ਬਾਰਾਬੰਕੀ : ਬਾਰਾਬੰਕੀ ਜ਼ਿਲ੍ਹੇ ਵਿੱਚ ਇੱਕ ਆਟੋ ਰਿਕਸ਼ਾ ਅਤੇ ਦੋ ਮੋਟਰਸਾਈਕਲਾਂ ਵਿਚਕਾਰ ਭਿਆਨਕ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਦੇਵਾ ਕੋਤਵਾਲੀ ਥਾਣਾ ਖੇਤਰ ਵਿੱਚ ਕੁਰਸੀ ਰੋਡ ‘ਤੇ ਪਿੰਡ ਭਿਤੌਲੀ ਦੇ ਨੇੜੇ ਵਾਪਰੀ, ਜਦੋਂ ਇੱਕ ਤੇਜ਼ ਰਫ਼ਤਾਰ ਆਟੋ ਰਿਕਸ਼ਾ ਟਾਇਰ ਫਟਣ ਤੋਂ ਬਾਅਦ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਦੋ ਮੋਟਰਸਾਈਕਲਾਂ ਨਾਲ ਟਕਰਾ ਗਿਆ।
ਸਟੇਸ਼ਨ ਇੰਚਾਰਜ ਅਜੇ ਤ੍ਰਿਪਾਠੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਚਾਰ ਲੋਕ ਅਤੇ ਆਟੋ ਰਿਕਸ਼ਾ ਸਵਾਰ ਲਗਭਗ ਅੱਠ ਲੋਕ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਸਥਾਨਕ ਨਾਗਰਿਕਾਂ ਦੀ ਮਦਦ ਨਾਲ ਦੇਵਾ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਤ੍ਰਿਪਾਠੀ ਨੇ ਦੱਸਿਆ ਕਿ ਸੰਦੀਪ ਕੁਮਾਰ (40) ਅਤੇ ਸਹਿਜਰਾਮ (48) ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀਆਂ ਵਿੱਚ ਛੇ ਸਾਲਾ ਆਕਾਂਕਸ਼ਾ ਅਤੇ ਅੱਠ ਸਾਲਾ ਪੂਨਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।