ਬੌਲੀਵੁਡ ਅਦਾਕਾਰ ਅਕਸ਼ੇ ਕੁਮਾਰ ਬੈਕ ਟੂ ਬੈਕ ਫ਼ਿਲਮਾਂ ਕਰਦਾ ਹੈ, ਅਤੇ ਇਸ ਕਾਰਨ ਉਹ ਸਾਲ ‘ਚ ਦੋ ਤੋਂ ਤਿੰਨ ਫ਼ਿਲਮਾਂ ਰਿਲੀਜ਼ ਕਰਦੈ। ਕੋਰੋਨਾ ਦੌਰਾਨ ਜਦੋਂ ਉਸ ਦੀਆਂ ਫ਼ਿਲਮਾਂ ਫ਼ਲੌਪ ਹੋਣ ਲੱਗੀਆਂ ਤਾਂ ਉਸ ਨੇ ਆਪਣੀਆਂ ਫ਼ਿਲਮਾਂ ਰੀਲੀਜ਼ ਕਰਨ ‘ਚ ਥੋੜ੍ਹਾ ਬਦਲਾਅ ਕੀਤਾ ਅਤੇ ਹੁਣ ਉਹ ਸਾਲ ‘ਚ ਸਿਰਫ਼ ਇੱਕ-ਦੋ ਫ਼ਿਲਮਾਂ ਹੀ ਕਰ ਰਿਹਾ ਹੈ। ਉਸ ਦੀ ਪਹਿਲੀ ਫ਼ਿਲਮ Sarfira ਇਸ ਸਾਲ ਰਿਲੀਜ਼ ਹੋਵੇਗੀ ਜਿਸ ਬਾਰੇ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ।
ਫ਼ਿਲਮ Sarfira ਦੀ ਝਲਕ ਦਿਖਾਉਂਦੇ ਹੋਏ ਅਕਸ਼ੇ ਨੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਦੱਸਿਆ। ਫ਼ਿਲਮ ਦੇ ਮੇਕਰਜ਼ ਨਾਲ ਅਕਸ਼ੇ ਪਹਿਲਾਂ ਵੀ ਕਈ ਸ਼ਾਨਦਾਰ ਸੁਪਰਹਿਟ ਫ਼ਿਲਮਾਂ ਦੇ ਚੁੱਕਾ ਹੈ। ਅਕਸ਼ੇ ਕੁਮਾਰ ਬੌਲੀਵੁਡ ‘ਚ ਖਿਲਾੜੀ ਦੇ ਨਾਂ ਨਾਲ ਮਸ਼ਹੂਰ ਹੈ। ਉਸ ਨੇ ਇੰਡਸਟਰੀ ਨੂੰ ਕਈ ਫ਼ਿਲਮਾਂ ਦਿੱਤੀਆਂ ਹਨ ਅਤੇ 2024 ‘ਚ ਅਕਸ਼ੇ ਕਈ ਫ਼ਿਲਮਾਂ ਨਾਲ ਵਾਪਸੀ ਕਰੇਗਾ ਜਿਨ੍ਹਾਂ ‘ਚੋਂ ਇੱਕ ਫ਼ਿਲਮ ਸਰਫ਼ੀਰਾ ਹੈ। ਅਕਸ਼ੇ ਨੇ ਇਸ ਫ਼ਿਲਮ ਦੀ ਇੱਕ ਝਲਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਫ਼ਿਲਮ ਦੀ ਝਲਕ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ”ਜੇ ਸੁਪਨੇ ਵੱਡੇ ਹੋਣ ਤਾਂ ਉਨ੍ਹਾਂ ਨੂੰ ਪਾਗਲਪਨ ਕਿਹਾ ਜਾਂਦਾ ਹੈ। ਸਰਫ਼ੀਰਾ 12 ਜੁਲਾਈ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।”
ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਰਸ਼ਮਿਕਾ ਮੰਡਾਨਾ ਨਜ਼ਰ ਆਵੇਗੀ। ਫ਼ਿਲਮ ਸਰਫ਼ੀਰਾ ਨੂੰ ਅਰੁਣਾ ਭਾਟੀਆ, ਜੋਤਿਕਾ, ਸੂਰਿਆ ਅਤੇ ਵਿਕਰਮ ਮਲਹੋਤਰਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਸਰਫ਼ੀਰਾ ਸੂਰਰਾਏ ਪੋਟਾਰੂ ਦਾ ਹਿੰਦੀ ਰੀਮੇਕ ਹੈ। ਸੂਰਿਆ ਉਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸੀ ਅਤੇ ਹੁਣ ਉਹ ਉਸ ਦਾ ਇੱਕ ਹਿੰਦੀ ਰੀਮੇਕ ਬਣਾ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ ਸੁਧਾ ਕਾਂਗਾਰਾ ਕਰ ਰਹੀ ਹੈ ਜੋ ਨੈਸ਼ਨਲ ਐਵਾਰਡ ਜੇਤੂ ਹੈ। ਸੁਧਾ ਕਾਂਗਰਾ ਨੇ ਏਅਰਲਿਫ਼ਟ, ਬੇਬੀ, ਟੌਇਲਟ ਏਕ ਪ੍ਰੇਮ ਕਥਾ, ਜੈ ਭੀਮ ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਸਿਰਫ਼ ਅਕਸ਼ੇ ਕੁਮਾਰ ਹੀ ਨਜ਼ਰ ਆਇਆ ਸੀ ਜੋ ਸੁਪਰਹਿੱਟ ਰਹੀਆਂ। ਫ਼ਿਲਮ ਸਰਫ਼ੀਰਾ ‘ਚ ਅਕਸ਼ੇ ਕੁਮਾਰ ਅਤੇ ਰਸ਼ਮਿਕਾ ਮੰਡਾਨਾ ਦਾ ਰੋਮੈਂਸ ਦੇਖਣ ਨੂੰ ਮਿਲੇਗਾ।
ਜੇਕਰ ਅਕਸ਼ੇ ਕੁਮਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ 2021 ਤੋਂ 2023 ਤਕ ਅਕਸ਼ੇ ਦੀਆਂ ਕੁੱਝ ਹੀ ਫ਼ਿਲਮਾਂ ਸਫ਼ਲ ਰਹੀਆਂ ਅਤੇ ਜ਼ਿਆਦਾਤਰ ਫ਼ਲੌਪ ਸਨ। ਅਕਸ਼ੇ ਦੀ ਫ਼ਿਲਮ OMG 2 ਸਾਲ 2023 ‘ਚ ਰਿਲੀਜ਼ ਹੋਈ ਸੀ ਜੋ ਸਫ਼ਲ ਰਹੀ ਸੀ। ਹੁਣ ਇਸ ਸਾਲ ਅਕਸ਼ੇ ਦੀ ਫ਼ਿਲਮ 12 ਜੁਲਾਈ 2024 ਨੂੰ ਰਿਲੀਜ਼ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਕਸ਼ੇ ਦੀ ਫ਼ਿਲਮ ਬੜੇ ਮੀਆਂ, ਛੋਟੇ ਮੀਆਂ ਈਦ 2024 ਨੂੰ ਰਿਲੀਜ਼ ਹੋਵੇਗੀ।