ਉਸ ਦਾ ਨਾਂ ਰਹੀਮ ਖਾਂ ਸੀ ਪਰ ਉਸ ਵਰਗਾ ਜ਼ਾਲਮ ਸ਼ਾਇਦ ਹੀ ਕੋਈ ਹੋਵੇ। ਸਾਰਾ ਪਿੰਡ ਉਸ ਦੇ ਨਾਂ ਤੋਂ ਖੌਫ਼ ਖਾਂਦਾ ਸੀ। ਨਾ ਉਸ ਨੂੰ ਬੰਦਿਆਂ ‘ਤੇ ਤਰਸ ਆਉਂਦਾ, ਨਾ ਜਾਨਵਰਾਂ ‘ਤੇ। ਇੱਕ ਦਿਨ ਰਾਮੂ ਲੁਹਾਰ ਦੇ ਬੱਚੇ ਨੇ ਉਸ ਦੇ ਬਲਦ ਦੀ ਪੂਛ ਨਾਲ ਕੰਡੇ ਬੰਨ੍ਹ ਦਿੱਤੇ ਸਨ ਤਾਂ ਰਹੀਮ ਖਾਂ ਨੇ ਉਸ ਬੱਚੇ ਨੂੰ ਕੁੱਟ ਕੁੱਟ ਅਧਮੋਇਆ ਕਰ ਛੱਡਿਆ ਸੀ। ਅਗਲੇ ਦਿਨ ਜਦੋਂ ਇਲਾਕੇ ਦੇ ਇੱਕ ਸਰਕਾਰੀ ਅਫ਼ਸਰ ਦੀ ਘੋੜੀ, ਉਸ ਦੇ ਖੇਤ ‘ਚ ਜਾ ਵੜੀ ਸੀ ਤਾਂ ਲਾਠੀ ਲੈ ਕੇ ਉਸ ਨੇ ਘੋੜੀ ਨੂੰ ਐਨਾ ਮਾਰਿਆ ਕਿ ਘੋੜੀ ਲਹੂ ਲੁਹਾਣ ਹੋ ਗਈ ਸੀ। ਲੋਕ ਆਖਦੇ ਕਿ ਉਸ ਨੂੰ ਰੱਬ ਚੇਤੇ ਨਹੀਂ ਸੀ। ਮਰਕੇ ਉਹ ਜ਼ਰੂਰ ਨਰਕ ‘ਚ ਜਾਵੇਗਾ। ਇਹ ਸਭ ਕੁਝ ਲੋਕ ਉਸ ਦੀ ਪਿੱਠ ਪਿੱਛੇ ਹੀ ਕਹਿੰਦੇ, ਸਾਹਮਣੇ ਤਾਂ ਕੋਈ ਇੱਕ ਸ਼ਬਦ ਨਾ ਬੋਲਦਾ। ਇੱਕ ਦਿਨ ਜੁਅਰਤ ਕਰਕੇ ਕਿਸੇ ਨੇ ਉਸ ਨੂੰ ਆਖ ਦਿੱਤਾ,’ਭਾਈ ਰਹੀਮ ਖਾਂ ਤੂੰ ਅਨਭੋਲ ਬੱਚਿਆਂ ਨੂੰ ਕਿਉਂ ਮਾਰਦੈ? ਬੱਸ ਉਸ ਦੀ ਸ਼ਾਮਤ ਆ ਗਈ। ਰਹੀਮ ਖਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਦਿਨ ਤੋਂ ਲੋਕਾਂ ਨੇ ਉਸ ਨੂੰ ਬੁਲਾਉਣਾ ਹੀ ਛੱਡ ਦਿੱਤਾ। ਕੁਝ ਲੋਕ ਕਹਿੰਦੇ,’ਇਸ ਦਾ ਤਾਂ ਦਿਮਾਗ ਹਿੱਲ ਗਿਆ, ਇਸ ਨੂੰ ਪਾਗਲਖਾਨੇ ਭੇਜਣਾ ਚਾਹੀਦਾ। ਕੋਈ ਕਹਿੰਦਾ-ਜੇ ਹੁਣ ਇਸ ਨੇ ਹੱਥ ਚੁੱਕਿਆ ਇਸ ਦੀ ਥਾਣੇ ਇਤਲਾਹ ਦੇ ਦਿੱਤੀ ਜਾਵੇ। ਪਰ ਉਸ ਨਾਲ ਦੁਸ਼ਮਣੀ ਮੁੱਲ ਲੈਣ ਦੀ ਹਿੰਮਤ ਕੌਣ ਕਰਦਾ? ਪਿੰਡ ਦੇ ਲੋਕਾਂ ਨਾਲ ਬੋਲਚਾਲ ਬੰਦ ਹੋ ਜਾਣ ਦਾ ਉਸ ਦੇ ਪੱਥਰ ਚਿੱਤ ‘ਤੇ ਕੋਈ ਅਸਰ ਨਾ ਪਿਆ। ਤੜਕਸਾਰ ਉਹ ਮੋਢੇ ਹਲ ਰੱਖ ਕੇ ਖੇਤੀਂ ਚਲਾ ਜਾਂਦਾ। ਰਾਹ ‘ਚ ਕਿਸੇ ਨਾਲ ਕੋਈ ਗੱਲ ਨਾ ਕਰਦਾ। ਪਰ ਖੇਤੀਂ ਜਾ ਕੇ ਬਲਦਾਂ ਨਾਲ ਬੰਦਿਆਂ ਵਾਗੂੰ ਗੱਲਾਂ ਕਰਦਾ। ਉਸ ਨੇ ਇੱਕ ਬਲਦ ਦਾ ਨਾਂ ਨੱਥੂ ਤੇ ਦੂਜੇ ਦਾ ਨਾਂ ਛਿੱਦੂ ਰੱਖਿਆ ਸੀ। ਉਹ ਬਲਦਾਂ ਨਾਲ ਗੱਲੀਂ ਰੁਝ ਜਾਂਦਾ-ਕਿਉਂ ਓਏ ਨੱਥੂ, ਤੂੰ ਸਿੱਧਾ ਨਹੀਂ ਤੁਰਦਾ, ਖੇਤ ਤੇਰਾ ਬਾਪ ਪੂਰਾ ਕਰੇਗਾ? ਨੱਥੂ ਨੇ ਨਾਲ ਛਿੱਦੂ ਨੂੰ ਵੀ ਸੂਤ ਦੀ ਰੱਸੀ ਨਾਲ ਮਾਰ ਮਾਰ, ਰਹੀਮ ਉਨ੍ਹਾਂ ਦਾ ਪਿੰਡਾ ਛਿੱਲ ਧਰਦਾ। ਸ਼ਾਮੀ ਘਰ ਮੁੜਦਾ ਤਾਂ ਆਪਣੀ ਪਤਨੀ ਅਤੇ ਬੱਚਿਆਂ ‘ਤੇ ਗੁੱਸਾ ਕੱਢਦਾ। ਦਾਲ ‘ਚ ਲੂਣ ਘੱਟ ਜਾਂ ਵੱਧ ਹੁੰਦਾ ਤਾਂ ਆਪਣੀ ਪਤਨੀ ਨੂੰ ਕੁੱਟਣ ਲੱਗਦਾ। ਕੋਈ ਬੱਚਾ ਸ਼ਰਾਰਤ ਕਰਦਾ ਤਾਂ ਉਸ ਨੂੰ ਉਲਟਾ ਕਰਕੇ, ਬਲਦਾਂ ਵਾਲੀ ਰੱਸੀ ਨਾਲ ਕੁੱਟ ਕੁੱਟ ਕੇ ਬੇਹੋਸ਼ ਕਰ ਦਿੰਦਾ। ਰੋਜ਼ ਘਰ ‘ਤੇ ਇੱਕ ਸੰਕਟ ਆਇਆ ਹੀ ਰਹਿੰਦਾ ਸੀ। ਗਵਾਂਢੀਆਂ ਨੂੰ ਰੋਜ਼ ਰਹੀਮ ਖਾਂ ਦੀਆਂ ਗੰਦੀਆਂ ਗਾਲਾਂ ਸੁਣਨੀਆਂ ਪੈਂਦੀਆਂ। ਉਸ ਦੀ ਪਤਨੀ ਤੇ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ। ਪਰ ਛੁਡਾਣ ਕੋਈ ਨਾ ਬਹੁੜਦਾ। ਜੇ ਕੋਈ ਜਾਂਦਾ, ਉਹ ਉਸੇ ਨੂੰ ਕੁੱਟ ਦਿੰਦਾ। ਰੋਜ਼ ਦੀ ਮਾਰ ਕੁੱਟ ਕਾਰਨ ਉਸ ਦੀ ਪਤਨੀ ਚਾਲੀ ਸਾਲਾਂ ਦੀ ਹੋ ਕੇ ਸੱਠਾਂ ਦੀ ਲੱਗਦੀ ਸੀ। ਬੱਚੇ ਜਦੋਂ ਤਾਂ ਛੋਟੇ ਛੋਟੇ ਸਨ ਮਾਰ ਸਹਿ ਲੈਂਦੇ ਸਨ। ਵੱਡਾ ਜਦ ਬਾਰਾਂ ਸਾਲਾਂ ਦਾ ਹੋਇਆ ਤਾਂ ਇੱਕ ਦਿਨ ਮਾਰ ਖਾਣ ਉਪਰੰਤ ਘਰੋਂ ਭੱਜ ਗਿਆ ਤੇ ਮੁੜ ਘਰ ਨਹੀਂ ਵੜਿਆ। ਲਾਗਲੇ ਪਿੰਡ ਰਿਸ਼ਤੇ ‘ਚੋਂ ਚਾਚਾ ਰਹਿੰਦਾ ਸੀ, ਉਸ ਨੇ ਉਸ ਨੂੰ ਆਪਣੇ ਕੋਲ ਰੱਖ ਲਿਆ। ਇੱਕ ਦਿਨ ਡਰਦੇ ਡਰਦੇ ਪਤਨੀ ਰਹੀਮ ਖਾਂ ਨੂੰ ਕਿਤੇ ਆਖ ਬੈਠੀ, ‘ਜੀ ਕਿਤੇ ਹਲਾਸਪੁਰ ਵੱਲ ਵੀ ਗੇੜਾ ਮਾਰ ਆਇਉ, ਨਾਲੇ ਨੁਰੂ ਨੂੰ ਨਾਲ ਲੈ ਆਣਾ। ਬਸ ਫ਼ੇਰ ਕੀ ਸੀ, ਉਹ ਤਾਂ ਅੱਗ ਵਰਸਾਣ ਲੱਗਾ, ‘ਉਸ ਬਦਮਾਸ਼ ਨੂੰ ਮੈਂ ਲੈਣ ਜਾਵਾਂ? ਜੇ ਕਿਧਰੇ ਉਹ ਇਸ ਘਰ ਵਿੱਚ ਹੁਣ ਕਿਤੇ ਵੜਿਆ, ਮੈਂ ਉਸ ਦੀਆਂ ਟੰਗਾਂ ਤੋੜ ਦਿਆਂਗਾ। ਫ਼ੇਰ ਉਸ ਨੂੰ ਮੌਤ ਦੇ ਮੂੰਹ ਵਿੱਚ ਵਾਪਸ ਆਉਣ ਦੀ ਕੀ ਲੋੜ ਸੀ। ਦੋ ਸਾਲ ਪਿਛੋਂ ਛੋਟਾ ਬਿੰਦੂ ਵੀ ਘਰੋਂ ਦੌੜ ਗਿਆ। ਉਹ ਵੀ ਨੁਰੂ ਕੋਲ ਹੀ ਰਹਿਣ ਲੱਗਾ। ਰਹੀਮ ਖਾਂ ਕੋਲ ਸਿਰਫ਼ ਪਤਨੀ ਹੀ ‘ਕੱਲੀ ਰਹਿ ਗਈ ਸੀ। ਇੱਕ ਦਿਨ ਉਸ ਨੂੰ ਵੀ ਰਹੀਮ ਖਾਂ ਨੇ ਏਨਾ ਕੁੱਟਿਆ ਕਿ ਉਸ ਨੇ ਵੀ ਘਰ ਛੱਡਣ ਦਾ ਮਨ ਬਣਾ ਲਿਆ। ਮੌਕਾ ਤਾੜ ਕੇ, ਉਸ ਨੇ ਆਪਣੇ ਭਾਈ ਨੂੰ ਬੁਲਾ ਲਿਆ ਉਸ ਨਾਲ ਪੇਕੀਂ ਚਲੀ ਗਈ। ਜਾਣ ਵੇਲੇ ਗਵਾਂਢਣ ਨੂੰ ਆਖ ਗਈ ਕਿ ਕੁਝ ਦਿਨਾਂ ਲਈ ਉਹ ਮਾਂ ਕੋਲ ਰਾਮ ਨਗਰ ਜਾ ਰਹੀ ਸੀ ਤੇ ਉਹ ਰਹੀਮ ਨੂੰ ਦੱਸ ਦੇਵੇ। ਸ਼ਾਮੀ ਖੇਤੋਂ ਜਦ ਰਹੀਮ ਖਾਂ ਘਰ ਮੁੜਿਆ, ਗੁਆਂਢਣ ਨੇ ਡਰਦੇ ਡਰਦੇ ਉਸ ਦੀ ਪਤਨੀ ਦਾ ਸੁਨੇਹਾ ਉਸ ਨੂੰ ਦਿੱਤਾ। ਉਸ ਨੇ ਗੁਆਂਢਣ ਦੀ ਗੱਲ ਠੰਢੇ ਮਤੇ ਸੁਣੀ। ਉਹ ਬਲਦਾਂ ਨੂੰ ਬੰਨ੍ਹਣ ਚਲਾ ਗਿਆ। ਉਸ ਦੇ ਮਨ ‘ਚੋਂ ਆਵਾਜ਼ ਆਈ,’ਹੁਣ ਪੁੱਤਰਾਂ ਵਾਂਗ ਪਤਨੀ ਨੇ ਵੀ ਮੁੜਕੇ ਨਹੀਂ ਆਉਣਾ। ਵਿਹੜੇ ਵਿੱਚ ਬਲਦ ਬੰਨ੍ਹ ਕੇ, ਜਦ ਉਹ ਘਰ ਅੰਦਰ ਗਿਆ ਤਾਂ ਬਿੱਲੀ ਬੈਠੀ ਮਿਆਊਂ ਮਿਆਉਂ ਕਰ ਰਹੀ ਸੀ। ਉਸ ਨੇ ਬਿੱਲੀ ਨੂੰ ਪੂਛ ਤੋਂ ਫ਼ੜ੍ਹਕੇ ਦਰਵਾਜ਼ਿਉਂ ਬਾਹਰ ਵਗਾਹ ਮਾਰਿਆ। ਚੁੱਲ੍ਹੇ ਵੱਲ ਦੇਖਿਆ, ਠੰਢਾ ਪਿਆ ਸੀ। ਨਾ ਕਿਸੇ ਅੱਗ ਬਾਲੀ ਨਾ ਰੋਟੀ ਪਕਾਈ। ਬਿਨਾਂ ਕੁਝ ਖਾਧੇ ਪੀਤੇ ਮੰਜੇ ‘ਤੇ ਲੇਟ ਗਿਆ। ਥੱਕੇ ਹੋਣ ਕਰਕੇ ਨੀਂਦ ਆ ਗਈ ਸੀ। ਅਗਲੇ ਦਿਨ ਜਦੋਂ ਸੌਂ ਕੇ ਉੱਠਿਆ ਤਾਂ ਦਿਨ ਕਾਫ਼ੀ ਚੜ੍ਹ ਚੁੱਕਾ ਸੀ। ਅੱਜ ਤਾਂ ਖੇਤ ਜਾਣ ਦੀ ਵੀ ਕਾਹਲੀ ਨਹੀਂ ਸੀ। ਬੱਕਰੀ ਚੋ ਕੇ, ਦੁੱਧ ਘੁਟਾ ਬਾਟੀ ਪੀ ਗਿਆ। ਹੁੱਕਾ ਭਰਿਆ, ਪਲੰਘ ‘ਤੇ ਬੈਠ ਗਿਆ। ਵਿਹੜਾ ਧੁੱਪ ਨਾਲ ਭਰਿਆ ਸੀ। ਕੋਨੇ ‘ਚ ਨਜ਼ਰ ਗਈ, ਜਾਲੇ ਲੱਗੇ ਹੋਏ ਸਨ। ਬਾਂਸ ਨਾਲ ਕੱਪੜਾ ਬੰਨਕੇ ਜਾਲ਼ੇ ਸਾਫ਼ ਕਰਨ ਲੱਗਾ। ਛੱਤ ਥੱਲੇ ਸ਼ਤੀਰ ਉਪਰ ਉਸ ਨੂੰ ਇੱਕ ਆਲ੍ਹਣਾ ਦਿਖਾਈ ਦਿੱਤਾ। ਅੰਦਰ ਲਾਲ ਗੁਲਾੜ ਬੋਟ ਪਏ ਚੂੰ ਚੂੰ ਕਰ ਰਹੇ ਸਨ। ਉਨ੍ਹਾਂ ਬੋਟਾਂ ਦੇ ਜਨੌਰ ਮਾਂ ਬਾਪ ਆਲ੍ਹਣੇ ਦੇ ਗਿਰਦ ਮੰਡਰਾ ਰਹੇ ਸਨ। ਉਸ ਨੇ ਆਲ੍ਹਣੇ ਵੱਲ ਹੱਥ ਕੱਢਿਆ ਹੀ ਸੀ ਕਿ ਬੋਟਾਂ ਦੀ ਮਾਂ ਅਬਾਬੀਲ ਨੇ ਤਿੱਖੀ ਚੁੰਝ ਨਾਲ ਰਹੀਮ ਖਾਂ ‘ਤੇ ਹੱਲਾ ਬੋਲ ਦਿੱਤਾ। ਉਹ ਦਬਾਦਬ ਪੌੜੀਓਂ ਥੱਲੇ ਉਤਰ ਗਿਆ। ਆਲ੍ਹਣਾ ਜਿਉਂ ਦਾ ਤਿਉਂ ਸਲਾਮਤ ਰਿਹਾ। ਅਗਲੇ ਦਿਨ ਖੇਤਾਂ ਨੂੰ ਜਾਣਾ ਸ਼ੁਰੂ ਕੀਤਾ। ਪਿੰਡ ‘ਚ ਤਾਂ ਕੋਈ ਉਸ ਨੂੰ ਬੁਲਾਉਂਦਾ ਵੀ ਨਹੀਂ ਸੀ। ਦਿਨ ਭਰ ਖੇਤੀ ਹਲ ਚਲਾਂਦਾ, ਫ਼ਸਲ ਸਾਂਭਦਾ, ਸੂਰਜ ਡੁੱਬਣੋਂ ਪਹਿਲਾਂ ਘਰ ਮੁੜ ਆਉਂਦਾ। ਹੁੱਕਾ ਭਰਕੇ, ਪਲੰਘ ‘ਤੇ ਚੜ੍ਹ ਜਾਂਦਾ। ਹੁਣ ਤਾਂ ਨਿੱਕੇ ਨਿੱਕੇ ਬੋਟ ਵੀ ਉਡਾਰੀ ਭਰਨ ਲੱਗੇ ਸਨ। ਉਹ ਅਬਾਬੀਲ ਦੇ ਆਲ੍ਹਣੇ ਵੱਲ ਟਿਕਟਿਕੀ ਲਗਾਕੇ ਵੇਖਦਾ ਰਹਿੰਦਾ। ਉਸ ਨੇ ਅਬਾਬੀਲ ਦੇ ਬੋਟਾਂ ਦੇ ਨਾਂ ਨੁਰੂ ਅਤੇ ਬਿੰਦੂ ਰੱਖ ਲਏ ਸਨ। ਹੁਣ ਤਾਂ ਉਸ ਦੇ ਸੰਗੀ ਅਬਾਬੀਲ ਤੇ ਉਸ ਦੇ ਬੱਚੇ ਹੀ ਤਾਂ ਸਨ। ਲੋਕ ਹੈਰਾਨ ਸਨ ਕਿ ਕਿੰਨੇ ਦਿਨਾਂ ਤੋਂ ਉਸ ਨੇ ਬਲਦਾਂ ਨੂੰ ਕੁੱਟਿਆ ਨਹੀਂ ਸੀ। ਬਲਦ ਖੁਸ਼ ਸਨ। ਉਨ੍ਹਾਂ ਦੀਆਂ ਪਿੱਠਾਂ ਤੋਂ ਜ਼ਖ਼ਮਾਂ ਦੇ ਨਿਸ਼ਾਨ ਛੂ ਮੰਤਰ ਹੋ ਗਏ ਸਨ। ਇੱਕ ਦਿਨ ਰਹੀਮ ਖਾਂ ਖੇਤੀਂ ਕੁਝ ਸੁਵੱਖਤੀਂ ਹੀ ਚਲਾ ਗਿਆ। ਰਾਹ ‘ਚ ਕਬੱਡੀ ਖੇਡਦੇ ਜੁਆਕ ਉਸ ਨੂੰ ਦੇਖਦੇ ਸਾਰ ਜੁੱਤੀਆਂ ਉਥੇ ਹੀ ਛੱਡਕੇ ਭੱਜ ਗਏ ਸਨ। ਉਹ ਆਵਾਜ਼ ਮਾਰਦਾ ਹੀ ਰਹਿ ਗਿਆ,’ਮੁੰਡਿਓ ਮੈਂ ਕੋਈ ਥੋਨੂੰ ਮਾਰਦਾ ਥੋੜ੍ਹੈ। ਜਦ ਸ਼ਾਮੀ ਬਲਦ ਲੈ ਕੇ ਘਰ ਆਇਆ। ਅੰਬਰੀਂ ਬੱਦਲ ਚੜ੍ਹੇ ਹੋਏ ਸਨ। ਫ਼ੇਰ ਜ਼ੋਰ ਦਾ ਮੀਂਹ ਵਰ੍ਹ ਪਿਆ। ਉਸ ਨੇ ਬੱਤੀ ਜਲਾ ਕੇ ਚਾਨਣ ਕੀਤਾ। ਬਾਸੀ ਰੋਟੀ ਦਾ ਭੋਰਾ ਚੂਰਾ ਅਬਾਬੀਲ ਦੇ ਆਲ੍ਹਣੇ ਕੋਲ ਰੱਖ ਆਇਆ। ਕਹਿੰਦਾ,’ਓਏ ਬਿੰਦੂ, ਓਏ ਨੁਰੂ..ਕੁਝ ਖਾ ਲਓ ਭੋਰਾ। ਪਰ ਉਹ ਆਲ੍ਹਣੇ ਤੋਂ ਬਾਹਰ ਨਾ ਆਏ। ਆਲ੍ਹਣੇ ‘ਚ ਝਾਤੀ ਮਾਰੀ, ਉਹ ਤਾਂ ਖੰਭਾਂ ‘ਚ ਸਿਮਟੇ ਹੋਏ ਡਰੇ ਬੈਠੇ ਸਨ। ਆਲ੍ਹਣੇ ਉੱਪਰ ਛੱਤ ‘ਚ ਕੋਈ ਮੋਰੀ ‘ਚੋਂ ਪਾਣੀ ਆ ਰਿਹਾ ਸੀ। ਰਹੀਮ ਖਾਂ ਨੇ ਸੋਚਿਆ- ਪਾਣੀ ਰਿਸਣ ਨਾਲ ਤਾਂ ਆਲ੍ਹਣਾ ਤਬਾਹ ਹੋ ਜਾਵੇਗਾ। ਅਬਾਬੀਲਾਂ ਦਾ ਘਰ ਉਜੜ ਜਾਵੇਗਾ। ਉਸ ਨੇ ਉਠਕੇ ਦਰਵਾਜ਼ਾ ਖੋਲ੍ਹਿਆ। ਪੌੜੀ ਲਾ ਕੇ ਝੱਟ ਛੱਤ ‘ਤੇ ਜਾ ਚੜ੍ਹਿਆ। ਮਿੱਟੀ ਨਾਲ ਮੋਰੀ ਮੁੰਦ ਆਇਆ। ਉਹ ਆਪ ਬੁਰੀ ਤਰ੍ਹਾਂ ਭਿੱਜ ਚੁੱਕਾ ਸੀ। ਕੱਪੜੇ ਨਿਚੋੜ ਕੇ ਪਲੰਘ ‘ਤੇ ਜਾ ਬੈਠਾ। ਉਸ ਨੂੰ ਨਿੱਛਾਂ ਨੇ ਘੇਰ ਲਿਆ। ਚਾਦਰ ਚੁੱਕੀ, ਓੜਕੇ ਪਲੰਘ ‘ਤੇ ਲੇਟ ਗਿਆ। ਅਗਲੇ ਦਿਨ ਜਦੋਂ ਜਾਗਿਆ, ਉਸ ਦਾ ਬਦਨ ਭੱਠੀ ਵਾਂਗ ਤਪ ਰਿਹਾ ਸੀ। ਪਰ ਕੌਣ ਉਸ ਦੀ ਸਾਰ ਲੈਂਦਾ? ਪੂਰਾ ਦਿਨ ਉਥੇ ਹੀ ਪਿਆ ਰਿਹਾ। ਦੋ ਦਿਨ ਬੀਤ ਗਏ। ਕਿਸੇ ਨੇ ਉਸ ਨੂੰ ਖੇਤਾਂ ਵੱਲ ਜਾਂਦਿਆਂ ਨਾ ਦੇਖਿਆ। ਪਿੰਡ ਵਾਲੇ ਉਸ ਦੇ ਘਰ ਦੇਖਣ ਆਏ। ਦਰਵਾਜ਼ੇ ਥਾਣੀਂ ਅੰਦਰ ਝਾਤੀ ਮਾਰੀ ਤਾਂ ਉਹ ਆਪਣੇ ਨਾਲ ਗੱਲਾਂ ਕਰ ਰਿਹਾ ਸੀ-ਓਏ ਬਿੰਦੂ, ਓਏ ਨੁਰੂ, ਤੁਸੀਂ ਕਿੱਥੇ ਮਰ ਗਏ, ਅੱਜ ਥੋਨੂੰ ਕੌਣ ਚੋਗਾ ਦੇਊ। ਕੁਝ ਅਬਾਬੀਲਾਂ ਕਮਰੇ ‘ਚ ਫ਼ੜਫ਼ੜਾ ਰਹੀਆਂ ਸਨ। ਕਾਲੂ ਜ਼ਿੰਮੀਦਾਰ ਕਹਿੰਦਾ- ਵਿਚਾਰਾ ਪਾਗਲ ਹੋ ਗਿਆ ਜਾਪਦੈ। ਸਵੇਰੇ ਹਸਪਤਾਲ ਜਾ ਕੇ ਖ਼ਬਰਾਂ ਦਿਆਂਗੇ ਕਿ ਉਸ ਨੂੰ ਪਾਗਲਖਾਨੇ ਘੱਲ ਦੇਣ। ਦੂਜੇ ਦਿਨ ਜਦੋਂ ਹਸਪਤਾਲੋਂ ਬੰਦੇ ਉਸ ਦੇ ਘਰ ਆਏ ਉਸ ਦੇ ਪ੍ਰਾਣ ਪੰਖੇਰੂ ਹੋ ਗਏ ਸਨ। ਪੈਰਾਂ ਕੋਲ ਚਾਰ ਅਬਾਬੀਲਾਂ ਸਿਰ ਝੁਕਾਈ ਖਾਮੋਸ਼ ਬੈਠੀਆਂ ਸਨ।
ਮੂਲ ਲੇਖਕ: ਖ਼ਵਾਜ਼ਾ ਅਹਿਮਦ ਅੱਬਾਸ
ਪੰਜਾਬੀ ਅਨੁਵਾਦ: ਹਰੀ ਕ੍ਰਿਸ਼ਨ ਮਾਇਰ