ਬਕਸਰ (ਅਜੀਤ ਵੀਕਲੀ): ਭਾਰਤ ਦੀ ਕੇਂਦਰੀ ਸਰਕਾਰ ਦੀ ਫ਼ੌਜ ’ਚ ਭਰਤੀ ਲਈ ਬਣਾਈ ਗਈ ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਨੌਜਵਾਨ ਬਿਹਾਰ ’ਚ ਸੜਕਾਂ ’ਤੇ ਉਤਰ ਆਏ ਹਨ। ਜਿਾਣਕਾਰੀ ਅਨੁਸਾਰ, ਇਸ ਯੋਜਨਾ ਦੇ ਐਲਾਨ ਤੋਂ ਰੋਹ ’ਚ ਆਏ ਨੌਜਵਾਨਾਂ ਨੇ ਬਕਸਰ ’ਚ ਰੇਲ ਗੱਡੀ ਰੋਕ ਦਿੱਤੀ ਅਤੇ ਪਥਰਾਅ ਕੀਤਾ। ਇਸ ਹੰਗਾਮੇ ਕਾਰਨ ਜਨ ਸ਼ਤਾਬਦੀ ਐੱਕਸਪ੍ਰੈੱਸ ਰੇਲਗੱਡੀ ਤਕਰੀਬਨ ਇੱਕ ਘੰਟਾ ਖੜ੍ਹੀ ਰਹੀ। ਦੂਜੇ ਪਾਸੇ, ਮੁਜ਼ੱਫਰਪੁਰ ’ਚ ਕੌਮੀ ਮਾਰਗ ਨੰਬਰ 28 ਜਾਮ ਕਰ ਦਿੱਤਾ ਗਿਆ।
ਵਿਰੋਧ ਪ੍ਰਦਰਸ਼ਨ ਕਾਰਨ ਮੁਜ਼ੱਫਰਪੁਰ-ਸਮਸਤੀਪੁਰ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਨੌਜਵਾਨਾਂ ਦਾ ਕਹਿਣਾ ਸੀ ਕਿ ਸਿਰਫ਼ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਉਹ ਕੀ ਕਰਨਗੇ? “ਚਾਰ ਸਾਲ ਬਾਅਦ 12 ਲੱਖ ਰੁਪਏ ਦਿੱਤੇ ਜਾਣਗੇ। ਓਦੋਂ ਅਸੀਂ ਉਸ ਨਾਲ ਕੀ ਕਰਾਂਗੇ ਅਤੇ ਕੀ 30 ਹਜ਼ਾਰ ਰੁਪਏ ’ਚ ਘਰ ਚੱਲ ਸਕੇਗਾ?” ਉਨ੍ਹਾਂ ਸਵਾਲ ਕੀਤਾ, “ਚਾਰ ਸਾਲ ਬਾਅਦ ਨੌਕਰੀ ਮਿਲਣ ਦੀ ਕੀ ਗੈਰੰਟੀ ਰਹੇਗੀ? ਕਿਤੇ ਨੌਕਰੀ ਨਾ ਮਿਲੀ ਤਾਂ ਕੀ ਹੋਵੇਗਾ?”