ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ’ਚ ਸ਼ਾਮਲ

ਪੰਜਾਬ ’ਚ ਅਕਾਲੀ ਦਲ ਕੋਲ ਰਹਿ ਗਏ ਸਿਰਫ 2 ਵਿਧਾਇਕ
ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ, ਜਦੋਂ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੁੱਖੀ ਨੂੰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਅਤੇ ਉਨ੍ਹਾਂ ਦਾ ‘ਆਪ’ ਵਿਚ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਡਾ. ਸੁੱਖੀ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ। ਪ੍ਰੈਸ ਕਾਨਫਰੰਸ ਮੌਕੇ ਆਮ ਆਦਮੀ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਵਿਚ ਆਮ ਵਿਅਕਤੀ ਹਨ ਜਦਕਿ ਦੂਜੀਆਂ ਸਿਆਸੀ ਪਾਰਟੀਆਂ ’ਚ ਭਾਈ-ਭਤੀਜਾਵਾਦ ਭਾਰੂ ਹੈ। ਸੀਐਮ ਮਾਨ ਨੇ ਕਿਹਾ ਕਿ ਡਾ. ਸੁਖਵਿੰਦਰ ਸੁੱਖੀ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ। ਧਿਆਨ ਰਹੇ ਕਿ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਕੋਲ ਹੁਣ ਸਿਰਫ ਦੋ ਵਿਧਾਇਕ ਰਹਿ ਗਏ ਹਨ, ਜਿਨ੍ਹਾਂ ਵਿਚ ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਅਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਸ਼ਾਮਲ ਹਨ।