ਅਕਾਲੀ ਦਲ ਦੇ ਕਲੇਸ਼ ‘ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ‘ਤੇ ਬੋਲਿਆ ਵੱਡਾ ਹਮਲਾ

ਲੁਧਿਆਣਾ : ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਭੁੱਲਾਂ ਨਹੀਂ ਗੁਨਾਹ ਕੀਤੇ ਹਨ ਤੇ ਲੋਕ ਉਨ੍ਹਾਂ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਹੁੰਦੇ ਸਨ ਕਿ ਇਕ ਤਾਂ ਬਾਦਲ ਖ਼ਤਮ ਹੋ ਜਾਵੇਗਾ ਤੇ ਦੂਜਾ ਅਕਾਲੀ ਦਲ ਬਾਦਲ ਖ਼ਤਮ ਹੋ ਜਾਵੇਗਾ ਤੇ ਨਵਾਂ ਅਕਾਲੀ ਦਲ ਬਣੇਗਾ। ਹੁਣ ਉਸੇ ਤਰ੍ਹਾਂ ਦਾ ਕੰਮ ਚੱਲ ਪਿਆ ਹੈ। ਸੁਖਬੀਰ ਬਾਦਲ ਨੇ ਆਪਣੀ ਕੁਰਸੀ ਦੇ ਮੋਹ ਪਿੱਛੇ ਆਪ ਹੀ ਸਾਰਾ ਅਕਾਲੀ ਦਲ ਖੇਰੂੰ-ਖੇਰੂੰ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦੀ ਬੜੀ ਵੱਡੀ ਵਿਰਾਸਤ ਸੀ, ਅਕਾਲੀ ਦਲ ਦਾ ਮਤਬਲ ਸਿਰਫ਼ ਬਾਦਲ ਨਹੀਂ ਹੈ। ਸੁਖਬੀਰ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਗ ਕੈਰੋਂ ਨੂੰ ਹੀ ਪਾਰਟੀ ਵਿਚੋਂ ਕੱਢ ਦਿੱਤਾ। ਢੀਂਡਸਾ ਸਾਹਿਬ ਨੂੰ ਇੰਨੀਆਂ ਮਿੰਨਤਾਂ ਕਰ ਕੇ, ਸਹੁੰਆਂ ਖਾ ਕੇ, ਮੁਆਫੀਆਂ ਮੰਗ ਕੇ ਵਾਪਸ ਲਿਆਂਦਾ ਤੇ ਹੁਣ ਦੁਬਾਰਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਚੰਦੂਮਾਜਰਾ, ਮਲੂਕਾ ਰੱਖੜਾ ਜਿਹੇ ਆਗੂਆਂ ਨੂੰ ਵੀ ਫਾਰਗ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਮਰਜ਼ੀ ਨਾਲ ਕੁਰਸੀ ‘ਤੇ ਬੈਠੇ ਹੋਏ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਾਰਾ ਅਕਾਲੀ ਦਲ ਰਲ਼ ਕੇ 13 ਸੀਟਾਂ ਵਿਚੋਂ ਸਿਰਫ਼ ਘਰ ਦੀ ਸੀਟ ਹੀ ਬਚਾ ਸੱਕਿਆ। ਲੋਕ ਸੁਖਬੀਰ ਬਾਦਲ ਦੀਆਂ ਭੁੱਲਾਂ ਮੁਆਫ਼ ਕਰਨ ਲਈ ਤਿਆਰ ਨਹੀਂ, ਕਿਉਂਕਿ ਇਹ ਭੁੱਲਾਂ ਨਹੀਂ ਗੁਨਾਹ ਸਨ।