾਰਤੀਆਂ ਨੇ ਚੰਦਾ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਆਪ ਦੇ ਜਿਹੜੇ ਲੀਡਰ ਵਿਦੇਸ਼ਾਂ ਵਿੱਚ ਪਾਰਟੀ ਫ਼ੰਡ ਇਕੱਠਾ ਕਰਨ ਜਾ ਰਹੇ ਹਨ ਉਨ੍ਹਾਂ ਦੁਆਰਾ ਵੀ ਰਸੀਦਾਂ ਵਗ਼ੈਰਾ ਨਹੀਂ ਦਿੱਤੀਆਂ ਜਾ ਰਹੀਆਂ।

LEAVE A REPLY