‘ਆਪ’ ਨੂੰ ਵਿਦੇਸ਼ਾਂ ਤੋਂ ਹੋਈ ਕਰੋੜਾਂ ਦੀ ਗੈਰ-ਕਾਨੂੰਨੀ ਫੰਡਿੰਗ, ED ਨੇ ਗ੍ਰਹਿ ਮੰਤਰਾਲਾ ਨੂੰ ਸੌਂਪੀ ਰਿਪੋਰਟ

ਨਵੀਂ ਦਿੱਲੀ – ਦਿੱਲੀ ’ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਪਾਰਟੀ ਨੇਤਾ ਜੇਲ ਗਏ ਤੇ ਹੁਣ ਇਕ ਨਵੀਂ ਮੁਸੀਬਤ ਸਾਹਮਣੇ ਆ ਗਈ ਹੈ। ਦਰਅਸਲ, ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਖ਼ਬਰ ਚੱਲ ਰਹੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਹਿ ਮੰਤਰਾਲਾ ਨੂੰ ਇਕ ਰਿਪੋਰਟ ਸੌਂਪੀ ਹੈ, ਜਿਸ ’ਚ ਇਸ ਗੱਲ ਦਾ ਜ਼ਿਕਰ ਹੈ ਕਿ 2014 ਤੋਂ 2022 ਦੇ ਦਰਮਿਆਨ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਫੰਡਿੰਗ ਹੋਈ ਹੈ। ਰਿਪੋਰਟ ਮੁਤਾਬਕ ਪਾਰਟੀ ਨੂੰ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਊਦੀ ਅਰਬ, ਯੂ. ਏ. ਈ., ਕੁਵੈਤ ਅਤੇ ਓਮਾਨ ਤੋਂ ਫੰਡ ਮਿਲਿਆ ਹੈ।
ਈ. ਡੀ. ਨੇ ਗ੍ਰਹਿ ਮੰਤਰਾਲਾ ਨੂੰ ਦੱਸਿਆ ਕਿ ‘ਆਪ’ ਨੂੰ 7.08 ਕਰੋੜ ਰੁਪਏ ਦੀ ਫੰਡਿੰਗ ਹੋਈ। ਪਾਰਟੀ ਨੇ ਇਹ ਫੰਡ ਹਾਸਲ ਕਰ ਕੇ ਐੱਫ. ਸੀ. ਆਰ. ਏ., ਆਰ. ਪੀ. ਏ. ਅਤੇ ਆਈ. ਪੀ. ਸੀ. ਦੀ ਉਲੰਘਣਾ ਕੀਤੀ ਹੈ। ਇੰਨਾ ਹੀ ਨਹੀਂ, ਪਾਰਟੀ ਨੇ ਚੰਦਾ ਦੇਣ ਵਾਲਿਆਂ ਦੀ ਪਛਾਣ ਨੂੰ ਵੀ ਲੁਕਾਇਆ, ਉਸ ਨਾਲ ਛੇੜਛਾੜ ਕੀਤੀ ਅਤੇ ਗਲਤ ਪਛਾਣ ਦੱਸੀ। ਈ. ਡੀ. ਦੇ ਦੋਸ਼ਾਂ ’ਤੇ ਆਮ ਆਦਮੀ ਪਾਰਟੀ ਦਾ ਬਿਆਨ ਵੀ ਆਇਆ ਹੈ। ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਕਿਹਾ ਕਿ ਸ਼ਰਾਬ ਘਪਲੇ ਅਤੇ ਸਵਾਤੀ ਮਾਲੀਵਾਲ ਮਾਮਲਾ ਫੇਲ ਹੋਣ ਤੋਂ ਬਾਅਦ ਹੁਣ ਭਾਜਪਾ ਇਹ ਨਵਾਂ ਮਾਮਲਾ ਲੈ ਕੇ ਆਈ ਹੈ। ਭਲਕੇ ਇਕ ਹੋਰ ਮਾਮਲਾ ਆਵੇਗਾ। ਇਸ ਤੋਂ ਸਾਫ ਜ਼ਾਹਿਰ ਹੈ ਕਿ ਭਾਜਪਾ ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ 20 ਸੀਟਾਂ ਹਾਰ ਰਹੀ ਹੈ। ਇਹ ਕਈ ਸਾਲ ਪੁਰਾਣਾ ਮਾਮਲਾ ਹੈ, ਜਿਸ ’ਤੇ ਸਾਰੇ ਜਵਾਬ ਈ. ਡੀ., ਸੀ. ਬੀ. ਆਈ., ਗ੍ਰਹਿ ਮੰਤਰਾਲਾ ਅਤੇ ਚੋਣ ਕਮਿਸ਼ਨ ਨੂੰ ਦਿੱਤੇ ਜਾ ਚੁੱਕੇ ਹਨ।