ਨਵੀਂ ਦਿੱਲੀ – ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਕਾਲਾ ਪੰਨਾ ਖੋਲ੍ਹਿਆ ਹੈ। ਐੱਨ.ਆਈ.ਏ. ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ’ਚ ਅੱਤਵਾਦੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਦੇ ਨਾਲ ਹੀ ਏਜੰਸੀ ਨੇ ਪੰਨੂ ’ਤੇ ਤਿਆਰ ਕੀਤੇ ਡੋਜ਼ੀਅਰ ’ਚ ਖੁਲਾਸਾ ਕੀਤਾ ਹੈ ਕਿ ਉਹ ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਕਈ ਵੱਖਰੇ ਮੁਲਕ ਤਿਆਰ ਹੋ ਜਾਣ। ਖਾਲਿਸਤਾਨ ਦੀ ਮੰਗ ਕਰਨ ਵਾਲੇ ਪੰਨੂ ਦਾ ਇਰਾਦਾ ਹੈ ਕਿ ਕਸ਼ਮੀਰ ਨੂੰ ਵੱਖ ਕੀਤਾ ਜਾਵੇ ਅਤੇ ਮੁਸਲਮਾਨਾਂ ਲਈ ਵੱਖਰਾ ਦੇਸ਼ ‘ਉਰਦੂਸਤਾਨ’ ਬਣਾਇਆ ਜਾਵੇ। ਏਜੰਸੀ ਮੁਤਾਬਕ ਉਹ ਆਪਣੇ ਆਡੀਓ ਸੰਦੇਸ਼ਾਂ ਵਿਚ ਬੇਹੱਦ ਇਤਰਾਜ਼ਯੋਗ ਭਾਸ਼ਾ ਵਿਚ ਗੱਲ ਕਰਦਾ ਹੈ ਅਤੇ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦਿੰਦਾ ਹੈ। ਇਸ ਤੋਂ ਇਲਾਵਾ ਉਹ ਇੰਡੀਆ ਗੇਟ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ’ਤੇ ਢਾਈ ਮਿਲੀਅਨ ਡਾਲਰ ਦਾ ਇਨਾਮ ਤੱਕ ਐਲਾਨ ਕਰ ਚੁੱਕਾ ਹੈ।
ਐੱਨ.ਆਈ. ਏ. ਦੀ ਵਾਂਟੇਡ ਲਿਸਟ ਵਿਚ ਗੁਰਪਤਵੰਤ ਸਿੰਘ ਪੰਨੂ 2019 ਤੋਂ ਸ਼ਾਮਲ ਹੈ। ਉਸ ਵਿਰੁੱਧ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਨਫ਼ਰਤ ਤੇ ਅੱਤਵਾਦ ਫੈਲਾਉਣ ਦੇ ਮਾਮਲੇ ਦਰਜ ਹਨ। ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਨੂ ਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਇੰਟਰਨੈੱਟ ਰਾਹੀਂ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਵੱਲ ਧੱਕਣ ਦੀ ਕੋਸ਼ਿਸ਼ ਕਰਦੀ ਹੈ। ਇਹ ਜਥੇਬੰਦੀ ਲੋਕਾਂ ਨੂੰ ਉਕਸਾਉਂਦੀ ਹੈ ਕਿ ਆਜ਼ਾਦ ਖਾਲਿਸਤਾਨ ਰਾਸ਼ਟਰ ਲਈ ਸੰਘਰਸ਼ ਕਰੋ। ਇਸ ਜਥੇਬੰਦੀ ਨੂੰ ਵੀ 2019 ’ਚ ਹੀ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਸੀ। ਗ੍ਰਹਿ ਮੰਤਰਾਲਾ ਨੇ 2020 ’ਚ ਪੰਨੂ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਸੀ ਪਰ ਇੰਟਰਪੋਲ ਨੇ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕੀਤਾ ਸੀ।