ਅਮਰੀਕੀ ਸੂਬਿਆਂ ‘ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ

ਸੈਕਰਾਮੈਂਟੋ – ਅਮਰੀਕਾ ਭਰ ਵਿਚ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ। ਦੇਸ਼ ਭਰ ਵਿਚ ਡੇਂਗੂ ਬੁਖਾਰ ਦੇ ਮਾਮਲੇ ਦੁੱਗਣੇ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ, ਫਲੋਰੀਡਾ ਅਤੇ ਟੈਕਸਾਸ ਦੇ ਸਿਹਤ ਅਧਿਕਾਰੀਆਂ ਨੇ ਸਿਹਤ ਚੇਤਾਵਨੀ ਜਾਰੀ ਕੀਤੀ ਹੈ।
ਯੂ.ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ) ਅਨੁਸਾਰ ਪਿਛਲੇ ਸਾਲ ਅਮਰੀਕਾ ਵਿੱਚ ਲਗਭਗ 3,700 ਨਵੇਂ ਡੇਂਗੂ ਇਨਫੈਕਸ਼ਨ ਰਿਪੋਰਟ ਕੀਤੇ ਗਏ ਸਨ, ਜੋ ਕਿ 2023 ਵਿੱਚ ਲਗਭਗ 2,050 ਸਨ। ਇਸ ਵਾਧੇ ਵਿੱਚ ਕੈਲੀਫੋਰਨੀਆ, ਫਲੋਰੀਡਾ ਜਾਂ ਟੈਕਸਾਸ ਵਿੱਚ 105 ਕੇਸ ਸ਼ਾਮਲ ਹਨ। ਕੈਲੀਫੋਰਨੀਆ ਵਿੱਚ ਮਾਮਲਿਆਂ ਵਿਚ ਸਭ ਤੋਂ ਵਾਧਾ ਹੋਇਆ ਹੈ। 2024 ਵਿੱਚ ਕੈਲੀਫੋਰਨੀਆ ਵਿੱਚ 725 ਨਵੇਂ ਡੇਂਗੂ ਕੇਸ ਪਾਏ ਗਏ, ਜਿਨ੍ਹਾਂ ਵਿੱਚ 18 ਸਥਾਨਕ ਤੌਰ ‘ਤੇ ਪਾਏ ਗਏ ਸਨ।
ਇਹ ਬਿਮਾਰੀ ਸੰਕਰਮਿਤ ਏਡੀਜ਼ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਏਡੀਜ਼ ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਮੱਛਰ ਜੋ ਡੇਂਗੂ ਫੈਲਾਉਂਦੇ ਹਨ, 25 ਸਾਲ ਪਹਿਲਾਂ ਗੋਲਡਨ ਸਟੇਟ ਵਿੱਚ ਨਹੀਂ ਸਨ। ਉਹ ਹੁਣ 25 ਕਾਉਂਟੀਆਂ ਅਤੇ 400 ਤੋਂ ਵੱਧ ਸ਼ਹਿਰਾਂ ਵਿੱਚ ਪਾਏ ਜਾਂਦੇ ਹਨ, ਜ਼ਿਆਦਾਤਰ ਦੱਖਣੀ ਕੈਲੀਫੋਰਨੀਆ ਅਤੇ ਕੇਂਦਰੀ ਘਾਟੀ ਵਿੱਚ।