ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਤਿੰਨ ਵਿਧਾਇਕਾਂ ਸੰਜੀਵ ਝਾਅ, ਜਨਰੈਲ ਸਿੰਘ ਅਤੇ ਕੁਲਦੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਸਦਨ ‘ਚ ਤਖ਼ਤੀ ਲੈ ਕੇ ਘੁੰਮਣ ਵਾਲੇ ਕਿਸੇ ਵੀ ਮੈਂਬਰ ਨੂੰ ਮਾਰਸ਼ਲ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਝਾਅ, ਸਿੰਘ ਅਤੇ ਕੁਮਾਰ ਨੂੰ ਕਾਰਵਾਈ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਸਰਦ ਰੁੱਤ ਸੈਸ਼ਨ ਤੋਂ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਧਾਨ ਸਭਾ ਦੀ ਕਾਰਵਾਈ 2 ਦਿਨਾਂ ਤੱਕ ਪੂਰੀ ਤਰ੍ਹਾਂ ਪ੍ਰਭਾਵਿਤ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋਈ। ਭਾਜਪਾ ਨੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ‘ਤੇ ਗੁਰੂ ਤੇਗ ਬਹਾਦਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਵਿਧਾਨ ਸਭਾ ਦੀ ਕਾਰਵਾਈ ‘ਚ ਰੁਕਾਵਟ ਆ ਰਹੀ ਸੀ। ਬੈਠਕ ਸ਼ੁਰੂ ਹੋਣ ‘ਤੇ ਮੈਂਬਰਾਂ ਨੇ ਨਿਯਮ 280 ਦੇ ਅਧੀਨ ਆਪਣੇ-ਆਪਣੇ ਚੋਣ ਖੇਤਰਾਂ ਨਾਲ ਸੰਬੰਧਤ ਮੁੱਦੇ ਚੁੱਕੇ ਅਤੇ ਜਲ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਨੇ ਸ਼ਹਿਰ ‘ਚ ਪਾਣੀ ਦੀ ਸਪਲਾਈ ‘ਤੇ ਇਕ ਬਿਆਨ ਦਿੱਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ 2025-26 ਲਈ ਗਰਾਂਟ ਲਈ ਮੰਗਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਦਨ ‘ਚ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ ਗਿਆ। ਉਨ੍ਹਾਂ ਵਲੋਂ ਪੇਸ਼ ਦਿੱਲੀ ਵਿਨਿਯੋਗ ਬਿੱਲ, 2026 ਵੀ ਸਦਨ ਵਲੋਂ ਕਰ ਦਿੱਤਾ ਗਿਆ।















