ਖ਼ਬਰ ਹੈ ਕਿ ‘ਗੋਲਮਾਲ 4’ ਤੋਂ ਬਾਅਦ ਰੋਹਿਤ ਸ਼ੈੱਟੀ ਇੱਕ ਫ਼ਿਲਮ ਰਣਵੀਰ ਸਿੰਘ ਲਈ ਬਣਾਉਣ ਜਾ ਰਿਹਾ ਹੈ ਜੋ ਤੇਲਗੂ ਸੁਪਰਹਿੱਟ ਫ਼ਿਲਮ ‘ਟੇਂਪਰ’ ਦਾ ਇਹ ਹਿੰਦੀ ਰੀਮੇਕ ਹੋਵੇਗਾ। ਇਸ ਫ਼ਿਲਮ ‘ਚ ਕਾਜੋਲ ਅਗਰਵਾਲ ਨਜ਼ਰ ਆਵੇਗੀ ਜੋ ਰੋਹਿਤ ਨਾਲ ਪਹਿਲਾਂ ‘ਸਿੰਘਮ’ ਕਰ ਚੁੱਕੀ ਹੈ। ਕਾਜਲ ਇਸ ਵਿੱਚ ਇੱਕ ਵੱਖਰੇ ਰੂਪ ‘ਚ ਨਜ਼ਰ ਆਵੇਗੀ। ਕਾਜਲ ਨੇ ਭਾਵੇਂ ‘ਸਿੰਘਮ’ ਵਰਗੀ ਸੁਪਰਹਿੱਟ ਫ਼ਿਲਮ ਵੀ ਕੀਤੀ ਪਰ ਇਸ ਸਫ਼ਲਤਾ ਨਾਲ ਉਸ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੋਇਆ। ‘ਸਿੰਘਮ’ ਤੋਂ ਬਾਅਦ ਕਾਜਲ ਇੱਕ ਹੋਰ ਸਫ਼ਲ ਫ਼ਿਲਮ ‘ਸਪੈਸ਼ਲ 26’ ਦਾ ਹਿੱਸਾ ਬਣੀ। ਫ਼ਿਲਮ ਸਫ਼ਲ ਰਹੀ ਪਰ ਕਾਜਲ ਦੇ ਕਰੀਅਰ ਨੂੰ ਕੋਈ ਹੁਲਾਰਾ ਨਹੀਂ ਮਿਲਿਆ। ਇਸ ਤੋਂ ਬਾਅਦ ਕਾਜਲ ਦੀ ‘ਦੋ ਲਫ਼ਜ਼ੋਂ ਕੀ ਕਹਾਨੀ’ ਵੀ ਬੁਰੀ ਤਰ੍ਹਾਂ ਅਸਫ਼ਲ ਰਹੀ। ਉਸ ਨੂੰ ਖ਼ੁਦ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਅਸਫ਼ਲ ਫ਼ਿਲਮਾਂ ਦੇ ਢੇਰ ‘ਤੇ ਬੈਠੀ ਹੈ। ਇਸ ਦੇ ਬਾਵਜੂਦ ਉਹ ਨਿਰਾਸ਼ ਬਿਲਕੁਲ ਨਹੀਂ। ਉਹ ਹੁਣ ਫ਼ਿਰ ਤੋਂ ਬਾਲੀਵੁੱਡ ‘ਚ ਕੋਸ਼ਿਸ਼ ਕਰਨਾ ਚਾਹੁੰਦੀ ਹੈ ਅਤੇ ਰੋਹਿਤ ਦੀ ਫ਼ਿਲਮ ਤੋਂ ਵਧੀਆ ਹੋਰ ਕਿਹੜਾ ਮੌਕਾ ਹੋ ਸਕਦਾ ਸੀ? ਕਾਜਲ ਦੀ ਦੋ ਤਿੰਨ ਵੱਡੇ ਬੈਨਰਾਂ ਨਾਲ ਵੀ ਗੱਲ ਚੱਲ ਰਹੀ ਹੈ। ਕਾਜਲ ਦਾ ਕਹਿਣਾ ਹੈ ਕਿ ਉਹ ਨਵੀਂ ਫ਼ਿਲਮ ਲਈ ਬੇਹੱਦ ਉਤਸ਼ਾਹਿਤ ਹੈ। ਹਾਲ ਹੀ ਵਿੱਚ ਰਣਵੀਰ ਸਿੰਘ ਨੂੰ ‘ਗੋਲਮਾਲ 4’ ਦੇ ਸੈੱਟ ‘ਤੇ ਦੇਖਿਆ ਗਿਆ ਤਾਂ ਚਰਚਾ ਤੁਰ ਪਈ ਕਿ ਕਿਤੇ ਰਣਵੀਰ ਸਿੰਘ ਫ਼ਿਲਮ ਵਿੱਚ ਕੈਮੀਓ ਤਾਂ ਨਹੀਂ ਕਰ ਰਹੇ? ਅਸਲ ਗੱਲ ਇਹ ਹੈ ਕਿ ਜਿਸ ਸਟੂਡੀਓ ਵਿੱਚ ‘ਗੋਲਮਾਲ 4’ ਦੀ ਸ਼ੂਟਿੰਗ ਚੱਲ ਰਹੀ ਸੀ ਉਥੇ ਨੇੜੇ ਹੀ ਰਣਵੀਰ ਸਿੰਘ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਿਹਾ ਸੀ। ਜਦੋਂ ਉਸ ਨੂੰ ਇਹ ਗੱਲ ਪਤਾ ਚੱਲੀ ਤਾਂ ਰੋਹਿਤ ਅਤੇ ਅਜੇ ਦੇਵਗਨ ਨੂੰ ਮਿਲਣ ‘ਗੋਲਮਾਲ 4’ ਦੇ ਸੈੱਟ ‘ਤੇ ਆ ਗਿਆ। ਖ਼ੈਰ! ਅਸਫ਼ਲਤਾ ਦੇ ਢੇਰ ‘ਤੇ ਬੈਠੀ ਕਾਜਲ ਨੂੰ ‘ਟੇਂਪਰ’ ਨਵੀਂ ਦਿਸ਼ਾ ਦੇ ਸਕੇਗੀ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।