ਨਵੀਂ ਦਿੱਲੀ – ਆਜ਼ਾਦੀ ਦਿਹਾੜੇ ‘ਤੇ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਗ੍ਹਾ ਆਤਿਸ਼ੀ ਨੇ ਝੰਡਾ ਲਹਿਰਾਉਣਾ ਸੀ। ਕੇਜਰੀਵਾਲ ਨੇ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਇਹ ਇੱਛਾ ਜਤਾਈ ਸੀ ਕਿ 15 ਅਗਸਤ ਨੂੰ ਛਤਰਸਾਲ ਸਟੇਡੀਅਮ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਆਤਿਸ਼ੀ ਉਨ੍ਹਾਂ ਦੀ ਜਗ੍ਹਾ ਝੰਡਾ ਲਹਿਰਾਏ ਪਰ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਜਨਰਲ ਐਡਮਿਨੀਸਟ੍ਰੇਸ਼ਨ ਡਿਪਾਰਟਮੈਂਟ (ਜੀ.ਏ.ਡੀ.) ਨੇ ਕੇਜਰੀਵਾਲ ਦੇ ਇਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਹ ਸਾਫ਼ ਹੋ ਗਿਆ ਹੈ ਕਿ ਆਤਿਸ਼ੀ ਆਜ਼ਾਦੀ ਦਿਹਾੜੇ ਮੌਕੇ ਦਿੱਲੀ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਰਾਸ਼ਟਰੀ ਝੰਡਾ ਨਹੀਂ ਲਹਿਰਾ ਸਕੇਗੀ। ਇਸ ਪ੍ਰਸਤਾਵ ਨੂੰ ਖਾਰਜ ਕਰਦੇ ਸਮੇਂ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਅਗਸਤ ਨੂੰ ਝੰਡਾ ਲਹਿਰਾਉਣ ਦੇ ਸੰਬੰਧ ‘ਚ ਉੱਪ ਰਾਜਪਾਲ ਨੂੰ ਚਿੱਠੀ ਲਿਖੀ ਸੀ। ਚਿੱਠੀ ‘ਚ ਕੇਜਰੀਵਾਲ ਨੇ ਦੱਸਿਆ ਸੀ ਕਿ ਦਿੱਲੀ ‘ਚ ਆਜ਼ਾਦੀ ਦਿਹਾੜੇ ਮੌਕੇ ‘ਤੇ 15 ਅਗਸਤ ਨੂੰ ਮੰਤਰੀ ਆਤਿਸ਼ੀ ਝੰਡਾ ਲਹਿਰਾਏਗੀ। ਦਿੱਲੀ ‘ਚ ਆਜ਼ਾਦੀ ਦਿਹਾੜੇ ਮੌਕੇ ਹਰ ਸਾਲ ਦਿੱਲੀ ਸਰਕਾਰ ਛਤਰਸਾਲ ਸਟੇਡੀਅਮ ‘ਚ ਪ੍ਰੋਗਰਾਮ ਆਯੋਜਿਤ ਕਰਦੀ ਹੈ, ਜਿਸ ‘ਚ ਮੁੱਖ ਮੰਤਰੀ ਝੰਡਾ ਲਹਿਰਾਉਂਦੇ ਹਨ ਪਰ ਇਸ ਵਾਰ ਕੇਜਰੀਵਾਲ ਜੇਲ੍ਹ ‘ਚ ਹਨ, ਇਸ ਲਈ ਉਨ੍ਹਾਂ ਨੇ ਆਪਣੀ ਕੈਬਨਿਟ ਮੰਤਰੀ ਆਤਿਸ਼ੀ ਨੂੰ ਝੰਡਾ ਲਹਿਰਾਉਣ ਲਈ ਅਧਿਕਾਰ ਦਿੱਤਾ ਸੀ।