ਅੰਗਰੇਜ਼ ਅਤੇ ਕਿਸਮਤ ਨੇ ਬਦਲ ਦਿੱਤੀ ਮੇਰੀ ਜ਼ਿੰਦਗੀ – ਸਰਗੁਣ ਮਹਿਤਾ

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੀਆਂ ਦੋ ਬਲੌਕਬਸਟਰ ਫ਼ਿਲਮਾਂ ਅੰਗਰੇਜ਼ ਅਤੇ ਕਿਸਮਤ ਵੈਲੇਨਟਾਈਜ਼ ਡੇਅ ਦੇ ਮੌਕੇ ‘ਤੇ ਮੁੜ ਰਿਲੀਜ਼ ਹੋ ਰਹੀਆਂ ਹਨ ਜਿਸ ਕਾਰਨ ਅਦਾਕਾਰਾ ਬਹੁਤ ਖ਼ੁਸ਼ ਹੈ। ਅਦਾਕਾਰਾ ਨੇ ਆਖਿਆ ਕਿ ਇਨ੍ਹਾਂ ਫ਼ਿਲਮਾਂ ਨੇ ਉਸ ਦੀ ਪੇਸ਼ੇਵਰ ਜ਼ਿੰਦਗੀ ਨੂੰ ਬਦਲ ਦਿੱਤਾ ਸੀ। ਫ਼ਿਲਮ ਕਿਸਮਤ ‘ਚ ਮੁੱਖ ਭੂਮਿਕਾਵਾਂ ‘ਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਸਨ ਜਦ ਕਿ ਫ਼ਿਲਮ ਅੰਗਰੇਜ਼ ‘ਚ ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਆਦਿਤੀ ਸ਼ਰਮਾ ਨੇ ਮੁੱਖ ਕਿਰਦਾਰ ਨਿਭਾਏ ਸਨ।
ਜ਼ਿਕਰਯੋਗ ਹੈ ਕਿ ਸਰਗੁਣ ਨੇ ਸਾਲ 2015 ‘ਚ ਪੰਜਾਬੀ ਇਤਿਹਾਸਕ ਰੋਮੈਂਟਿਕ ਡਰਾਮਾ ਫ਼ਿਲਮ ਅੰਗਰੇਜ਼ ‘ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਸੀ ਜਿਸ ‘ਚ ਸਰਗੁਣ ਨੇ ਧੰਨ ਕੌਰ ਅਤੇ ਅਮਰਿੰਦਰ ਨੇ ਅੰਗਰੇਜ਼ ਉਰਫ਼ ਗੇਜਾ ਦਾ ਕਿਰਦਾਰ ਨਿਭਾਇਆ ਸੀ। ਸਰਗੁਣ ਨੇ ਕਿਹਾ, ”ਪੰਜਾਬ ‘ਚ ਅੰਗਰੇਜ਼ ਮੇਰੀ ਪਹਿਲੀ ਫ਼ਿਲਮ ਸੀ ਅਤੇ ਇਸ ਫ਼ਿਲਮ ਜ਼ਰੀਏ ਮੈਂ ਅੱਜ ਇੱਕ ਹੀਰੋਇਨ ਬਣ ਗਈ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਪੂਰੇ ਕਰੀਅਰ ‘ਚ ਕਿਸੇ ਵੀ ਪ੍ਰੌਜੈਕਟ ‘ਚੋਂ ਸਭ ਤੋਂ ਮਹੱਤਵਪੂਰਣ ਭੂਮਿਕਾ ਅੰਗਰੇਜ਼ ਦੀ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਇਸ ਫ਼ਿਲਮ ਨੂੰ ਵੈਲੇਨਟਾਈਨਜ਼ ਡੇਅ ਮੌਕੇ ਮੁੜ ਰਿਲੀਜ਼ ਕੀਤਾ ਜਾ ਰਿਹਾ ਹੈ। ਮੈਨੂੰ ਅੱਜ ਵੀ ਕੈਨੇਡਾ, US, UK, ਆਸਟਰੇਲੀਆ, ਆਦਿ ‘ਚ ਲੋਕ ਧੰਨ ਕੌਰ ਹੀ ਆਖ ਕੇ ਬੁਲਾਉਂਦੇ ਹਨ। ਇਨ੍ਹਾਂ ਭਾਵਨਾਵਾਂ ਨੂੰ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ।”