ਜਲੰਧਰ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਾਣਯੋਗ ਅਦਾਲਤ ਵੱਲੋਂ 14 ਦਿਨਾਂ ਦੀ ਜੂਡੀਸ਼ੀਅਲ ਕਸਟਡੀ ‘ਤੇ ਭੇਜ ਦਿੱਤਾ ਗਿਆ ਹੈ। ਆਸ਼ੂ ਹੁਣ 14 ਦਿਨ ਜੇਲ੍ਹ ਵਿਚ ਰਹਿਣਗੇ ਤੇ 14 ਦਿਨ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਨੂੰ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਈ.ਡੀ. ਅਧਿਕਾਰੀਆਂ ਵੱਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਸਖ਼ਤ ਸੁਰੱਖਿਆ ਵਿਚਕਾਰ ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਵਿਚ ਭਾਰੀ ਪੁਲਸ ਸੁਰੱਖਿਆ ਵਿਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਈ.ਡੀ. ਵੱਲੋਂ ਆਸ਼ੂ ਨੂੰ 1 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅਧਿਕਾਰੀਆਂ ਨੇ ਆਸ਼ੂ ਨੂੰ ਪਿਛਲੇ 10 ਦਿਨਾਂ ਦੇ ਰਿਮਾਂਡ ‘ਤੇ ਲਿਆ ਹੋਇਆ ਸੀ ਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਆਸ਼ੂ ਪੰਜਾਬ ਵਿਚ ਕਾਂਗਰਸ ਸਰਕਾਰ ਵੇਲੇ ਮੰਤਰੀ ਸਨ ਤੇ ਉਸ ਵੇਲੇ ਹੋਏ ਟੈਂਡਰ ਘਪਲੇ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਈ.ਡੀ. ਦੇ ਵਕੀਲ ਅਜੇ ਪਠਾਨਿਆਂ ਅਤੇ ਹੋਰਨਾਂ ਮੌਜੂਦ ਵਕੀਲਾਂ ਵੱਲੋਂ ਅਦਾਲਤ ਵਿਚ ਭਾਰਤ ਭੂਸ਼ਣ ਆਸ਼ੂ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਘਪਲੇ ਨੂੰ ਲੈ ਕੇ ਦਸਤਾਵੇਜ ਪੇਸ਼ ਕੀਤੇ ਗਏ। ਜਿੱਥੇ ਅਦਾਲਤ ਨੇ ਦੋਵੇਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 14 ਦਿਨਾਂ ਲਈ ਜੂਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜੇ ਜਾਣ ਦਾ ਹੁਕਮ ਸੁਣਾਇਆ ਹੈ।