ਅਮਿੱਟ ਛਾਪ ਛੱਡ ਗਈ ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਦੀ ਮਾਸਿਕ ਮਿਲਣੀ

ਬਲਦੇਵ ਧਾਲੀਵਾਲ
ਰਾਏਸਰ
ਮਿਸੀਸਾਗਾ: ਸਾਲ 2025 ਨੂੰ ਜੀ ਆਇਆਂ ਕਹਿਣ ਅਤੇ ਕਲਗੀਆਂ ਵਾਲੇ ਪਾਤਸ਼ਾਹ, ਪੁੱਤਰਾਂ ਦੇ ਦਾਨੀ, ਮੀਰੀ ਪੀਰੀ ਦੇ ਮਾਲਕ, ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ ਪ੍ਰੋਗਰਾਮ ਅਜੀਤ ਭਵਨ ‘ਚ ਸਥਿਤ ਪ੍ਰੋਫ਼ੈਸਰ ਦਰਸ਼ਨ ਸਿੰਘ ਯਾਦਗਾਰੀ ਹਾਲ ‘ਚ ਬੜੀ ਹੀ ਧੂਮ ਧਾਮ ਨਾਲ ਅਯੋਜਿਤ ਕੀਤਾ ਗਿਆ। ਇਸ ਵਾਰ ਦੇ ਪ੍ਰੋਗਰਾਮ ਦੀ ਖ਼ਾਸੀਅਤ ਇਹ ਸੀ ਕਿ ਪ੍ਰੋਗਰਾਮ ਦੇ ਸ਼ੁਰੂ ਹੁੰਦਿਆਂ ਹੀ ਹਾਲ ਖਚਾਪਚ ਭਰ ਗਿਆ ਅਤੇ ਇੱਕ ਵੀ ਕੁਰਸੀ ਖ਼ਾਲੀ ਨਾ ਰਹੀ।
ਸ਼ਬਦਾਂ ਦੇ ਧਨੀ ਨੀਟਾ ਬਲਵਿੰਦਰ ਨੇ ਇੱਕ ਨਿਵੇਕਲੇ ਹੀ ਅੰਦਾਜ਼ ‘ਚ ਨਵਾਂ ਸਾਲ ਸੁੱਖ ਦਾ ਚੜ੍ਹਾਈਂ ਮੇਰੇ ਮਾਲਕਾ, ਅੰਗ ਸੰਗ ਰਹੀਂ ਹਰ ਹਾਲ ਮੇਰੇ ਮਾਲਕਾ ਨਾਲ ਸਟੇਜ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਕਵਿੱਤਰੀਆਂ ਅਤੇ ਲੇਖਿਕਾਂਵਾ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ ਗਿਆ। ਵਾਰੀ ਵਾਰੀ ਇੰਦਰਜੀਤ ਕੌਰ, ਸੁਮਨ ਮੌਦਗਿੱਲ, ਜਸਲੀਨ ਕੌਰ, ਤਹਿਜ਼ੀਬ ਕੌਰ ਅਤੇ ਨਰਿੰਦਰ ਕੌਰ ਨੇ ਸਾਹਿਤਕ ਅਤੇ ਧਾਰਮਿਕ ਗੀਤਾਂ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਪੇਸ਼ ਕਰ ਕੇ ਮਾਹੌਲ ਨੂੰ ਧਾਰਮਿਕ ਰੰਗਤ ਚਾੜ੍ਹ ਦਿੱਤੀ। ਉਸ ਉਪਰੰਤ ਜਸਬੀਰ ਬੋਪਾਰਾਏ, ਭੁਪਿੰਦਰ ਬਾਜਵਾ, ਮੱਲ ਸਿੰਘ ਬਾਸੀ, ਪਰੀਤਮ ਧੰਜਲ, ਮਕਸੂਦ ਚੌਧਰੀ, ਨਰਿੰਦਰ ਮੱਟੂ, ਸੁਖਵਿੰਦਰ ਸਿੰਘ, ਸੁਜਾਨ ਸਿੰਘ ਸੁਜਾਨ, ਮਹਿਤਾਬ ਸਿੰਘ, ਐੱਸ. ਐੱਚ. ਨੰਗਲੀਆ, ਸਮੀ ਉੱਲਾਹ, ਰੌਬਿਨ ਨਸੀਮ, ਗੁਰਮੇਲ ਸਿੰਘ ਢਿੱਲੋਂ, ਜਰਨੈਲ ਢਿੱਲੋਂ, ਕੈਪਟਨ ਕੁਲਵੰਤ ਸਿੰਘ ਬੱਲ, ਮਹਿੰਦਰਜੀਤ ਸਿੰਘ, ਤਰਲੋਚਨ ਭੰਡਾਲ, ਸੁਰਿੰਦਰ ਕੁਮਾਰ ਸ਼ਰਮਾ, ਮਕਸੂਦ ਚੌਧਰੀ, ਜੋਗਿੰਦਰ ਸਿੰਘ ਢੋਂਸੀ, ਦਿਲਾਵਰ ਸਿੰਘ ਸੈਣੀ, ਅਮਨਜੀਤ ਵਿਰਕ, ਤਰਲੋਚਨ ਸਿੰਘ ਭੰਡਾਲ, ਸੁਰਿੰਦਰ ਸੂਰ, ਪਵਨ, ਗੁਰਦੇਵ ਸਿੰਘ ਰੱਖੜਾ, ਤਿਰਲੋਚਨ ਸਿੰਘ ਆਰਸੀ, ਨਾਹਰ ਸਿੰਘ ਕਾਰਦੀਆ, ਸੁਰਜਨ ਸਿੰਘ ਤੱਗੜ, ਮਹਿੰਦਰ ਸਿੰਘ ਸੰਧੂ, ਅਜਮੇਰ ਪ੍ਰਦੇਸੀ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਪ੍ਰੋਗਰਾਮ ਸਿੱਖਰਾਂ ‘ਤੇ ਪਹੁੰਚਾ ਦਿੱਤਾ।
ਸੁਜਾਨ ਸਿੰਘ ਦੇ ਪੋਤਰੇ ਮਹਿਤਾਬ ਸਿੰਘ ਅਤੇ ਪੋਤਰੀਆਂ ਜਸਲੀਨ ਕੌਰ ਅਤੇ ਤਹਿਜ਼ੀਬ ਕੌਰ ਨੇ ਗੁਰੂ ਸਾਹਿਬਾਂ ਦੇ ਜੀਵਨ ਨਾਲ ਸਬੰਧਤ ਗੀਤ ਗਾ ਕੇ ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਦਾ ਲੋਹਾ ਮਨਵਾ ਦਿੱਤਾ। ਸੁਰਿੰਦਰ ਸਿੰਘ ਸੂਰ, ਗੁਰਦੇਵ ਸਿੰਘ ਰੱਖੜਾ, ਭੁਪਿੰਦਰ ਸਿੰਘ, ਕੈਪਟਨ ਕੁਲਵੰਤ ਸਿੰਘ ਬੱਲ, ਜਰਨੈਲ ਸਿੰਘ ਢਿੱਲੋਂ ਅਤੇ ਮੱਲ ਸਿੰਘ ਬਾਸੀ ਦੇ ਪੋਤਰੇ ਈਸਵ ਸੋਹਲ ਨੂੰ ਲੰਘੀ ਜੂਨ 2024 ਦੀ ਕਾਨਫ਼ਰੰਸ ‘ਚ ਆਰਥਿਕ ਮੱਦਦ ਦੇਣ ਬਦਲੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਦਿੱਤੇ ਗਏ।
ਪ੍ਰੋਗਰਾਮ ਦੇ ਚਲਦਿਆਂ ਮਲਵਿੰਦਰ ਸਿੰਘ ਨੇ ਅਪਣੀਆਂ ਲਿਖੀਆਂ ਦੋ ਕਿਤਾਬਾਂ ਨੀਟਾ ਬਲਵਿੰਦਰ ਜੀ ਨੂੰ ਭੇਂਟ ਕੀਤੀਆਂ। ਪ੍ਰੋਗਰਾਮ ਦੇ ਅਖੀਰ ‘ਚ ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਦੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਨੇ ਨਵੇਂ ਅਤੇ ਪੁਰਾਣੇ ਮੈਂਬਰਾਂ ਨੂੰ ਜੀ ਆਇਆਂ ਕਿਹਾ, ਅਤੇ ਉਨ੍ਹਾਂ ਨੇ ਸਰਬੰਸਦਾਨੀ ਕਲਗੀਆਂ ਵਾਲੇ ਪਾਤਿਸ਼ਾਹ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਜੀਵਨ ਸਬੰਧੀ ਇਤਿਹਾਸ ਦੇ ਕੁੱਝ ਪੰਨਿਆਂ ਦਾ ਜ਼ਿਕਰ ਵੀ ਕੀਤਾ ਅਤੇ ਨਵੇਂ ਸਾਲ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਵੀ ਦਿੱਤੀ।
ਚਮਕੋਰ ਸਿੰਘ ਮਾਛੀਕੇ ਦੇ ਪਹਿਲਵਾਨ ਢਾਬੇ ਤੋਂ ਆਏ ਦੇਸੀ ਘਿਓ ਨਾਲ ਬਣੇ ਲੰਚ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆ। ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈਂਦਿਆਂ ਸਾਰਿਆਂ ਨੇ ਅਗਲੇ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਮਿਲਣ ਦਾ ਵਾਅਦਾ ਕਰਦਿਆਂ ਆਪੋ ਆਪਣੇ ਘਰਾਂ ਨੂੰ ਚਾਲੇ ਪਾਏ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਸਾਹਿਤਕ ਪ੍ਰੇਮੀਆਂ ਦੇ ਦਿਲਾਂ ‘ਤੇ ਇੱਕ ਅਮਿੱਟ ਛਾਪ ਛੱਡ ਗਿਆ।