ਨੈਸ਼ਨਲ ਡੈਸਕ : ਵੀਰਵਾਰ ਨੂੰ ਦੇਸ਼ ‘ਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਦੋਂ ਏਅਰ ਇੰਡੀਆ ਦੀ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ ਸਿਰਫ਼ ਪੰਜ ਮਿੰਟ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਭਿਆਨਕ ਹਾਦਸੇ ਵਿੱਚ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਆਲੇ ਦੁਆਲੇ ਦੇ ਇਲਾਕੇ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਪੂਰਾ ਦੇਸ਼ ਸੋਗ ਵਿੱਚ ਡੁੱਬ ਗਿਆ। ਜਹਾਜ਼ ਇੱਕ ਬੋਇੰਗ 787 ਡ੍ਰੀਮਲਾਈਨਰ ਸੀ, ਜਿਸ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ (10 ਚਾਲਕ ਦਲ ਦੇ ਮੈਂਬਰ ਅਤੇ 2 ਪਾਇਲਟ) ਸਵਾਰ ਸਨ। ਏਅਰ ਇੰਡੀਆ ਦੇ ਅਨੁਸਾਰ ਯਾਤਰੀਆਂ ਵਿੱਚ 169 ਭਾਰਤੀ, 53 ਬ੍ਰਿਟਿਸ਼, ਸੱਤ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ।
ਹਾਦਸੇ ਦੀ ਪੁਸ਼ਟੀ ਕਰਦੇ ਹੋਏ ਮਹਾਰਾਸ਼ਟਰ ਐੱਨਸੀਪੀ ਮੁਖੀ ਸੁਨੀਲ ਤਟਕਰੇ ਨੇ ਕਿਹਾ ਕਿ ਫਲਾਈਟ ਦੀ ਇੱਕ ਸੀਨੀਅਰ ਕੈਬਿਨ ਕਰੂ ਮੈਂਬਰ, ਅਪਰਨਾ ਮਹਾਦਿਕ ਉਸਦੀ ਰਿਸ਼ਤੇਦਾਰ ਸੀ। ਉਹਨਾਂ ਕਿਹਾ ਕਿ ਅਪਰਨਾ ਮਹਾਦਿਕ ਮੇਰੀ ਛੋਟੀ ਭੈਣ ਦੀ ਨੂੰਹ ਹੈ। ਮੇਰਾ ਭਤੀਜਾ, ਜੋ ਅਪਰਨਾ ਦਾ ਪਤੀ ਹੈ, ਵੀ ਏਅਰ ਇੰਡੀਆ ਵਿੱਚ ਇੱਕ ਕੈਬਿਨ ਕਰੂ ਹੈ। ਉਹ ਹਾਦਸੇ ਦੇ ਸਮੇਂ ਦਿੱਲੀ ਵਿੱਚ ਸੀ। ਅਪਰਨਾ, ਉਮਰ 42, ਏਅਰ ਇੰਡੀਆ ਵਿੱਚ ਕੈਬਿਨ ਕਰੂ ਵਜੋਂ ਕੰਮ ਕਰ ਰਹੀ ਸੀ ਅਤੇ ਉਸਦਾ ਪਰਿਵਾਰ ਗੋਰੇਗਾਓਂ, ਮੁੰਬਈ ਵਿੱਚ ਰਹਿੰਦਾ ਹੈ। ਇਹ ਉਡਾਣ ਦੁਪਹਿਰ 1:38 ਵਜੇ ਅਹਿਮਦਾਬਾਦ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ।
ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਦੇ ਅਨੁਸਾਰ, ਜਹਾਜ਼ ਜਦੋਂ ਸਿਰਫ਼ 625 ਫੁੱਟ ਦੀ ਉਚਾਈ ‘ਤੇ ਸੀ, ਤਾਂ ਇਸ ਵਿੱਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਤੇਜ਼ੀ ਨਾਲ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਜਹਾਜ਼ ਇੱਕ ਜ਼ੋਰਦਾਰ ਧਮਾਕੇ ਨਾਲ ਕਰੈਸ਼ ਹੋ ਗਿਆ। ਇਹ ਜਹਾਜ਼ ਮੇਘਾਨੀਨਗਰ ਦੇ ਇੱਕ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿੱਥੇ ਨੇੜਲੇ ਬੀ.ਜੇ. ਮੈਡੀਕਲ ਕਾਲਜ ਦੇ ਵਿਦਿਆਰਥੀ ਹੋਸਟਲ ਵਿੱਚ ਖਾਣਾ ਖਾ ਰਹੇ ਸਨ। ਜਹਾਜ਼ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਉੱਥੇ ਮੌਜੂਦ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਵਿਦਿਆਰਥੀ ਦੇਸ਼ ਦੇ ਭਵਿੱਖ ਦੇ ਡਾਕਟਰ ਬਣਨ ਦੇ ਸੁਫ਼ੇਨੇ ਨਾਲ ਪੜ੍ਹ ਰਹੇ ਸਨ। ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਸੀ। ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹਾਦਸੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਸ ਦੁਖਾਂਤ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।















