
ਮੋਹਾਲੀ- ਸੱਟ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਨਾਲ ਭਾਰਤੀ ਟੀਮ ‘ਚ ਵਾਪਸੀ ਕਰ ਰਿਹਾ ਰਵੀਚੰਦਰਨ ਅਸ਼ਵਿਨ ਸ਼ੁੱਕਰਵਾਰ ਨੂੰ ਪੰਜ ਵਿਕਟਾਂ ਦੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਨਾਲ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 150 ਵਿਕਟਾਂ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ 24 ਓਵਰਾਂ ‘ਚ 51 ਦੌੜਾਂ ਦੇ ਕੇ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਅਸ਼ਵਿਨ ਨੇ ਆਪਣੇ 29ਵੇਂ ਮੈਚ ‘ਚ ਇਹ ਉਪਲਬਧੀ ਹਾਸਲ ਕੀਤੀ। ਉਸ ਤੋਂ ਪਹਿਲਾਂ ਇਰਾਪੱਲੀ ਪ੍ਰਸੰਨਾ ਤੇ ਅਨਿਲ ਕੁੰਬਲੇ ਨੇ 34 ਟੈਸਟ ਮੈਚਾਂ ‘ਚ ਇਹ ਉਪਲਬਧੀ ਹਾਸਲ ਕੀਤੀ ਸੀ।
ਅਸ਼ਵਿਨ ਨੇ ਮੈਚ ‘ਚ ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੂੰ ਆਊਟ ਕਰਦੇ ਹੀ ਪਾਰੀ ਦੀਆਂ ਆਪਣੀਆਂ ਪੰਜ ਤੇ ਕਰੀਅਰ ਦੀਆਂ 150 ਵਿਕਟਾਂ ਪੂਰੀਆਂ ਕਰ ਲਈਆਂ। ਉਸ ਨੇ ਆਪਣੇ ਕਰੀਅਰ ‘ਚ 13 ਵਾਰ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਭਾਰਤੀ ਆਫ ਸਪਿਨਰ ਨੇ ਇਸ ਮਾਮਲੇ ‘ਚ ਸ਼੍ਰੀਲੰਕਾ ਦੇ ਮੁਥਈਆ ਮੁਰਲੀਧਰਨ ਤੇ ਆਸਟ੍ਰੇਲੀਆ ਦੇ ਲੈਗ ਸਪਿਨਰ ਸ਼ੇਨ ਵਾਰਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਾਰਨ ਨੇ ਜਿੱਥੇ 31 ਟੈਸਟਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਸਨ, ਉੱਥੇ ਮੁਰਲੀਧਰਨ ਨੇ 36ਵੇਂ ਟੈਸਟ ‘ਚ ਇਹ ਉਪਲਬਧੀ ਹਾਸਲ ਕੀਤੀ ਸੀ।







